67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਵਿਚ ਭਾਰੀ ਮੀਂਹ ਮਗਰੋਂ ਚਾਰ ਜ਼ਿਲ੍ਹਿਆਂ ’ਚ ਸਕੂਲ ਬੰਦ; ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਯੈਲੋ ਅਲਰਟ

ਚੰਡੀਗੜ੍ਹ- ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨਜੀਵਨ ਨੂੰ ਅਸਰਅੰਦਾਜ਼ ਕੀਤਾ ਹੈ। ਸੋਮਵਾਰ ਸਵੇਰ ਤੋਂ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਅਤੇ ਮੰਗਲਵਾਰ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਯੈਲੋ (ਪੀਲੀ) ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਟ੍ਰਾਈਸਿਟੀ ਵਿੱਚ ਬੱਦਲਵਾਈ ਰਹਿਣ ਅਤੇ 29 ਅਗਸਤ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ। ਭਾਰੀ ਮੀਂਹ ਕਾਰਨ ਰਾਜ ਦੇ 12 ਵਿੱਚੋਂ ਚਾਰ ਜ਼ਿਲ੍ਹਿਆਂ ਬਿਲਾਸਪੁਰ, ਹਮੀਰਪੁਰ, ਊਨਾ ਅਤੇ ਸੋਲਨ ਵਿੱਚ ਰਿਹਾਇਸ਼ੀ ਸੰਸਥਾਵਾਂ ਨੂੰ ਛੱਡ ਕੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੋ ਕੌਮੀ ਸ਼ਾਹਰਾਹਾਂ ਸਮੇਤ ਕੁੱਲ 484 ਸੜਕਾਂ ਆਵਾਜਾਈ ਲਈ ਬੰਦ ਹਨ। ਸਥਾਨਕ ਮੌਸਮ ਵਿਭਾਗ ਨੇ 30 ਅਗਸਤ ਤੱਕ ਰਾਜ ਦੇ ਦੋ ਤੋਂ ਸੱਤ ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਅਤੇ ਖਾਸ ਕਰਕੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਐਤਵਾਰ ਰਾਤ ਤੋਂ ਹੀ ਦਰਮਿਆਨੇ ਤੋਂ ਭਾਰੀ ਮੀਂਹ ਪੈ ਰਿਹਾ ਹੈ। ਐਤਵਾਰ ਰਾਤ ਨੂੰ ਦੋ ਕੌਮੀ ਸ਼ਾਹਰਾਹਾਂ ਸਮੇਤ ਕੁੱਲ 484 ਸੜਕਾਂ ਆਵਾਜਾਈ ਲਈ ਬੰਦ ਰਹੀਆਂ। ਇਨ੍ਹਾਂ ਵਿੱਚੋਂ ਮੰਡੀ ਜ਼ਿਲ੍ਹੇ ਵਿੱਚ 245 ਸੜਕਾਂ ਅਤੇ ਨਾਲ ਲੱਗਦੇ ਕੁੱਲੂ ਵਿੱਚ 102 ਸੜਕਾਂ ਬੰਦ ਕਰ ਦਿੱਤੀਆਂ ਗਈਆਂ।

ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ (SEOC) ਨੇ ਕਿਹਾ ਕਿ ਚੰਬਾ ਅਤੇ ਪਠਾਨਕੋਟ ਨੂੰ ਜੋੜਨ ਵਾਲਾ ਕੌਮੀ ਸ਼ਾਹਰਾਹ 154A ਅਤੇ ਔਟ ਅਤੇ ਸੈਂਜ ਨੂੰ ਜੋੜਨ ਵਾਲਾ ਕੌਮੀ ਸ਼ਾਹਰਾਹ 305 ਵੀ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ, ਰਾਜ ਵਿੱਚ ਕੁੱਲ 941 ਬਿਜਲੀ ਸਪਲਾਈ ਟ੍ਰਾਂਸਫਾਰਮਰ ਅਤੇ 95 ਜਲ ਸਪਲਾਈ ਯੋਜਨਾਵਾਂ ਵਿੱਚ ਵਿਘਨ ਪਿਆ ਹੈ।

SEOC ਨੇ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ 20 ਜੂਨ ਤੋਂ 24 ਅਗਸਤ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 155 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 37 ਲੋਕ ਲਾਪਤਾ ਹਨ। SEOC ਨੇ ਕਿਹਾ ਹੈ ਕਿ ਹੁਣ ਤੱਕ ਰਾਜ ਵਿੱਚ ਅਚਾਨਕ ਹੜ੍ਹਾਂ ਦੀਆਂ 77, 40 ਬੱਦਲ ਫਟਣ ਅਤੇ 79 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹਿਮਾਚਲ ਪ੍ਰਦੇਸ਼ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 2,348 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Related posts

ਐਂਟੀਵਾਇਰਸ ਸਾਫਟਵੇਅਰ McAfee ਦੇ ਫਾਊਂਡਰ ਜੌਨ ਡੇਵਿਡ ਮੈਕੇਫੀ ਨੇ ਕੀਤੀ ਆਤਮਹੱਤਿਆ

On Punjab

1984 ਸਿੱਖ ਵਿਰੋਧੀ ਦੰਗੇ ਸੱਜਣ ਕੁਮਾਰ ਤੋਂ ਬਾਅਦ ਅਗਲੀ ਵਾਰੀ ਜਗਦੀਸ਼ ਟਾਈਟਲਰ ਤੇ ਕਮਲ ਨਾਥ ਦੀ: ਮਨਜਿੰਦਰ ਸਿਰਸਾ

On Punjab

ਸੇਸ਼ਨ ਦਾ ਨਾਂ ਸੁਣਦਿਆਂ ਹੀ ਸਿਆਸੀ ਲੀਡਰਾਂ ਨੂੰ ਕਾਂਬਾ!

On Punjab