ਨਵੀਂ ਦਿੱਲੀ- ਏਅਰ ਇੰਡੀਆ ਨੇ ਭਾਰਤ-ਆਸਟਰੇਲੀਆ ਰੂਟ ’ਤੇ ਵਧ ਰਹੀ ਯਾਤਰੀ ਮੰਗ ਨੂੰ ਦੇਖਦਿਆਂ ਦਿੱਲੀ-ਮੈਲਬੌਰਨ ਉਡਾਣ ਲਈ Boeing 787-8 ਦੀ ਥਾਂ Boeing 777-300ER ਜਹਾਜ਼ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਨਵੇਂ ਜਹਾਜ਼ ਵਿੱਚ 8 ਫ਼ਰਸਟ ਕਲਾਸ ਸੂਟ, 40 ਪੂਰੀ ਤਰ੍ਹਾਂ ਫਲੈਟ ਬਿਜ਼ਨਸ ਕਲਾਸ ਸੀਟਾਂ ਅਤੇ 280 ਇਕਾਨਮੀ ਸੀਟਾਂ ਹੋਣਗੀਆਂ। ਇਸ ਰੂਟ ’ਤੇ ਪਹਿਲੀ ਵਾਰ ਫ਼ਰਸਟ ਕਲਾਸ ਅਤੇ ਇਨ-ਫਲਾਈਟ ਵਾਈ-ਫਾਈ ਦੀ ਸਹੂਲਤ ਵੀ ਮਿਲੇਗੀ। ਇਸ ਤੋਂ ਇਲਾਵਾ, ਭੋਜਨ, ਮਨੋਰੰਜਨ ਅਤੇ ਆਨ-ਬੋਰਡ ਸੇਵਾਵਾਂ ਨੂੰ ਵੀ ਅੱਪਗ੍ਰੇਡ ਕੀਤਾ ਗਿਆ ਹੈ। ਏਅਰਲਾਈਨ ਅਧਿਕਾਰੀਆਂ ਮੁਤਾਬਕ ਦਿੱਲੀ-ਮੈਲਬੌਰਨ ਰੂਟ ’ਤੇ ਪਹਿਲੀ ਵਾਰ ਫ਼ਰਸਟ ਕਲਾਸ ਦੀ ਸਹੂਲਤ ਉਪਲੱਬਧ ਹੋਵੇਗੀ। ਇਸ ਵਿੱਚ ਨਿੱਜੀ ਸੂਟ, ਚਮੜੇ ਨਾਲ ਮੜ੍ਹੀਆਂ ਸੀਟਾਂ, ਜੋ ਪੂਰੀ ਤਰ੍ਹਾਂ ਫਲੈਟ ਬੈੱਡ ਵਿੱਚ ਬਦਲ ਜਾਂਦੀਆਂ ਹਨ, ਨਿੱਜੀ ਸੇਵਾ ਅਤੇ ਬਿਹਤਰ ਭੋਜਨ ਸਹੂਲਤਾਂ ਸ਼ਾਮਲ ਹੋਣਗੀਆਂ।
ਬਿਜ਼ਨਸ ਕਲਾਸ ਯਾਤਰੀਆਂ ਨੂੰ ਵੀ ਵਧੇਰੇ ਆਰਾਮ, ਨਿੱਜਤਾ ਅਤੇ ਖੁੱਲ੍ਹੀ ਜਗ੍ਹਾ ਵਾਲੀਆਂ ਪੂਰੀ ਤਰ੍ਹਾਂ ਫਲੈਟ ਬੈੱਡ ਸੀਟਾਂ ਦੇ ਨਾਲ ਬਿਹਤਰ ਆਨ-ਬੋਰਡ ਸੇਵਾਵਾਂ ਅਤੇ ਹੋਰ ਸੁਵਿਧਾਵਾਂ ਮਿਲਣਗੀਆਂ। ਇਸ ਰੂਟ ’ਤੇ ਪਹਿਲੀ ਵਾਰ ਯਾਤਰੀਆਂ ਨੂੰ ਉਡਾਣ ਦੌਰਾਨ ਵਾਈ-ਫਾਈ ਸੇਵਾ ਵੀ ਉਪਲੱਬਧ ਹੋਵੇਗੀ, ਜਿਸ ਨਾਲ ਉਹ ਸਫ਼ਰ ਦੌਰਾਨ ਲਗਾਤਾਰ ਇੰਟਰਨੈੱਟ ਨਾਲ ਜੁੜੇ ਰਹਿ ਸਕਣਗੇ। ਏਅਰ ਇੰਡੀਆ ਇਸ ਵੇਲੇ ਦਿੱਲੀ ਅਤੇ ਮੈਲਬੌਰਨ ਵਿਚਕਾਰ ਹਫ਼ਤੇ ਵਿੱਚ ਚਾਰ ਨਾਨ-ਸਟਾਪ ਉਡਾਣਾਂ ਚਲਾ ਰਹੀ ਹੈ, ਜਿਨ੍ਹਾਂ ਨੂੰ 1 ਸਤੰਬਰ ਤੋਂ ਰੋਜ਼ਾਨਾ ਕੀਤਾ ਜਾਵੇਗਾ। ਇਹ ਕਦਮ ਏਅਰ ਇੰਡੀਆ ਦੇ ਬੇੜਾ ਆਧੁਨਿਕੀਕਰਨ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਇਸ ਨਾਲ ਭਾਰਤ-ਆਸਟਰੇਲੀਆ ਰੂਟ ’ਤੇ ਏਅਰਲਾਈਨ ਦੀ ਮੌਜੂਦਗੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

