81.63 F
New York, US
June 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਕਾਲੀ ਦਲ ਨਾਲ ਗੱਠਜੋੜ ਬਾਰੇ ਚਰਚਾ ਕੋਰੀ ਅਫ਼ਵਾਹ: ਕੇਵਲ ਢਿੱਲੋਂ

ਚੰਡੀਗੜ੍ਹ-  ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਦਰਕਿਨਾਰ ਕਰਦਿਆਂ ਸਪਸ਼ਟ ਕੀਤਾ ਕਿ ਪੰਜਾਬ ’ਚ ਗੱਠਜੋੜ ਬਾਰੇ ਕਿਸੇ ਪੱਧਰ ’ਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ ਹੈ ਅਤੇ ਸਿਵਾਏ ਅਫ਼ਵਾਹਾਂ ਤੋਂ ਇਸ ’ਚ ਰੱਤੀ ਭਰ ਸਚਾਈ ਨਹੀਂ।
ਉਨ੍ਹਾਂ ਕਿਹਾ ਕਿ ਭਾਜਪਾ ਇਕੱਲੇ ਤੌਰ ’ਤੇ ਸੂਬੇ ’ਚ 117 ਵਿਧਾਨ ਸਭਾ ਹਲਕਿਆਂ ’ਚ ਚੋਣਾਂ ਲੜੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੱਠਜੋੜ ਬਾਬਤ ਹਾਲੇ ਤੱਕ ਭਾਜਪਾ ਹਾਈਕਮਾਨ ਵੱਲੋਂ ਵੀ ਸੂਬਾਈ ਲੀਡਰਸ਼ਿਪ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ ਹੈ। ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ ਅਤੇ ਚੋਣ ਜ਼ਾਬਤੇ ਦੇ ਅਮਲ ’ਚ ਆਉਣ ਨਾਲ ਪੰਜਾਬ ਦੀ ਸਿਆਸੀ ਤਸਵੀਰ ਇਕਦਮ ਮੋੜਾ ਲਏਗੀ। ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਆਪਣੇ ਬਲਬੂਤੇ ਸਰਕਾਰ ਬਣਾਏਗੀ। ਦੱਸਣਯੋਗ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ’ਤੇ ਕਾਫ਼ੀ ਸਖ਼ਤ ਟਿੱਪਣੀਆਂ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਸੱਤਾ ਵਾਪਸੀ ਲਈ ਦੋਵੇਂ ਧਿਰਾਂ ਦੀ ਇਹ ਨਿਰਾਸ਼ਾ ਭਰੀ ਕੋਸ਼ਿਸ਼ ਹੈ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਹਨ ਕਿ ਭਾਜਪਾ ਇਕੱਲੇ ਤੌਰ ’ਤੇ ਪੰਜਾਬ ’ਚ ਸਰਕਾਰ ਨਹੀਂ ਬਣਾ ਸਕੇਗੀ। ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਬੌਖਲਾਹਟ ’ਚ ਤੱਥਾਂ ਤੋਂ ਕੋਰੇ ਬਿਆਨ ਦਾਗ਼ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਸੱਤਾ ’ਤੇ ਬਣੇ ਰਹਿਣ ਲਈ ਪੰਜਾਬ ’ਚ ਧਰਮ ਦਾ ਪੱਤਾ ਖੇਡ ਰਹੇ ਹਨ ਪ੍ਰੰਤੂ ਪੰਜਾਬ ’ਚ ਹਿੰਦੂ ਸਿੱਖ ਭਾਈਚਾਰੇ ਦੇ ਸਬੰਧਾਂ ’ਚ ਤਾਂ ਮਾੜੇ  ਵਕਤਾਂ ’ਚ ਵੀ ਕੋਈ ਆਂਚ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੰਡ ਪਾਊ ਸਿਆਸਤ  ਨਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜੋ ਵੀ ਗ਼ਲਤ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ, ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ। ਕਿਸੇ ਨਿਰਦੋਸ਼ ਨੂੰ ਤੰਗ ਨਹੀਂ ਕੀਤਾ  ਜਾਵੇਗਾ। ਢਿੱਲੋਂ ਨੇ ਕਿਹਾ ਕਿ ਈ ਡੀ ਦੀ ਛਾਪੇਮਾਰੀ ਨੂੰ ਲੈ ਕੇ ਕੇਜਰੀਵਾਲ ਨੇ ਮਾਹੌਲ ਨੂੰ ਗ਼ਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਪਰ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਅਸਲੀ ਚਿਹਰਾ ਪਛਾਣ ਚੁੱਕੇ ਹਨ। ਢਿੱਲੋਂ ਨੇ ਦੱਸਿਆ ਕਿ ਪਾਰਟੀ ਜਲਦ ਹੀ ਰਸਮੀ ਤੌਰ ’ਤੇ ਚੋਣ ਪ੍ਰਚਾਰ ਸ਼ੁਰੂ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ 20 ਤੋਂ 22 ਜੂਨ ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਇਸ ਤਰ੍ਹਾਂ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋ ਰਹੇ ਹਨ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਿਛਲੇ ਦਿਨੀਂ ਮਿਲਣੀ ਕੀਤੀ ਸੀ ਜਿਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਅਤੇ ਨਸ਼ਿਆਂ ਦੇ ਮਸਲੇ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਬਦਲੇਗਾ।

Related posts

ਅਮਰੀਕਾ ‘ਚ ਵਿਦਿਆਰਥੀਆਂ ਦੀ ਨਵੀਂ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ ‘ਚ ਮੁਕੱਦਮਾ

On Punjab

ਹਾਈ ਕੋਰਟ ਨੇ ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ’ਤੇ ਲੱਗੀ ਰੋਕ ਵਧਾਈ, ਭਵਿੱਖ ’ਚ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ

On Punjab

ਗਾਇਬ ਸੀ ਫਿਸ਼ਪਲੇਟ, ਰੇਲਵੇ ਟੁੱਟੇ ਹੋਏ ਸੀ ਟਰੈਕ; ਪਾਕਿਸਤਾਨ ਰੇਲ ਹਾਦਸੇ ‘ਚ 31 ਲੋਕਾਂ ਦੀ ਮੌਤ ਦਾ ਕਾਰਨ ਆਇਆ ਸਾਹਮਣੇ

On Punjab