70.23 F
New York, US
May 21, 2024
PreetNama
ਸਿਹਤ/Health

Balanced diet : ਸੰਤੁਲਿਤ ਖ਼ੁਰਾਕ ਨੂੰ ਬਣਾਓ ਆਪਣੀ ਜ਼ਿੰਦਗੀ ਦਾ ਹਿੱਸਾ

ਪੰਜਾਬੀ ਦੀ ਇਕ ਅਖੌਤ ਹੈ ‘ਖਾਈਏ ਮਨ ਭਾਉਂਦਾ ਤੇ ਪਾਈਏ ਜਗ ਭਾਉਂਦਾ’ ਪਰ ਅਸੀਂ ਇਸ ਨੂੰ ਆਪਣੇ ਮਨ ਮੁਤਾਬਿਕ ਹੀ ਅਪਣਾ ਲਿਆ ਹੈ। ਖ਼ੁਰਾਕ ਉਹ ਹੋਵੇ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖੇ, ਨਾ ਕਿ ਉਹ ਜੋ ਖਾਣ ਨੂੰ ਚੰਗੀ ਲੱਗੇ। ਸਾਡੀਆਂ ਇਨ੍ਹਾਂ ਆਦਤਾਂ ਕਰਕੇ ਹੀ ਪੌਸ਼ਟਿਕ ਖ਼ੁਰਾਕ ਦਾ ਮਹੱਤਵ ਬਹੁਤ ਵੱਧ ਗਿਆ ਹੈ। ਪੌਸ਼ਟਿਕ ਖ਼ੁਰਾਕ, ਜਿਸ ‘ਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ ਤੇ ਜੋ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਲੋੜੀਂਦੇ ਹਨ। ਸਾਡੇ ਰੋਜ਼ਾਨਾ ਭੋਜਨ ‘ਚ ਵੱਖ-ਵੱਖ ਕਿਸਮਾਂ ਦੇ ਤੱਤ ਹੋਣੇ ਬਹੁਤ ਜ਼ਰੂਰੀ ਹਨ। ਇਹ ਵਿਭਿੰਨਤਾ ਹੀ ਖ਼ੁਰਾਕ ਵਿਭਿੰਨਤਾ ਅਖਵਾਉਂਦੀ ਹੈ। ਸਿਰਫ਼ ਇਕ ਕਿਸਮ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਸਰੀਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੀਆਂ। ਖ਼ੁਰਾਕ ‘ਚ ਵਿਭਿੰਨਤਾ ਹਰ ਵਿਅਕਤੀ ਵਿਸ਼ੇਸ਼ ਤੌਰ ‘ਤੇ ਹਰ ਉਮਰ ਦੀਆਂ ਔਰਤਾਂ ਤੇ ਉਨ੍ਹਾਂ ਦੀ ਹਰ ਅਵਸਥਾ (ਗਰਭ ਅਵਸਥਾ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਆਦਿ) ‘ਚ ਜ਼ਰੂਰੀ ਹੈ।

ਲਾਭ
ਅਨਾਜ (ਕਣਕ, ਚੌਲ, ਮੱਕੀ, ਬਾਜਰਾ ਆਦਿ), ਚਰਬੀ (ਤੇਲ, ਘਿਓ) ਤੇ ਚੀਨੀ/ਗੁੜ ਦਾ ਸੇਵਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ।

– ਦਾਲ, ਦੁੱਧ ਤੇ ਦੁੱਧ ਦੇ ਉਤਪਾਦਾਂ (ਦਹੀਂ, ਪਨੀਰ, ਮੱਖਣ, ਲੱਸੀ) ਜਾਂ ਮੀਟ (ਮੀਟ, ਆਂਡੇ, ਮੱਛੀ) ਦਾ ਸੇਵਨ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਜੋ ਸਰੀਰ ਦੀ ਬਣਾਵਟ ਤੇ ਵਿਕਾਸ ‘ਚ ਸਹਾਇਤਾ ਕਰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ (ਪਾਲਕ, ਮੇਥੀ, ਸਰ੍ਹੋਂ, ਬਾਥੂ), ਮੌਸਮੀ ਸਬਜ਼ੀਆਂ (ਪਿਆਜ਼, ਆਲੂ, ਭਿੰਡੀ, ਟਮਾਟਰ, ਗੋਭੀ, ਪਹਾੜੀ ਮਿਰਚ) ਜਾਂ ਤਾਜ਼ੇ ਫਲ (ਕੇਲਾ, ਅਮਰੂਦ, ਸੇਬ, ਅੰਬ, ਪਪੀਤਾ) ਆਦਿ ਬਿਮਾਰੀਆਂ ਤੋਂ ਬਚਾਉਂਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ ‘ਚ ਮਦਦਗਾਰ ਹੁੰਦੇ ਹਨ।

– ਇਕ ਸੰਤੁਲਿਤ ਪੌਸ਼ਟਿਕ ਖ਼ੁਰਾਕ ਲਈ ਤੁਹਾਡੀ ਥਾਲੀ ਵਿਚ ਹਰ ਰੋਜ਼ ਇਕ ਤਿਹਾਈ ਹਿੱਸਾ ਅਨਾਜ, ਮੌਸਮੀ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਇਕ ਤਿਹਾਈ ਤੋਂ ਥੋੜ੍ਹਾ ਘੱਟ ਹਿੱਸਾ ਦਾਲ/ਮੀਟ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੂਰੇ ਦਿਨ ‘ਚ 4-5 ਚਮਚ ਤੇਲ ਤੇ ਚੀਨੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ।

– ਸਾਫ਼-ਸੁਥਰਾ ਬਣਾਇਆ ਭੋਜਨ ਕੀਟਾਣੂਆਂ ਨੂੰ ਦੂਰ ਰੱਖਦਾ ਹੈ ਤੇ ਨਾਲ ਹੀ ਭੋਜਨ ਦੀ ਲਾਗ ਨੂੰ ਘੱਟ ਕਰਦਾ ਹੈ। ਸਾਫ਼ ਭੋਜਨ ਖਾਣ ਨਾਲ ਰੋਗ ਲੱਗਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ।

ਖ਼ੁਰਾਕ ਦੀ ਗੁਣਵੱਤਾ ਵਧਾਉਣ ਦੇ ਤਰੀਕੇ

– ਕੱਟਣ ਤੋਂ ਪਹਿਲਾਂ ਹੀ ਫਲ ਤੇ ਸਬਜ਼ੀਆਂ ਨੂੰ ਧੋ ਲਵੋ, ਤਾਂ ਜੋ ਪਾਣੀ ‘ਚ ਘੁਲਣ ਵਾਲੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕੇ।

– ਕੂਕਰ ਜਾਂ ਬਰਤਨ ਨੂੰ ਢਕ ਕੇ ਭੋਜਨ ਬਣਾਓ, ਤਾਂ ਜੋ ਭੋਜਨ ਦੇ ਪੌਸ਼ਟਿਕ ਤੱਤ ਕਾਇਮ ਰਹਿਣ ਤੇ ਬਾਲਣ ਦੀ ਘੱਟ ਵਰਤੋਂ ਕੀਤੀ ਜਾਵੇ।

– ਅਨਾਜ ਤੇ ਦਾਲਾਂ ਨੂੰ ਕੁਝ ਸਮਾਂ ਭਿਉਂ ਕੇ ਰੱਖਣ ਨਾਲ ਪ੍ਰੋਟੀਨ ਦੀ ਗੁਣਵੱਤਾ ਵੱਧਦੀ ਹੈ।

– ਭੋਜਨ ਨੂੰ ਮੱਧਮ ਸੇਕ ‘ਤੇ ਹੀ ਪਕਾਉਣਾ ਚਾਹੀਦਾ ਹੈ।

– ਹਮੇਸ਼ਾ ਆਇਓਡੀਨ ਲੂਣ ਦੀ ਵਰਤੋਂ ਕਰੋ।

– ਭੋਜਨ ‘ਚ ਪੁੰਗਰਨ ਦੇ ਢੰਗ ਨੂੰ ਅਪਣਾ ਕੇ ਵਿਟਾਮਿਨ-ਸੀ ਦੀ ਮਾਤਰਾ ਵੱਧ ਜਾਂਦੀ ਹੈ।

ਆਮ ਜ਼ਿੰਦਗੀ ‘ਚ ਤਾਂ ਇਸ ਦੀ ਲੋੜ ਹੈ ਹੀ ਪਰ ਕੋਰੋਨਾ ਜਿਹੀ ਮਹਾਮਾਰੀ ਨੇ ਤਾਂ ਸੰਤੁਲਿਤ ਖ਼ੁਰਾਕ ਦੇ ਮਹੱਤਵ ਨੂੰ ਸਭ ਸਾਹਮਣੇ ਲਿਆ ਦਿੱਤਾ ਹੈ। ਜ਼ਰੂਰਤ ਹੈ ਇਸ ਨੂੰ ਸਮਝਣ ਤੇ ਅਪਨਾਉਣ ਦੀ, ਤਾਂ ਜੋ ਅਸੀਂ ਤੰਦਰੁਸਤ ਰਹਿ ਕੇ ਸੰਪੂਰਨ ਵਿਕਾਸ ਦੇ ਨਾਲ-ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧਾਈਏ।

ਭੋਜਨ ਨੂੰ ਸਾਫ਼-ਸੁਥਰਾ ਰੱਖਣ ਲਈ ਸਾਵਧਾਨੀਆਂ

– ਹਰੀਆਂ ਪੱਤੇਦਾਰ ਸਬਜ਼ੀਆਂ ਤੇ ਫਲਾਂ ਨੂੰ ਦੋ-ਤਿੰਨ ਵਾਰ ਨਮਕ ਤੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਵਰਤੋਂ।

– ਮਾਸਾਹਾਰੀ ਭੋਜਨ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ।

– ਦੁੱਧ ਨੂੰ ਪੂਰੀ ਤਰ੍ਹਾਂ ਉਬਾਲਣ ਤੋਂ ਬਾਅਦ ਹੀ ਪ੍ਰਯੋਗ ਕਰੋ।

– ਭੋਜਨ ਤੇ ਪਾਣੀ ਨੂੰ ਹਮੇਸ਼ਾ ਢਕ ਕੇ ਰੱਖੋ।

– ਭੋਜਨ ਬਣਾਉਣ ਵਾਲੀਆਂ ਥਾਵਾਂ ਨੂੰ ਸਾਫ਼-ਸੁਥਰਾ ਰੱਖੋ।

– ਕੱਚੇ ਤੇ ਪੱਕੇ ਭੋਜਨ ਨੂੰ ਵੱਖ-ਵੱਖ ਰੱਖੋ।

– ਭੋਜਨ ਬਣਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।

– ਪਾਣੀ ਉਬਾਲ ਕੇ ਪੀਓ।

Related posts

ਜੌਨਸਨ ਐਂਡ ਜੌਨਸਨ ਨੇ ਰੋਕਿਆ ਕੋਰੋਨਾ ਵੈਕਸੀਨ ਟ੍ਰਾਇਲ, ਪਰੀਖਣ ਦੌਰਾਨ ਇਕ ਵਾਲੰਟੀਅਰ ਬਿਮਾਰ

On Punjab

ਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰ

On Punjab

Research News : ਕਸਰਤ ਕਰਨ ਨਾਲ ਬਣਦਾ ਹੈ ਖੂਨ ਦਾ ਇਕ ਖ਼ਾਸ ਅਣੂ ਜੋ ਸਰੀਰ ਲਈ ਹੈ ਫਾਇਦੇਮੰਦ ; ਖੋਜ ਦਾ ਦਾਅਵਾ

On Punjab