ਬਠਿੰਡਾ- ਬਠਿੰਡਾ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਢਾ ਨੂੰ ਏਮਜ਼ ਦੇ ਪ੍ਰਮੁੱਖ ਸੁਰੱਖਿਆ ਮੈਨੇਜਰ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖ ਕੇ ਅਪੀਲ ਕੀਤੀ ਹੈ। ਮੰਤਰੀ ਨੂੰ ਲਿਖੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਨੇ ਕਿਹਾ ਕਿ ਪ੍ਰਮੁੱਖ ਸੁਰੱਖਿਆ ਅਫਸਰ ਮਨਜੀਤ ਸਿੰਘ ਨੇ ਕਿਵੇਂ ਮਹਿਲਾ ਸੁਰੱਖਿਆ ਮੁਲਾਜ਼ਮਾਂ ਨੂੰ ਨਜਾਇਜ਼ ਸੰਬੰਧ ਬਣਾਉਣ ਲਈ ਮਜਬੂਰ ਕੀਤਾ, ਇਸ ਬਾਰੇ ਡਿਪਟੀ ਕਮਿਸ਼ਨਰ ਦਫਤਰ ਨੂੰ ਸ਼ਿਕਾਇਤਾਂ ਸੌਂਪੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅਪਰੈਲ 2024 ਤੋਂ ਅਨੇਕਾਂ ਵਾਰ ਨੋਟਿਸ ਦਿੱਤੇ ਜਾਣ ਅਤੇ ਯਾਦ ਪੱਤਰ ਦਿੱਤੇ ਜਾਣ ਦੇ ਬਾਵਜੂਦ ਏਮਜ਼ ਮੈਨੇਜਮੈਂਟ ਨੇ ਇਸ ਬਾਰੇ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਅਫਸਰ ਜਿਸ ਨੂੰ ਜਿਣਸੀ ਛੇੜਛਾੜ ਵਿਚ ਸ਼ਾਮਲ ਹੋਣ ਕਾਰਨ ਪਿਛਲੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਾਅਲੀ ਕੰਪਨੀਆਂ ਦੇ ਨਾਮ ’ਤੇ ਏਮਜ਼ ਵਿਚ ਭਰਤੀਆਂ ਕਰਦਾ ਰਿਹਾ ਹੈ, ਹਾਲਾਂਕਿ ਉਸ ਨੂੰ ਭਰਤੀਆਂ ਦੀ ਜ਼ਿੰਮੇਵਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ’ਤੇ ਨਵੇਂ ਭਰਤੀ ਹੋਏ ਸੁਰੱਖਿਆ ਅਮਲੇ ਤੋਂ 20 ਲੱਖ ਰੁਪਏ ਰਿਸ਼ਵਤ ਲੈਣ ਦਾ ਵੀ ਦੋਸ਼ ਹੈ, ਜਿਨ੍ਹਾਂ ਨੂੰ 40 ਹੋਰ ਸਥਾਈ ਸੁਰੱਖਿਆ ਸਟਾਫ ਦੀ ਥਾਂ ’ਤੇ ਭਰਤੀ ਕੀਤਾ ਗਿਆ ਸੀ ਅਤੇ ਪੰਜ ਮਹੀਨਿਆਂ ਵਿਚ ਬਰਖ਼ਾਸਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਾ ਸਿਰਫ ਭ੍ਰਿਸ਼ਟਾਚਾਰ ਹੈ ਬਲਕਿ ਸੰਸਥਾ ਦੀ ਸਾਖ਼ ਨਾਲ ਵੀ ਸਮਝੌਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਚ ਅਧਿਕਾਰੀ ਇਸ ਅਫਸਰ ਦਾ ਬਚਾਅ ਕਰ ਰਹੇ ਹਨ ਅਤੇ ਉਨ੍ਹਾਂ ਦੀ ਵੀ ਭ੍ਰਿਸ਼ਟਾਚਾਰ ਵਿਚ ਕੋਈ ਦਿਲਚਸਪੀ ਹੋ ਸਕਦੀ ਹੈ।
ਹਰਸਿਮਰਤ ਬਾਦਲ ਨੇ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਕਰਦਿਆਂ ਕਿਹਾ ਕਿ ਫੌਰੀ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ ਇਕ ਵਿਅਕਤੀ ਦੇ ਗਲਤ ਰਵੱਈਏ ਦੀ ਗੱਲ ਨਹੀਂ ਬਲਕਿ ਏਮਜ਼ ਵਿਚ ਭਰਤੀ ਦੀ ਸਾਰੀ ਪ੍ਰਕਿਰਿਆ ’ਤੇ ਵੱਡਾ ਸਵਾਲ ਹੈ।

