89.29 F
New York, US
July 1, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੀਪਕੇ ਵੱਲੋਂ ਪੁਲੀਸ ’ਤੇ ਸਮਰਥਕਾਂ ਨੂੰ ਰੋਕਣ ਦੇ ਦੋਸ਼; ਸੋਨਮ ਵਾਂਗਚੁਕ ਦੀ ਸਿਹਤ ਵਿਗੜਣ ਲੱਗੀ

ਨਵੀਂ ਦਿੱਲੀ-  ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਜੰਤਰ-ਮੰਤਰ ਵਿਖੇ ਦਿੱਤਾ ਜਾ ਰਿਹਾ ਧਰਨਾ ਮੰਗਲਵਾਰ ਨੂੰ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਭਾਰੀ ਤਾਇਨਾਤੀ ਕਰਕੇ ਸਮਰਥਕਾਂ ਨੂੰ ਧਰਨਾ ਸਥਾਨ ’ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਇਸੇ ਦੌਰਾਨ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਸਿਹਤ ਵਿੱਚ ਗਿਰਾਵਟ ਦਰਜ ਕੀਤੀ ਗਈ। ਭੁੱਖ ਹੜਤਾਲ ਦੇ ਤੀਜੇ ਦਿਨ ਉਨ੍ਹਾਂ ਦਾ ਖੂਨ ਵਿੱਚ ਸ਼ੂਗਰ ਪੱਧਰ ਘਟ ਕੇ 66 ਤੱਕ ਪਹੁੰਚ ਗਿਆ। ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕੀਤੀ ਪੋਸਟ ਵਿੱਚ ਦੋਸ਼ ਲਾਇਆ ਕਿ ਪੁਲੀਸ ਲੋਕਾਂ ਨੂੰ ਧਰਨਾ ਸਥਾਨ ਵਿੱਚ ਦਾਖ਼ਲ ਨਹੀਂ ਹੋਣ ਦੇ ਰਹੀ ਅਤੇ ਪਾਰਟੀ ਦੇ ਕਈ ਮੁੱਖ ਮੈਂਬਰਾਂ ਨੂੰ ਵੀ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਮਰਥਕਾਂ ਨੂੰ ਜੰਤਰ-ਮੰਤਰ ਤੱਕ ਪਹੁੰਚਣ ਤੋਂ ਰੋਕਣ ਲਈ ਆਵਾਜਾਈ ਦੇ ਸਾਧਨਾਂ ਵਿੱਚ ਵੀ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ, “ਜੰਤਰ-ਮੰਤਰ ’ਤੇ ਭਾਰੀ ਪੁਲੀਸ ਬਲ ਤਾਇਨਾਤ ਹੈ। ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਸਾਡੀ ਕੋਰ ਟੀਮ ਦੇ ਕਈ ਮੈਂਬਰਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਉਹ ਕੀ ਕਰਨ ਦੀ ਯੋਜਨਾ ਬਣਾ ਰਹੇ ਹਨ?” ਦੀਪਕੇ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਸਰਕਾਰ ਜਾਣਬੁੱਝ ਕੇ ਆਵਾਜਾਈ ਵਿੱਚ ਰੁਕਾਵਟ ਪਾ ਕੇ ਲੋਕਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਤੋਂ ਰੋਕ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਰਾਜਸਥਾਨ ਪੈਰਾਮੈਡੀਕਲ ਕੌਂਸਲ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਨੂੰ ਵੀ ਉਠਾਉਂਦਿਆਂ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਵਾਰ-ਵਾਰ ਪ੍ਰੀਖਿਆਵਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, “ਡਬਲ ਇੰਜਣ-ਡਬਲ ਲੀਕ”, ਅਤੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਪ੍ਰੀਖਿਆਵਾਂ ਕਰਵਾਉਣ ਦੇ ਯੋਗ ਨਹੀਂ ਹੈ। ਸੀਜੇਪੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਵਾਂਗਚੁਕ ਦੀ ਸਿਹਤ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਜ਼ਿੰਮੇਵਾਰ ਹੋਣਗੇ।

ਸੋਮਵਾਰ ਨੂੰ ਵਾਂਗਚੁਕ ਨੇ ਕਿਹਾ ਸੀ ਕਿ ਇਹ ਧਰਨਾ ਦੇਸ਼ ਵਿਰੋਧੀ ਨਹੀਂ ਹੈ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਉਹ ਬਲ ਦੀ ਵਰਤੋਂ ਕਰਨ ਦੀ ਬਜਾਏ ਸੰਵੇਦਨਸ਼ੀਲਤਾ ਨਾਲ ਮਾਮਲੇ ਦਾ ਹੱਲ ਕੱਢੇ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਅਜਿਹਾ ਨਾ ਹੋਣ ’ਤੇ ਲੋਕਾਂ ਦਾ ਭਰੋਸਾ ਕਮਜ਼ੋਰ ਹੋਵੇਗਾ। ਵਾਂਗਚੁਕ ਨੇ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਅਤੇ ਸੁਧਾਰਾਂ ਦੀ ਮੰਗ ਦੁਹਰਾਉਂਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ। ਧਰਨਾ ਸਥਾਨ ’ਤੇ ਵੱਖਰੇ ਮੰਚ ਤੋਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਨਾਲ ਜੁੜੇ ਛੇ ਵਿਦਿਆਰਥੀ ਵੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਭੁੱਖ ਹੜਤਾਲ ਦਾ ਦੂਜਾ ਦਿਨ ਸੋਮਵਾਰ ਨੂੰ ਪੂਰਾ ਹੋਇਆ।

ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀਆਂ ਵਿੱਚ ਆਈਸਾ ਦੀ ਆਲ ਇੰਡੀਆ ਪ੍ਰਧਾਨ ਨੇਹਾ, ਜੇਐਨਯੂਐਸਯੂ ਦੇ ਸਾਂਝੇ ਸਕੱਤਰ ਦਾਨਿਸ਼, ਆਈਸਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਮਨੀਸ਼, ਆਈਸਾ ਦਿੱਲੀ ਯੂਨੀਵਰਸਿਟੀ ਦੇ ਉਪ ਪ੍ਰਧਾਨ ਦੀਪਕ, ਜੇਐਨਯੂ ਦੇ ਬਰਾਕ ਹੋਸਟਲ ਦੇ ਪ੍ਰਧਾਨ ਹ੍ਰਿਸ਼ੀਕੇਸ਼ ਅਤੇ ਏਯੂਡੀ ਸਟੂਡੈਂਟਸ ਕੌਂਸਲ ਦੇ ਸਾਬਕਾ ਸੀਸੀ ਮੈਂਬਰ ਆਮੀਨ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੀਜੇਪੀ ਦਾ ਇਹ ਧਰਨਾ 20 ਜੂਨ ਨੂੰ ਪ੍ਰੀਖਿਆ ਪ੍ਰਣਾਲੀ ਵਿੱਚ ਕਥਿਤ ਬੇਨਿਯਮੀਆਂ, ਜਿਨ੍ਹਾਂ ਵਿੱਚ ਨੀਟ ਪ੍ਰੀਖਿਆ ਵੀ ਸ਼ਾਮਲ ਹੈ, ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਸੀ।

Related posts

ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਦੇਸ਼ਭਰ ਦੇ ਕਈ ਕਿਸਾਨਾਂ ਨੇ ਨਰੇਂਦਰ ਤੋਮਰ ਨਾਲ ਕੀਤੀ ਮੁਲਾਕਾਤ, ਕਿਹਾ- ਪੂਰੀ ਤਰ੍ਹਾਂ ਨਾਲ ਸਿਆਸਤ ਤੋਂ ਪ੍ਰੇਰਿਤ ਹੈ ਅੰਦੋਲਨ

On Punjab

ਬੁਦਾਊਂ ਐਚਪੀਸੀਐਲ ਪਲਾਂਟ ਕਤਲ: 2 ਪੁਲਿਸ ਮੁਲਾਜ਼ਮ ਮੁਅੱਤਲ

On Punjab

‘ਜਲੇਬੀ ਫੈਕਟਰੀ’ ‘ਤੇ ਅਜਿਹਾ ਕੀ ਕਹਿ ਗਏ ਰਾਹੁਲ ਗਾਂਧੀ? ਸੋਸ਼ਲ ਮੀਡੀਆ ‘ਤੇ ਹੋ ਗਏ ਟ੍ਰੋਲ ਤਾਂ ਨਾਇਬ ਸੈਣੀ ਨੇ ਵੀ ਲਈ ਚੁਟਕੀ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਜਲੇਬੀ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਗੋਹਾਨਾ ਦੇ ਮਟੂਰਮ ਕੀ ਜਲੇਬੀ ਦੇ ਜਲੇਬੀਆਂ ਨੂੰ ਰਾਜਨੀਤੀ ਦੇ ਸ਼ਰਬਤ ਵਿੱਚ ਇਸ ਤਰ੍ਹਾਂ ਲਪੇਟਿਆ ਗਿਆ ਸੀ ਕਿ ਹੁਣ ਇੰਟਰਨੈੱਟ ਰਾਹੀਂ ਪੂਰੇ ਦੇਸ਼ ਵਿੱਚ ਇਨ੍ਹਾਂ ਦੀ ਚਰਚਾ ਹੋ ਰਹੀ ਹੈ। ਹੁਣ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਜਲੇਬੀ ਫੈਕਟਰੀ ਬਾਰੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਚੁਟਕੀ ਲਈ ਹੈ।

On Punjab