ਚੰਗਿਆਈ ਜਾਂ ਬੁਰਾਈ ਦਾ ਬੀਜ ਕਦੇ ਨਾਸ਼ ਨਹੀਂ ਹੁੰਦਾ, ਇਹ ਤੁਹਾਡੀ ਸੋਚ ਅਤੇ ਨਜ਼ਰੀਏ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਜਗਤ ਵਿਚ ਕਿਵੇਂ ਵਿਚਰਦੇ ਹੋ। ਚੰਗੇ ਇਨਸਾਨਾਂ ਨਾਲ ਮਿਲੋਗੇ ਤਾਂ ਹਰ ਥਾਂ ਚੰਗਿਆਈ ਨਜ਼ਰ ਆਵੇਗੀ ਪਰ ਇਸ ਦੇ ਉਲਟ ਬੁਰੇ ਵਿਅਕਤੀ ਦੇ ਸੰਗ ਨਾਲ ਹਰ ਜਗ੍ਹਾ ਬੁਰਾਈ ਦਾ ਹੀ ਬੋਲਬਾਲਾ ਪ੍ਰਤੀਤ ਹੋਵੇਗਾ। ਜੀਵਨ ਵਿਚ ਕਿਸੇ ਇਕ ਕੌੜੇ ਤਜਰਬੇ ਨਾਲ ਸਾਰੀ ਦੁਨੀਆ ਤੋਂ ਕਿਨਾਰਾ ਕਰ ਲੈਣਾ ਹਰਗਿਜ਼ ਹੀ ਉਚਿੱਤ ਨਹੀਂ ਕਿਹਾ ਜਾ ਸਕਦਾ। ਅੱਜ ਦੇ ਮਨੁੱਖ ਨੇ ਆਪਣੀ ਸੋਚ ਦਾ ਦਾਇਰਾ ਸੀਮਤ ਕਰ ਰੱਖਿਆ ਹੈ, ਉਹ ਕਿਸੇ ਇਕ ਵਿਅਕਤੀ ਵੱਲੋਂ ਉਸ ਨਾਲ ਕੀਤੀ ਵਧੀਕੀ, ਚਲਾਕੀ, ਧੋਖੇ ਕਾਰਨ, ਕਾਦਰ ਦੀ ਬਣਾਈ ਇਸ ਪੂਰੀ ਖ਼ਲਕਤ ਨਾਲ ਨਫ਼ਰਤ ਕਰਨ ਲੱਗ ਪੈਂਦਾ ਹੈ।
ਚੰਗੇ-ਮਾੜੇ ਇਨਸਾਨ ਹਰ ਦੇਸ਼, ਕੌਮ, ਮਜ਼੍ਹਬ, ਜਾਤ, ਨਸਲ ਵਿਚ ਹੁੰਦੇ ਹਨ। ਕਿਸੇ ਇਕ ਦੀ ਗ਼ਲਤੀ ਕਾਰਨ ਪੂਰੀ ਕੌਮ ਨੂੰ ਭੰਡਿਆ ਨਹੀਂ ਜਾਣਾ ਚਾਹੀਦਾ। ਇਸ ਨਾਲ ਸਮਾਜ ਵਿਚ ਆਪਸੀ ਸਦਭਾਵਨਾ ਨੂੰ ਵੀ ਖ਼ਤਰਾ ਬਣ ਜਾਂਦਾ ਹੈ। ਕਿਸੇ ਵੀ ਇਨਸਾਨ ਦਾ ਜਾਤੀ ਤਜਰਬਾ ਦੂਜੇ ਇਨਸਾਨ ਨਾਲੋਂ ਭਿੰਨ ਹੋ ਸਕਦਾ ਹੈ। ਇਸ ਲਈ ਹਮੇਸ਼ਾ ਸਕਾਰਾਤਮਕ ਸੋਚ ਅਪਣਾਓ, ਖ਼ੁਸ਼ੀਆਂ, ਖੇੜੇ, ਨੇਕੀਆਂ, ਚੰਗਿਆਈਆਂ ਲੱਭੋਗੇ ਤਾਂ ਇਹ ਸਭ ਹਰ ਕੁਦਰਤ ਦੀ ਸ਼ਹਿ ਵਿੱਚੋਂ ਤੁਹਾਡਾ ਹੱਥ ਅੱਡੀ ਸਵਾਗਤ ਕਰਨਗੀਆਂ।
ਨਫ਼ਰਤ, ਸਾੜਾ, ਵੈਰ, ਵਿਰੋਧ, ਕ੍ਰੋਧ, ਹੰਕਾਰ, ਲਾਲਚ ਵਰਗੇ ਵਿਕਾਰਾਂ ਤੋਂ ਆਪਣੇ-ਆਪ ਨੂੰ ਬਚਾ ਕੇ ਆਸ਼ਾਵਾਦੀ, ਆਦਰਸ਼ ਜੀਵਨ ਜਾਚ ਸਿੱਖੀ ਜਾ ਸਕਦੀ ਹੈ। ਸਮਾਜ ਵਿਚ ਕਿੰਨੇ ਹੀ ਅਜਿਹੇ ਇਨਸਾਨ ਅਤੇ ਸਮਾਜਿਕ ਜਥੇਬੰਦੀਆਂ ਹਨ ਜੋ ਆਪਣੇ ਨੇਕ ਕਾਰਜਾਂ ਦੁਆਰਾ ਪੂਰੀ ਖ਼ਲਕਤ ਨੂੰ ਪ੍ਰੇਮ-ਪਿਆਰ ਵੰਡ ਰਹੇ ਹਨ। ਹੋ ਸਕੇ ਤਾਂ ਅਜਿਹੇ ਇਨਸਾਨਾਂ ਦੇ ਨਾਲ ਸਹਿਯੋਗ ਕਰੋ।
ਕਿਸੇ ਲੋੜਵੰਦ ਦੇ ਔਖੇ ਸਮੇਂ ਕੰਮ ਆਉਣਾ ਨੇਕ ਇਖਲਾਕੀ ਗੁਣਾਂ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ। ਦੂਜੇ ਦੇ ਔਗੁਣ ਵੇਖ ਕੇ ਵੀ ਅਣਡਿੱਠ ਕਰ ਦੇਣੇ ਤੁਹਾਡੇ ਵਡੱਪਨ ਦੀ ਨਿਸ਼ਾਨੀ ਹੁੰਦੇ ਹਨ। ਅੱਜ-ਕੱਲ੍ਹ ਤਕਰੀਬਨ ਹਰ ਇਨਸਾਨ ਦੂਜੇ ਦੇ ਔਗੁਣਾਂ ਨੂੰ ਚਿਤਾਰ ਕੇ ਆਪਣੇ ਆਪ ਨੂੰ ਵੱਡਾ ਅਤੇ ਉੱਚਾ-ਸੁੱਚਾ ਪੇਸ਼ ਕਰਨਾ ਚਾਹੁੰਦਾ ਹੈ। ਪ੍ਰੰਤੂ ਉਹ ਆਪਣੇ ਅੰਦਰ ਘਰ ਕਰੀ ਬੈਠੇ ਵਿਕਾਰਾਂ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦਾ।
ਅੱਜ ਸਾਡੇ ਸਮਾਜ ਅੰਦਰ ਸੰਵਾਦ ਦੀ ਬਹੁਤ ਵੱਡੀ ਘਾਟ ਰੜਕਦੀ ਹੈ। ਦੂਜੇ ਦੀਆਂ ਕਮੀਆਂ, ਗ਼ਲਤੀਆਂ ਨੂੰ ਲੋਕਾਂ ਵਿਚ ਭੰਡਣ ਦੀ ਬਜਾਏ ਉਸ ਦੇ ਨਾਲ ਮਿਲ-ਬੈਠ ਕੇ ਇਕ ਸਦਭਾਵਨਾ ਭਰੇ ਮਾਹੌਲ ਵਿਚ ਚਰਚਾ ਕਰਨ ਨਾਲ ਸੁਧਾਰ ਦੀ ਆਸ ਕੀਤੀ ਜਾ ਸਕਦੀ ਹੈ। ਮੌਜੂਦਾ ਸਮੇਂ ਅਸੀਂ ਸਾਰੇ ਆਪਣੀ ਸੁਣਾਉਣ ਵਿਚ ਹੀ ਯਕੀਨ ਰੱਖ ਰਹੇ ਹਾਂ, ਸੁਣਨ ਨੂੰ ਕੋਈ ਤਿਆਰ ਹੀ ਨਹੀਂ। ਅਟੱਲ ਸਚਾਈ ਹੈ ਕਿ ਜਦੋਂ ਅਸੀਂ ਬੋਲਦੇ ਹਾਂ ਤਾਂ ਉਹੀ ਬੋਲਦੇ ਹਾਂ ਜਿਸ ਦਾ ਸਾਨੂੰ ਇਲਮ ਹੁੰਦਾ ਹੈ, ਪਰ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਗਿਆਨ ਅਤੇ ਸਮਝਦਾਰੀ ਦੇ ਨਵੇਂ-ਨਵੇਂ ਪਾਠ ਗ੍ਰਹਿਣ ਕਰਨ ਨੂੰ ਮਿਲਦੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਅੰਦਰ ਇਕ ਚੰਗੇ ਸਰੋਤੇ ਦੀ ਤਾਂਘ ਵੀ ਪਣਪਣੀ ਚਾਹੀਦੀ ਹੈ।
ਸੋ ਆਓ, ਇਸ ਜਗਤ ਵਿਚ ਵਿਚਰਦੇ ਹੋਏ ਕੁਝ ਅਜਿਹਾ ਕਰ ਜਾਈਏ ਕਿ ਜੋ ਹੋਰਨਾਂ ਦੇ ਨਜ਼ਰੀਏ ਵਿਚ ਸਕਾਰਾਤਮਕ ਸੋਚ ਲਿਆਉਣ ਵਿਚ ਸਾਰਥਿਕ ਹੋ ਸਕੇ। ਜੇ ਸਾਡੇ ਕਿਸੇ ਕਾਰਜ ਜਾਂ ਅਹਿਦ ਨਾਲ ਕੋਈ ਇਕ ਵਿਅਕਤੀ ਵੀ ਆਪਣੀ ਜ਼ਿੰਦਗੀ ਦੀ ਭਟਕਣਾ ਵਿੱਚੋਂ ਨਿਕਲ ਕੇ ਆਪਣੇ ਜੀਵਨ ਦੀਆਂ ਮੰਜ਼ਿਲਾਂ ਦੀ ਪ੍ਰਾਪਤੀ ਲਈ ਸਰਗਰਮ ਹੋ ਜਾਏ ਤਾਂ ਸਮਝੋ ਕਿ ਅਸੀਂ ਜ਼ਿੰਦਗੀ ਜਿਊਣ ਦਾ ਸਹੀ ਸਲੀਕਾ ਸਿੱਖ ਲਿਆ ਹੈ।