ਜਲੰਧਰ- ਨਕੋਦਰ ਥਾਣਾ ਸਦਰ ਦੀ ਪੁਲੀਸ ਨੇ ਨਵਜਾਤ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰ ਕੇ ਤਸਕਰੀ ਕਰਨ ਵਾਲੇ 8 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮਾਂ-ਪੁੱਤਰ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰੋਹ ਗਰੀਬ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਵਜਾਤ ਬੱਚੇ ਖਰੀਦਦਾ ਹੈ ਅਤ ਅਮੀਰ ਬੇਔਲਾਦ ਜੋੜਿਆਂ ਨੂੰ ਵੇਚਦਾ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਇੱਕ ਗੁਪਤ ਸੂਚਨਾ ’ਤੇ ਏਐੱਸਆਈ ਅੰਗਰੇਜ਼ ਸਿੰਘ ਨੇ ਉੱਗੀ ਚੌਕੀ ਦੀ ਟੀਮ ਨਾਲ ਇਨੋਵਾ ਕਾਰ ਸਮੇਤ ਜਗਜੀਤ ਸਿੰਘ ਅਤੇ ਉਸ ਦੀ ਮਾਂ ਰਣਜੀਤ ਕੌਰ ਨੂੰ ਕਾਬੂ ਕਰ ਕੇ ਨਵਜਾਤ ਬੱਚਾ ਬਰਾਮਦ ਕੀਤਾ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਕੰਮ ਅਮਰਜੀਤ ਕੌਰ, ਰੀਨਾ, ਕੁਲਵਿੰਦਰ ਕੌਰ ਉਰਫ ਮਨੀ, ਗਗਨਦੀਪ ਕੌਰ, ਮਨਪ੍ਰੀਤ ਕੌਰ, ਸ਼ਮਸ਼ੇਰ ਸਿੰਘ ਤੇ ਆਸ਼ਾ ਵਰਕਰ ਰਜਨੀ ਸਮੇਤ ਹੋਰ ਸਾਥੀਆਂ ਨਾਲ ਮਿਲ ਕੇ ਕੀਤਾ ਜਾਂਦਾ ਸੀ, ਜਿਨ੍ਹਾਂ ਨੇ ਮੋਗਾ ਦੇ ਬਲਜੀਤ ਸਿੰਘ ਤੋਂ 4,10,000 ਰੁਪਏ ’ਚ ਬੱਚਾ ਖਰੀਦਿਆ ਸੀ। ਇਸ ਤੋਂ ਬਾਅਦ ਪੁਲੀਸ ਨੇ ਛਾਪੇਮਾਰੀ ਕਰ ਕੇ ਹੋਰ ਛੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਦੋ ਮੁਲਜ਼ਮ ਹਾਲੇ ਫ਼ਰਾਰ ਹਨ। ਪੁਲੀਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ ਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।

