76.44 F
New York, US
June 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਝੁੱਗੀਆਂ ’ਚ ਭਿਆਨਕ ਅੱਗ ਕਾਰਨ ਦੋ ਮਾਸੂਮਾਂ ਦੀ ਮੌਤ

ਲਖਨਊ- ਇੱਥੋਂ ਦੇ ਵਿਕਾਸ ਨਗਰ ਇਲਾਕੇ ਵਿੱਚ ਸਥਿਤ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਬਚਾਅ ਟੀਮਾਂ ਅਤੇ ਸਥਾਨਕ ਨਿਵਾਸੀ ਬੁੱਧਵਾਰ ਸ਼ਾਮ ਨੂੰ ਲੱਗੀ ਇਸ ਅੱਗ ਤੋਂ ਬਾਅਦ ਰਾਖ ਦੇ ਢੇਰ ਵਿੱਚ ਤਬਦੀਲ ਹੋਈ ਜਗ੍ਹਾ ‘ਤੇ ਤਲਾਸ਼ੀ ਲੈ ਰਹੇ ਹਨ। ਡਿਪਟੀ ਕਮਿਸ਼ਨਰ ਆਫ ਪੁਲੀਸ (ਈਸਟ) ਦੀਕਸ਼ਾ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦੀ ਇਸ ਦਰਦਨਾਕ ਘਟਨਾ ਤੋਂ ਕਈ ਘੰਟਿਆਂ ਬਾਅਦ ਬੁੱਧਵਾਰ ਦੇਰ ਰਾਤ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਉਮਰ ਲਗਪਗ ਦੋ ਸਾਲ ਦੇ ਕਰੀਬ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, “ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸ਼ਨਾਖਤ ਦੀ ਪ੍ਰਕਿਰਿਆ ਜਾਰੀ ਹੈ।”

ਵਿਕਾਸ ਨਗਰ ਵਿੱਚ ਰਿੰਗ ਰੋਡ ਨੇੜੇ ਝੁੱਗੀਆਂ ਵਿੱਚ ਬੁੱਧਵਾਰ ਸ਼ਾਮ ਨੂੰ ਲੱਗੀ ਅੱਗ ਨੇ ਤੇਜ਼ੀ ਨਾਲ ਲਗਪਗ 200 ਝੌਂਪੜੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਲੋਕਾਂ ਦਾ ਸਾਰਾ ਸਾਮਾਨ ਸੜ ਕੇ ਰਾਖ ਹੋ ਗਿਆ। ਇਸ ਕਾਰਨ ਸੈਂਕੜੇ ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਘਰੇਲੂ ਕਾਮੇ ਅਤੇ ਦਿਹਾੜੀਦਾਰ ਮਜ਼ਦੂਰ ਸਨ, ਬੇਘਰ ਹੋ ਗਏ। ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ ਅਤੇ ਬਿਨਾਂ ਕਿਸੇ ਦੇਰੀ ਦੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਪੁਲੀਸ, ਫਾਇਰ ਬ੍ਰਿਗੇਡ, ਐੱਸਡੀਆਰਐੱਫ (SDRF) ਅਤੇ ਐੱਨਡੀਆਰਐੱਫ (NDRF) ਦੀਆਂ ਟੀਮਾਂ ਬੁੱਧਵਾਰ ਸ਼ਾਮ ਤੋਂ ਹੀ ਮੌਕੇ ‘ਤੇ ਤਾਇਨਾਤ ਹਨ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਲਗਪਗ 200 ਝੁੱਗੀਆਂ ਸੜ ਜਾਣ ਕਾਰਨ ਸੈਂਕੜੇ ਨਿਵਾਸੀ ਬੇਘਰ ਹੋ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਤੁਰੰਤ ਰਾਹਤ ਦੇਣ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਅਨੁਸਾਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Related posts

ਵੱਡੀ ਖ਼ਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੁੜ ਜੇਲ੍ਹ ਤੋਂ ਭੇਜੀ ਚਿੱਠੀ, ਜਾਣੋ ਪੈਰੋਕਾਰਾਂ ਦੇ ਨਾਂ ਕੀ ਸੰਦੇਸ਼ ਭੇਜਿਆ…

On Punjab

ਬੀਬੀਐੱਮਬੀ ਦੇ ਚੇਅਰਮੈਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਘੇਰਿਆ

On Punjab

ਡਾਕ ਮਹਿਕਮੇ ‘ਚ ਬੰਪਰ ਭਰਤੀ, 10ਵੀਂ ਪਾਸ ਵੀ ਕਰ ਸਕਦੇ ਅਪਲਾਈ

On Punjab