PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ

ਉਤਰਾਖੰਡ- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ ਅਤੇ ਸ਼ਰਧਾਲੂ ਮੁੜ ਪੂਰੇ ਉਤਸ਼ਾਹ ਨਾਲ ਗੁਰੂ ਧਾਮ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਇਹ ਸਾਲਾਨਾ ਯਾਤਰਾ 10 ਅਕਤੂਬਰ ਤੱਕ ਚੱਲੇਗੀ। ਇਸ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਰੋਪਵੇਅ ਸਥਾਪਤ ਕਰਨ ਦਾ ਕੰਮ ਵੀ ਅਗਲੇ ਪੜਾਅ ਵਿੱਚ ਪੁੱਜ ਗਿਆ ਹੈ। ਵਧੇਰੇ ਮੀਂਹ, ਕਈ ਥਾਵਾਂ ’ਤੇ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਉੱਤਰਾਖੰਡ ਸਰਕਾਰ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਸਮੇਤ ਚਾਰ ਧਾਮ ਦੀ ਯਾਤਰਾ ਪੰਜ ਸਤੰਬਰ ਤੱਕ ਬੰਦ ਕਰ ਦਿੱਤੀ ਗਈ ਸੀ। ਇਹ ਯਾਤਰਾ ਮੁੜ 6 ਸਤੰਬਰ ਤੋਂ ਸ਼ੁਰੂ ਹੋ ਗਈ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ਮੁੜ ਸ਼ੁਰੂ ਹੋ ਗਈ ਹੈ ਅਤੇ ਸ਼ਰਧਾਲੂ ਪੂਰੇ ਉਤਸ਼ਾਹ ਨਾਲ ਗੁਰੂਘਰ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਹੜ੍ਹਾਂ ਵਾਲੀ ਸਥਿਤੀ ਹੈ, ਲੋਕ ਹੜਾਂ ਨਾਲ ਜੂਝ ਰਹੇ ਹਨ ਪਰ ਇਸ ਦੇ ਬਾਵਜੂਦ ਗੁਰੂਧਾਮਾਂ ਪ੍ਰਤੀ ਸ਼ਰਧਾ ਵਿੱਚ ਪਹਿਲਾਂ ਵਾਂਗ ਹੀ ਉਤਸ਼ਾਹ ਬਣਿਆ ਹੋਇਆ ਹੈ। ਇਹ ਸਿੱਖ ਭਾਈਚਾਰੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪ੍ਰਤੀਕੂਲ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਹੇਮਕੁੰਟ ਸਾਹਿਬ ਪੁੱਜ ਰਹੀ ਹੈ। ਇਹ ਸੰਗਤ ਦੇ ਗੁਰੂ ਪ੍ਰਤੀ ਵਿਸ਼ਵਾਸ ਦੀ ਤਾਕਤ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਤੱਕ ਚੱਲੇਗੀ ਅਤੇ 10 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਵਾਸਤੇ ਸਿਰਫ ਇੱਕ ਮਹੀਨਾ ਹੀ ਬਾਕੀ ਰਹਿ ਗਿਆ ਹੈ, ਇਸ ਲਈ ਜੋ ਸੰਗਤ ਆਉਣਾ ਚਾਹੁੰਦੀ ਹੈ, ਉਹ ਇਨ੍ਹਾਂ ਦਿਨਾਂ ਵਿੱਚ ਆਪਣਾ ਪ੍ਰੋਗਰਾਮ ਉਲੀਕੇ।

ਉਨ੍ਹਾਂ ਦੱਸਿਆ ਕਿ 15 ਸਤੰਬਰ ਤੋਂ ਹੈਲੀਕਾਪਟਰ ਸੇਵਾ ਵੀ ਮੁੜ ਸ਼ੁਰੂ ਹੋ ਜਾਵੇਗੀ। ਇਹ ਸੇਵਾ ਉਨ੍ਹਾਂ ਸ਼ਰਧਾਲੂਆਂ ਵਾਸਤੇ ਵਧੇਰੇ ਲਾਭਦਾਇਕ ਹੈ ਜੋ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਹਨ ਜਾਂ ਸਮੇਂ ਦੀ ਘਾਟ ਕਾਰਨ ਜਲਦੀ ਦਰਸ਼ਨਾਂ ਵਾਸਤੇ ਪਹੁੰਚਣਾ ਚਾਹੁੰਦੇ ਹਨ। ਹੈਲੀਕਾਪਟਰ ਸੇਵਾ ਦੀ ਬਹਾਲੀ ਨਾਲ ਨਾ ਸਿਰਫ ਯਾਤਰਾ ਸੁਖਾਲੀ ਹੋਵੇਗੀ ਸਗੋ ਵੱਧ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ। ਡਾਕਟਰੀ ਸਹਾਇਤਾ ਅਤੇ ਸੁਰੱਖਿਅਤ ਰਸਤੇ ਯਕੀਨੀ ਬਣਾਉਣ ਦੇ ਨਾਲ ਨਾਲ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਵੀ ਇਸ ਮਾਮਲੇ ਵਿੱਚ ਪ੍ਰਬੰਧਕਾਂ ਦੀ ਵਚਨਬਧਤਾ ਨੂੰ ਦਰਸਾਉਂਦੀ ਹੈ।

Related posts

‘ਮਨ ਕੀ ਬਾਤ’ ‘ਚ ਰਾਮ ਮੰਦਿਰ ‘ਤੇ ਬੋਲੇ ਮੋਦੀ, ਕਿਹਾ ਪੂਰੇ ਦੇਸ਼ ਨੇ ਸਵੀਕਾਰਿਆ ਫੈਸਲਾ

On Punjab

ਹਿਮਾਚਲ ਪ੍ਰਦੇਸ਼: ਮੁੱਖ ਸਕੱਤਰ ਅਤੇ ਮੰਡੀ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੀ ਧਮਕੀ ਤੋਂ ਬਾਅਦ ਅਧਿਕਾਰੀ ਅਲਰਟ ’ਤੇ

On Punjab

ਹੁਣ ਭਾਰਤੀਆਂ ਦਾ ਪਸੰਦੀਦਾ ਵੀਜ਼ਾ ਹੋਵੇਗਾ ਮਹਿੰਗਾ, ਟਰੰਪ ਪ੍ਰਸ਼ਾਸਨ ਨੇ ਫੀਸ ਵਧਾਉਣ ਦੀ ਖਿੱਚੀ ਤਿਆਰੀ

On Punjab