ਨਵੀਂ ਦਿੱਲੀ: ਦੇਸ਼ ਵਿੱਚ ਡਿਜੀਟਲ ਪੇਮੈਂਟਸ (UPI) ਦੇ ਤੇਜ਼ੀ ਨਾਲ ਵਧਣ ਦੇ ਬਾਵਜੂਦ, ਬਾਜ਼ਾਰ ਵਿੱਚ ਨਕਦੀ (ਕੈਸ਼) ਦੀ ਮੰਗ ਲਗਾਤਾਰ ਰਿਕਾਰਡ ਤੋੜ ਰਹੀ ਹੈ। ਨਕਦੀ ਦੀ ਇਸੇ ਵਧਦੀ ਮੰਗ ਅਤੇ ਕਾਗਜ਼ੀ ਨੋਟਾਂ ਨੂੰ ਛਾਪਣ ਦੀ ਭਾਰੀ ਲਾਗਤ ਨੂੰ ਦੇਖਦੇ ਹੋਏ, ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਦੇਸ਼ ਵਿੱਚ ਜਲਦ ਹੀ ‘ਪਲਾਸਟਿਕ’ (ਪੌਲੀਮਰ) ਦੇ ਨੋਟ ਚਲਾਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ, ਆਰਬੀਆਈ ਦੀਆਂ ਹਾਲੀਆ ਬੋਰਡ ਮੀਟਿੰਗਾਂ ਵਿੱਚ ਇਸ ਯੋਜਨਾ ‘ਤੇ ਗੰਭੀਰ ਚਰਚਾ ਹੋਈ ਹੈ ਅਤੇ ਬੈਂਕ ਜਲਦ ਹੀ ਇਸ ਸਬੰਧੀ ਇੱਕ ਪਾਇਲਟ ਪ੍ਰੋਜੈਕਟ (ਟਰਾਇਲ) ਸ਼ੁਰੂ ਕਰ ਸਕਦਾ ਹੈ।
ਪਲਾਸਟਿਕ ਦੇ ਨੋਟ ਲਿਆਉਣ ਦੀ ਲੋੜ ਕਿਉਂ ਪਈ?
ਰਿਜ਼ਰਵ ਬੈਂਕ ਦੇ ਇਸ ਵੱਡੇ ਕਦਮ ਪਿੱਛੇ ਦੋ ਮੁੱਖ ਕਾਰਨ ਹਨ— ਨੋਟਾਂ ਦੀ ਲੰਬੀ ਉਮਰ (durability) ਅਤੇ ਘੱਟ ਉਤਪਾਦਨ ਲਾਗਤ। ਮੌਜੂਦਾ ਸਮੇਂ ਚੱਲ ਰਹੇ ਕਾਗਜ਼ ਦੇ ਨੋਟ ਜਲਦੀ ਫਟ ਜਾਂਦੇ ਹਨ ਅਤੇ ਖ਼ਰਾਬ ਹੋ ਜਾਂਦੇ ਹਨ। ਛਪਾਈ ਦਾ ਭਾਰੀ ਖ਼ਰਚਾ: ਆਰਬੀਆਈ ਦੀ ਸਾਲਾਨਾ ਰਿਪੋਰਟ ਮੁਤਾਬਕ, ਵਿੱਤੀ ਸਾਲ 2024-25 ਵਿੱਚ ਨਵੇਂ ਨੋਟ ਛਾਪਣ ਦੀ ਲਾਗਤ ਵਧ ਕੇ ₹6,372.8 ਕਰੋੜ ਤੱਕ ਪਹੁੰਚ ਗਈ, ਜੋ ਕਿ ਪਿਛਲੇ ਸਾਲ ₹5,101.4 ਕਰੋੜ ਸੀ। ਖ਼ਰਾਬ ਨੋਟਾਂ ਦੀ ਸਮੱਸਿਆ: ਪਿਛਲੇ ਵਿੱਤੀ ਸਾਲ ਵਿੱਚ ਹੀ ਆਰਬੀਆਈ ਵੱਲੋਂ ਬਾਜ਼ਾਰ ਵਿੱਚੋਂ ਲਗਭਗ 23.8 ਅਰਬ ਖ਼ਰਾਬ (ਕਟੇ-ਫਟੇ) ਨੋਟ ਬਾਹਰ ਕੱਢ ਕੇ ਨਸ਼ਟ ਕੀਤੇ ਗਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ 500 ਅਤੇ 100 ਰੁਪਏ ਦੇ ਨੋਟਾਂ ਦੀ ਸੀ। ਪਲਾਸਟਿਕ ਨੋਟ ਆਉਣ ਨਾਲ ਇਹ ਨੁਕਸਾਨ ਬਹੁਤ ਘੱਟ ਹੋ ਜਾਵੇਗਾ।
ਇਹ ਨੋਟ ਇੱਕ ਵਿਸ਼ੇਸ਼ ਪਲਾਸਟਿਕ ਮਟੀਰੀਅਲ (BOPP) ਤੋਂ ਬਣਾਏ ਜਾਂਦੇ ਹਨ। ਇਹ ਨੋਟ ਪਾਣੀ, ਨਮੀ ਅਤੇ ਮਿੱਟੀ ਨਾਲ ਖ਼ਰਾਬ ਨਹੀਂ ਹੁੰਦੇ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਫਾੜਿਆ ਨਹੀਂ ਜਾ ਸਕਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਅਜਿਹੇ ਆਧੁਨਿਕ ਸੁਰੱਖਿਆ ਫੀਚਰਜ਼ ਹੁੰਦੇ ਹਨ, ਜਿਨ੍ਹਾਂ ਕਰਕੇ ਇਨ੍ਹਾਂ ਦੇ ਨਕਲੀ ਨੋਟ (Fake Currency) ਬਣਾਉਣਾ ਲਗਭਗ ਅਸੰਭਵ ਹੋ ਜਾਵੇਗਾ।
ਪਹਿਲਾਂ ਛੋਟੇ ਨੋਟਾਂ ‘ਤੇ ਹੋਵੇਗਾ ਟਰਾਇਲ- ਸੂਤਰਾਂ ਅਨੁਸਾਰ, ਆਰਬੀਆਈ ਸਭ ਤੋਂ ਪਹਿਲਾਂ 10 ਅਤੇ 20 ਰੁਪਏ ਵਰਗੇ ਛੋਟੇ ਮੁੱਲ ਦੇ ਨੋਟਾਂ ‘ਤੇ ਪਲਾਸਟਿਕ ਕਰੰਸੀ ਦਾ ਟਰਾਇਲ ਕਰੇਗਾ, ਕਿਉਂਕਿ ਇਹ ਨੋਟ ਰੋਜ਼ਾਨਾ ਲੈਣ-ਦੇਣ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਹਨ ਅਤੇ ਜਲਦੀ ਖ਼ਰਾਬ ਹੁੰਦੇ ਹਨ। ਇਸ ਤੋਂ ਇਲਾਵਾ, ਦੇਸ਼ ਦੇ ਏ.ਟੀ.ਐਮ. (ATMs) ਨੂੰ ਵੀ ਇਸ ਤਰੀਕੇ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ ਕਿ ਉਹ ਪਲਾਸਟਿਕ ਨੋਟਾਂ ਨੂੰ ਆਸਾਨੀ ਨਾਲ ਸਵੀਕਾਰ ਅਤੇ ਡਿਸਪੈਂਸ (ਬਾਹਰ ਕੱਢ) ਸਕਣ। ਦੁਨੀਆ ਭਰ ਦਾ ਹਾਲ: ਦੱਸ ਦੇਈਏ ਕਿ ਮੌਜੂਦਾ ਸਮੇਂ ਦੁਨੀਆ ਦੇ ਲਗਭਗ 60 ਦੇਸ਼ਾਂ ਵਿੱਚ ਪਲਾਸਟਿਕ (ਪੌਲੀਮਰ) ਨੋਟ ਚੱਲ ਰਹੇ ਹਨ। ਆਸਟ੍ਰੇਲੀਆ ਨੇ 1988 ਵਿੱਚ ਸਭ ਤੋਂ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਕੈਨੇਡਾ, ਸਿੰਗਾਪੁਰ ਅਤੇ ਬ੍ਰਿਟੇਨ ਵਰਗੇ ਦੇਸ਼ ਵੀ ਇਸ ਦੀ ਵਰਤੋਂ ਕਰ ਰਹੇ ਹਨ।

