PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵਿਰੋਧੀ ਧਿਰਾਂ ਵੱਲੋਂ ਸੰਸਦੀ ਅਹਾਤੇ ’ਚ ਰੋਸ ਮਾਰਚ, ‘ਜੀ ਰਾਮ ਜੀ’ ਨੂੰ ਵਾਪਸ ਲੈਣ ਦੀ ਮੰਗ

ਨਵੀਂ ਦਿੱਲੀ- ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਸਰਕਾਰ ਦੇ ‘ਜੀ ਰਾਮ ਜੀ’ ਬਿੱਲ ਖਿਲਾਫ਼ ਸੰਸਦ ਭਵਨ ਕੰਪਲੈਕਸ ਦੇ ਅੰਦਰ ਇੱਕ ਵਿਰੋਧ ਮਾਰਚ ਕੱਢਿਆ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮੈਂਬਰਾਂ ਨੇ ਹੱਥਾਂ ਵਿਚ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਤੇ ‘ਮਹਾਤਮਾ ਗਾਂਧੀ ਨਰੇਗਾ’ ਲਿਖਿਆ ਵੱਡਾ ਬੈਨਰ ਫੜਿਆ ਹੋਇਆ ਸੀ। ਉਨ੍ਹਾਂ ਨੇ ਪ੍ਰੇਰਨਾ ਸਥਲ ਵਿਖੇ ਗਾਂਧੀ ਦੀ ਮੂਰਤੀ ਤੋਂ ਮਕਰ ਦੁਆਰ ਤੱਕ ਮਾਰਚ ਕੀਤਾ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਸ ਲੜਾਈ ਨੂੰ ਸੜਕਾਂ ’ਤੇ ਲਿਜਾਣ ਦਾ ਅਹਿਦ ਲਿਆ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਏਆਈਸੀਸੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਡੀਐਮਕੇ ਦੇ ਕੇ ਕੰਨੀਮੋੜੀ, ਟੀਆਰ ਬਾਲੂ, ਏ ਰਾਜਾ, ਆਈਯੂਐਮਐਲ ਦੇ ਈਟੀ ਮੁਹੰਮਦ ਬਸ਼ੀਰ, ਸ਼ਿਵ ਸੈਨਾ (ਯੂਬੀਟੀ) ਦੇ ਅਰਵਿੰਦ ਸਾਵੰਤ ਅਤੇ ਆਰਐਸਪੀ ਦੇ ਐਨ ਕੇ ਪ੍ਰੇਮਚੰਦਰਨ ਸਮੇਤ ਹੋਰਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਅੱਜ ਸੰਸਦ ਜਮਹੂਰੀਅਤ ਦੀ ਹੱਤਿਆ ਦਾ ਗਵਾਹ ਬਣ ਰਹੀ ਹੈ। ਨਰੇਗਾ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾ ਕੇ ਉਹ ਜਮਹੂਰੀ ਕਦਰਾਂ-ਕੀਮਤਾਂ ਦੇ ਨਾਲ-ਨਾਲ ਰਾਸ਼ਟਰ ਪਿਤਾ ਦੀ ਵਿਚਾਰਧਾਰਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਵੀ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਵਿੱਚ ਸ਼ਾਮਲ ਹੋਈ ਅਤੇ ਮਕਰ ਦੁਆਰ ਵਿਖੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ।

ਖੜਗੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੋਦੀ ਸਰਕਾਰ ਨੇ ਨਾ ਸਿਰਫ਼ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਹੈ, ਸਗੋਂ ਕੰਮ ਕਰਨ ਦੇ ਅਧਿਕਾਰ ਨੂੰ ਵੀ ਕੁਚਲ ਦਿੱਤਾ ਹੈ, ਜੋ ਕਿ ਭਾਰਤ ਦੇ ਪਿੰਡਾਂ ਵਿੱਚ ਸਮਾਜਿਕ-ਆਰਥਿਕ ਤਬਦੀਲੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ।’’

ਯੂਪੀਏ-ਯੁੱਗ ਦੇ ਮਨਰੇਗਾ ਦੀ ਥਾਂ ਲੈਣ ਵਾਲੇ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) (ਵੀਬੀ-ਜੀ ਰਾਮ ਜੀ) ਬਿੱਲ ’ਤੇ ਸੰਸਦ ਵਿੱਚ ਬਹਿਸ ਹੋ ਰਹੀ ਹੈ। ਵਿਰੋਧੀ ਧਿਰ ਬਿੱਲ ਦਾ ਸਖ਼ਤ ਵਿਰੋਧ ਕਰ ਰਹੀ ਹੈ। ਵਿਰੋਧੀ ਧਿਰਾਂ ਨੇ ਸਰਕਾਰ ’ਤੇ ਮਹਾਤਮਾ ਗਾਂਧੀ ਦਾ ਨਿਰਾਦਰ ਕਰਨ ਅਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ 2005 ਦੇ ਉਪਬੰਧਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਹੈ। ਬਿੱਲ ਅਨੁਸਾਰ VB-G RAM G ਐਕਟ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਰਾਜਾਂ ਨੂੰ ਨਵੇਂ ਕਾਨੂੰਨ ਦੇ ਉਪਬੰਧਾਂ ਅਨੁਸਾਰ ਇੱਕ ਯੋਜਨਾ ਬਣਾਉਣੀ ਪਵੇਗੀ।

Related posts

ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ: ਇਮਰਾਨ

On Punjab

ਕਾਂਗਰਸ ਪ੍ਰਧਾਨ ਲਈ ਪ੍ਰਿਅੰਕਾ ਦੀ ਗੂੰਜ, ਥਰੂਰ ਦੇ ਕਾਂਗਰਸ ਬਾਰੇ ਕਈ ਖੁਲਾਸੇ

On Punjab

ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ ਸੁਰਜੀਤ ਬਿੰਦਰਖੀਆ, ਪੜ੍ਹੋ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

On Punjab