ਨਵੀਂ ਦਿੱਲੀ- ਇੱਥੇ ਇੱਕ ਔਰਤ ਨੇ ਇੱਕ ਕੈਬ ਡਰਾਈਵਰ ਨੂੰ ਕਈ ਘੰਟੇ ਘੁਮਾਉਣ ਤੋਂ ਬਾਅਦ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਕਾਰਵਾਈ ਦੀ ਧਮਕੀ ਦਿੱਤੀ। ਪੁਲੀਸ ਅਨੁਸਾਰ ਕੈਬ ਡਰਾਈਵਰ ਜ਼ਿਆਉਦੀਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਮਹਿਲਾ ਸਵਾਰ ਜੋਤੀ ਦਲਾਲ ਨੇ ਮੰਗਲਵਾਰ ਸਵੇਰੇ 8 ਵਜੇ ਉਸ ਦੀ ਕੈਬ ਬੁੱਕ ਕੀਤੀ ਅਤੇ ਉਸ ਨੂੰ ਪਹਿਲਾਂ ਸੈਕਟਰ 31, ਫਿਰ ਬੱਸ ਸਟੈਂਡ ਅਤੇ ਫਿਰ ਸਾਈਬਰ ਸਿਟੀ ਲੈ ਜਾਣ ਲਈ ਕਿਹਾ। ਨੂਹ ਜ਼ਿਲ੍ਹੇ ਦੇ ਪਿੰਡ ਧਾਨਾ ਦੇ ਰਹਿਣ ਵਾਲੇ ਜ਼ਿਆਉਦੀਨ ਨੇ ਦੱਸਿਆ, “ਉਸ ਨੇ ਕੁਝ ਪੈਸੇ ਮੰਗੇ ਅਤੇ ਮੈਂ ਉਸਨੂੰ 700 ਰੁਪਏ ਦੇ ਦਿੱਤੇ। ਉਸਨੇ ਵੱਖ-ਵੱਖ ਥਾਵਾਂ ‘ਤੇ ਖਾਧਾ-ਪੀਤਾ ਅਤੇ ਮੈਂ ਸਾਰੀ ਅਦਾਇਗੀ ਕੀਤੀ। ਦੁਪਹਿਰ ਵੇਲੇ ਜਦੋਂ ਮੈਂ ਕਿਰਾਇਆ ਮੰਗਿਆ ਅਤੇ ਸਵਾਰੀ ਖਤਮ ਕਰਨ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਗਈ।”
ਪੁਲੀਸ ਨੇ ਦੱਸਿਆ ਕਿ ਦਲਾਲ ਨੇ ਇੱਕ ਸੈਲੂਨ ਨਾਲ 20,000 ਰੁਪਏ ਦੀ ਠੱਗੀ ਮਾਰੀ ਸੀ ਅਤੇ ਇੱਕ ਹੋਰ ਕੈਬ ਡਰਾਈਵਰ ਦੇ 2,000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਰਵਰੀ 2024 ਵਿੱਚ ਵੀ ਜੋਤੀ ਦਲਾਲ ਦੀ ਇੱਕ ਕੈਬ ਡਰਾਈਵਰ ਨਾਲ ਕਿਰਾਏ ਨੂੰ ਲੈ ਕੇ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ। ਸੈਕਟਰ 29 ਥਾਣੇ ਦੇ ਐੱਸ ਐਚ ਓ ਰਵੀ ਕੁਮਾਰ ਨੇ ਦੱਸਿਆ, “ਅਸੀਂ ਜੋਤੀ ਦਲਾਲ ਖ਼ਿਲਾਫ਼ ਧੋਖਾਧੜੀ ਅਤੇ ਬੀ ਐੱਨ ਐਸ (BNS) ਦੀਆਂ ਹੋਰ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕਰ ਲਈ ਹੈ। ਜਾਂਚ ਜਾਰੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।”

