PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਸਜਿਦ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਝੜਪ, 5 ਪੁਲੀਸ ਕਰਮੀ ਜ਼ਖਮੀ

ਨਵੀਂ ਦਿੱਲੀ- ਦਿੱਲੀ ਦੇ ਰਾਮਲੀਲਾ ਮੈਦਾਨ ਇਲਾਕੇ ਵਿੱਚ ਬੁੱਧਵਾਰ ਤੜਕੇ ਇੱਕ ਮਸਜਿਦ ਦੇ ਨੇੜੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਹੋਈ ਹਿੰਸਾ ਵਿੱਚ ਘੱਟੋ-ਘੱਟ ਪੰਜ ਪੁਲੀਸ ਕਰਮਚਾਰੀ ਜ਼ਖਮੀ ਹੋ ਗਏ। ਇਹ ਝੜਪਾਂ ਉਸ ਸਮੇਂ ਸ਼ੁਰੂ ਹੋਈਆਂ ਜਦੋਂ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਿੱਲੀ ਨਗਰ ਨਿਗਮ (MCD) ਦੇ ਅਧਿਕਾਰੀ ਤੁਰਕਮਾਨ ਗੇਟ ਸਥਿਤ ਸਈਅਦ ਫੈਜ਼ ਇਲਾਹੀ ਮਸਜਿਦ ਅਤੇ ਨੇੜਲੇ ਕਬਰਸਤਾਨ ਨਾਲ ਲੱਗਦੀ ਜ਼ਮੀਨ ‘ਤੇ ਨਾਜ਼ਾਇਜ਼ ਜਬਜ਼ੇ ਹਟਾਣ ਦੀ ਕਾਰਵਾਈ ਕਰ ਰਹੇ ਸਨ।

ਦਿੱਲੀ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ ਅਤੇ ਘਟਨਾ ਤੋਂ ਕੁਝ ਦੇਰ ਬਾਅਦ ਹੀ ਸਥਿਤੀ ਨੂੰ ਆਮ ਵਾਂਗ ਕਰ ਦਿੱਤਾ ਗਿਆ। ਅਪਰੇਸ਼ਨ ਦੌਰਾਨ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਪਥਰਾਅ ਕੀਤਾ,ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਪੁਲੀਸ ਨੇ ਬਾਅਦ ਵਿੱਚ ਕਿਹਾ ਕਿ ਸੀਮਤ ਬਲ ਦੀ ਵਰਤੋਂ ਕਰਕੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਸੈਂਟਰਲ) ਨਿਧੀਨ ਵਲਸਨ ਨੇ ਦੱਸਿਆ ਕਿ MCD ਨੇ 6 ਅਤੇ 7 ਜਨਵਰੀ ਦੀ ਦਰਮਿਆਨੀ ਰਾਤ ਨੂੰ ਤੋੜ-ਭੰਨ ਦਾ ਸਮਾਂ ਤੈਅ ਕੀਤਾ ਸੀ,ਜਿਸ ਤੋਂ ਬਾਅਦ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ,ਪਰ ਜਦੋਂ ਜੇ.ਸੀ.ਬੀ.ਸਮੇਤ MCD ਦੀ ਮਸ਼ੀਨਰੀ ਪਹੁੰਚਣ ਵਾਲੀ ਸੀ ਤਾਂ ਕਰੀਬ 100-150 ਲੋਕ ਇਕੱਠੇ ਹੋ ਗਏ।  ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਸਮਝਾਉਣ ਤੋਂ ਬਾਅਦ ਚਲੇ ਗਏ,ਹਾਲਾਂਕਿ ਕੁਝ ਨੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਥਰਾਅ ਕੀਤਾ,ਜਿਸ ਵਿੱਚ ਪੰਜ ਪੁਲੀਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ।  ਅਧਿਕਾਰੀ ਨੇ ਦੱਸਿਆ ਕਿ ਫੈਜ਼-ਏ-ਇਲਾਹੀ ਮਸਜਿਦ ਦੇ ਨੇੜੇ ਇੱਕ ਬੈਂਕੁਏਟ ਹਾਲ ਅਤੇ ਇੱਕ ਡਿਸਪੈਂਸਰੀ,ਜਿਨ੍ਹਾਂ ਨੂੰ ਅਦਾਲਤ ਵੱਲੋਂ ਨਜਾਇਜ਼ ਕਬਜ਼ਾ ਘੋਸ਼ਿਤ ਕੀਤਾ ਗਿਆ ਸੀ,ਨੂੰ ਮੁਹਿੰਮ ਦੌਰਾਨ ਢਾਹ ਦਿੱਤਾ ਗਿਆ।

FIR ਦਰਜ, ਕਈ ਹਿਰਾਸਤ ਵਿੱਚ ਲਏ- ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਇਲਾਕੇ ਵਿੱਚ ਸਈਅਦ ਫੈਜ਼ ਇਲਾਹੀ ਮਸਜਿਦ ਦੇ ਨੇੜੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਭੜਕੀ ਹਿੰਸਾ ਦੇ ਸਬੰਧ ਵਿੱਚ ਇੱਕ ਐੱਫ ਆਈ ਆਰ (FIR) ਦਰਜ ਕੀਤੀ ਹੈ ਅਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕੁਝ ਲੋਕਾਂ ਨੇ ਕਥਿਤ ਤੌਰ ‘ਤੇ ਫੋਰਸ ’ਤੇ ਪਥਰਾਅ ਕੀਤਾ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ,ਜਦੋਂ ਦਿੱਲੀ ਨਗਰ ਨਿਗਮ (MCD) ਮਸਜਿਦ ਅਤੇ ਨੇੜਲੇ ਕਬਰਸਤਾਨ ਨਾਲ ਲੱਗਦੀ ਜ਼ਮੀਨ ’ਤੇ ਅਦਾਲਤ ਦੇ ਹੁਕਮਾਂ ਅਨੁਸਾਰ ਤੋੜ-ਫੋੜ ਦੀ ਕਾਰਵਾਈ ਕਰ ਰਹੀ ਸੀ।

ਅਧਿਕਾਰੀ ਨੇ ਅੱਗੇ ਕਿਹਾ ਕਿ ਜਿੱਥੇ ਪਥਰਾਅ ਦੀ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉੱਥੇ ਹੀ ਪੁਲੀਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਹਿੰਸਾ ਅਚਾਨਕ ਹੋਈ ਸੀ ਜਾਂ ਯੋਜਨਾਬੱਧ ਸੀ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓ ਕਲਿੱਪਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਹਿੱਸੇ ਵਜੋਂ ਗਵਾਹਾਂ ਅਤੇ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।

Related posts

ਭਾਰਤੀ ਸ਼ੇਅਰ ਬਾਜ਼ਾਰ ’ਚ ਉਤਰਾਅ-ਚੜਾਅ ਜਾਰੀ, ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ

On Punjab

Monkeypox Virus : ਅਮਰੀਕਾ ‘ਚ ਵਧਿਆ Monkeypox ਦਾ ਪ੍ਰਕੋਪ, 7 ਸੂਬਿਆਂ ‘ਚ 9 ਨਵੇਂ ਮਾਮਲਿਆਂ ਦੀ ਪੁਸ਼ਟੀ

On Punjab

Presidential Election 2022 : ਯਸ਼ਵੰਤ ਸਿਨਹਾ ਨੇ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਭਰੀ, ਰਾਹੁਲ ਗਾਂਧੀ ਅਤੇ ਸ਼ਰਦ ਪਵਾਰ ਸਮੇਤ ਕਈ ਨੇਤਾ ਇਕੱਠੇ ਨਜ਼ਰ ਆਏ

On Punjab