ਖੰਨਾ- ਅੱਜ ਖੰਨਾ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੋਂ ਦੇ ਇੱਕ ਹੋਟਲ ‘ਗਰੀਨ ਲੈਂਡ’ ਦੇ ਕਮਰਾ ਨੰਬਰ 104 ਵਿੱਚੋਂ ਸ਼ਾਮ ਦੇ ਸਮੇਂ ਇੱਕ ਲੜਕੇ ਅਤੇ ਲੜਕੀ ਦੀਆਂ ਗੋਲੀਆਂ ਨਾਲ ਵਿੰਨ੍ਹਿਆਂ ਲਾਸ਼ਾਂ ਬਰਾਮਦ ਹੋਈਆਂ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਲੜਕੇ ਅਤੇ ਲੜਕੀ ਨੇ ਉਪਰੋਕਤ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਅੱਜ ਸ਼ਾਮ 5 ਵਜੇ ਤੱਕ ਜਦੋਂ ਉਹ ਹੋਟਲ ਦੇ ਕਮਰੇ ਵਿੱਚੋਂ ਬਾਹਰ ਨਹੀਂ ਆਏ, ਤਾਂ ਹੋਟਲ ਦੇ ਮੈਨੇਜਰ ਨੇ ਇਸ ਦੀ ਪੜਤਾਲ ਕੀਤੀ। ਉਨ੍ਹਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲ੍ਹਣ ‘ਤੇ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਆ ਕੇ, ਦਰਵਾਜ਼ਾ ਨਾ ਖੁੱਲ੍ਹਣ ਉਪਰੰਤ ਹੋਟਲ ਦੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਅੰਦਰ ਦੋਵਾਂ ਦੀਆਂ ਗੋਲੀਆਂ ਨਾਲ ਵਿੰਨ੍ਹਿਆਂ ਲਾਸ਼ਾਂ ਪਈਆਂ ਸਨ ਅਤੇ ਇੱਕ 9 ਐੱਮ ਐੱਮ ਰਿਵਾਲਵਰ ਵੀ ਪਿਆ ਸੀ।
ਲੜਕੇ-ਲੜਕੀ ਦੀ ਤਲਾਸ਼ੀ ਉਪਰੰਤ ਪਤਾ ਲੱਗਾ ਕਿ ਲੜਕੀ ਹਰਪ੍ਰੀਤ ਕੌਰ ਤਰਨ ਤਾਰਨ ਦੀ ਰਹਿਣ ਵਾਲੀ ਹੈ ਅਤੇ ਲੜਕਾ ਮਨਜੀਤ ਸਿੰਘ ਮੱਖੂ (ਜ਼ਿਲ੍ਹਾ ਫ਼ਿਰੋਜ਼ਪੁਰ) ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਵਿਆਹੇ ਹੋਏ ਸਨ। ਮ੍ਰਿਤਕ ਔਰਤ ਦਾ 8 ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ, ਜਿਸ ਦੇ ਦੋ ਬੱਚੇ ਹਨ। ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਵੀ ਵਿਆਹਿਆ ਹੋਇਆ ਸੀ ਅਤੇ ਉਸ ਦਾ ਵੀ ਇੱਕ 8 ਸਾਲ ਦਾ ਬੱਚਾ ਹੈ। ਇਹ ਦੋਵੇਂ ਆਪਸੀ ਪ੍ਰੇਮ-ਸੰਬੰਧਾਂ ਵਿੱਚ ਸਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਟਲ ਪ੍ਰਬੰਧਕਾਂ ਵੱਲੋਂ ਦੋਵਾਂ ਦਾ ਨਾਮ ਕਥਿਤ ਤੌਰ ਉੱਤੇ ਰਜਿਸਟਰ ਵਿੱਚ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਪਹਿਚਾਣ ਪੱਤਰ ਲਿਆ ਗਿਆ ਸੀ। ਪੁਲੀਸ ਹੋਟਲ ਵੱਲੋਂ ਕੀਤੀ ਗਈ ਇਸ ਲਾਪਰਵਾਹੀ ਦੀ ਜਾਂਚ ਵੀ ਕਰ ਰਹੀ ਹੈ। ਡੀ ਐੱਸ ਪੀ (DSP) ਵਿਨੋਦ ਕੁਮਾਰ ਨੇ ਦੱਸਿਆ ਕਿ ਦੋਵਾਂ ਦੀ ਉਮਰ ਕਰੀਬ 25 ਤੋਂ 30 ਸਾਲ ਦੇ ਵਿਚਕਾਰ ਹੈ। ਪੁਲੀਸ ਨੇ ਦੋਵਾਂ ਦੇ ਪਤੇ ਮਿਲਣ ‘ਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਖੰਨਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਕੁਝ ਸਾਲ ਪਹਿਲਾਂ ਖੰਨਾ ਜੀ.ਟੀ. ਰੋਡ ‘ਤੇ ਲਿਬੜਾ ਵਿਖੇ ਇੱਕ ਢਾਬਾ ਵੀ ਚਲਾਉਂਦਾ ਸੀ।

