46.04 F
New York, US
April 19, 2024
PreetNama
ਸਮਾਜ/Social

ਆਜ਼ਾਦ ਭਾਰਤ ‘ਚ ਕੀ ਔਰਤ ‘ਆਜ਼ਾਦ’ ਹੈ?

ਔਰਤ ਦਿਵਸ ‘ਤੇ ਵਿਸ਼ੇਸ..

ਆਜ਼ਾਦ ਭਾਰਤ ‘ਚ ਕੀ ਔਰਤ ‘ਆਜ਼ਾਦ’ ਹੈ?

 

ਅੱਜ ਬੜੇ ਹੀ ਚਾਵਾਂ ਦੇ ਨਾਲ ਭਾਰਤ ਸਮੇਤ ਪੂਰੀ ਦੁਨੀਆਂ ਦੇ ਵਿਚ ਕਈ ਅਧਿਕਾਰੀਆਂ, ਕਰਮਚਾਰੀਆਂ ਅਤੇ ਸਿਆਸਤਦਾਨਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਵਲੋਂ ਔਰਤ ਦਿਵਸ ਮਨਾਇਆ ਜਾ ਰਿਹਾ ਹੈ। ਕਈ ਲੋਕ ਕਹਿ ਰਹੇ ਹਨ ਕਿ ਇਹ ਔਰਤਾਂ ਦਾ ਦਿਨ ਹੈ, ਇਸ ਲਈ ਔਰਤ ਇਸ ਨੂੰ ਬੜੇ ਹੀ ਚਾਵਾਂ ਦੇ ਨਾਲ ਮਨਾਉਂਦੀ ਹਨ। ਅਜਿਹੀਆਂ ਗੱਲਾਂ ਬੋਲਣ ਵਾਲਿਆਂ ਨੂੰ ਪਹਿਲੋਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਆਖਰ ਉਹ ਵੀ ਤਾਂ ਇਕ ਔਰਤ ਦੀ ਕੁੱਖੋਂ ਹੀ ਪੈਦਾ ਹੋਏ ਹਨ।

ਸਾਡੇ ਸਮਾਜ ਦੇ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਔਰਤ ਪੱਖੀ ਹਾਂ ਦਾ ਨਜ਼ਰੀਆ ਰੱਖਦੇ ਹਨ ਅਤੇ ਉਨ੍ਹਾਂ ਦੇ ਹਰ ਕੰਮ ਵਿਚ ਮਦਦ ਕਰਦੇ ਹਨ। ਪਰ ਕਈ ਅਜਿਹੇ ਵੀ ਲੋਕ ਹਨ, ਜੋ ਔਰਤ ਨੂੰ ਵੇਖ ਕੇ ਖੁਸ਼ ਨਹੀਂ ਹਨ ਅਤੇ ਜੇਕਰ ਔਰਤ ਬਾਹਰ ਨੌਕਰੀ ਜਾਂ ਫਿਰ ਕੰਮ ‘ਤੇ ਜਾਂਦੀ ਹੈ ਤਾਂ ਉਸ ‘ਤੇ ਕਈ ਪ੍ਰਕਾਰ ਦੀਆਂ ਰੋਕਾਂ ਲਗਾ ਦਿੱਤੀਆਂ ਜਾਂਦੀਆਂ ਹਨ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਔਰਤ ਹਾਲੇ ਆਜ਼ਾਦ ਨਹੀਂ ਹੋਈ, ਬਲਕਿ ਗੁਲਾਮ ਹੀ ਤੁਰੀਂ ਫਿਰਦੀ ਹੈ।

ਪੰਜਾਬ ਸਮੇਤ ਹੋਰ ਰਾਜਾਂ ਦੇ ਵਿਚ ਬਹੁਤ ਸਾਰੇ ਪਰਿਵਾਰ ਅਤੇ ਔਰਤਾਂ ਅਜਿਹੀਆਂ ਵੀ ਹੋਣਗੀਆਂ, ਜਿਨ੍ਹਾਂ ਵਿਚਾਰੀਆਂ ਨੂੰ ਉਨ੍ਹਾਂ ਦੇ ਦਿਨਾਂ ਦਾ ਵੀ ਨਹੀਂ ਪਤਾ ਹੋਣਾ। ਕਿਉਂਕਿ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਦੇ ਕਾਰਨ ਉਹ ਅੱਜ ਵੀ ਗੁਲਾਮ ਹਨ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਹੁਣ ਤੱਕ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਿਆ ਹੈ, ਜਿਥੇ ਔਰਤ ਨੂੰ ਨੌਕਰੀ ਆਦਿ ਕੰਮ ਕਰਨ ਦੀ ਪਰਿਵਾਰ ਵਾਲਿਆਂ ਵਲੋਂ ਇਜਾਜਤ ਦਿੱਤੀ ਜਾ ਰਹੀ ਹੈ।

ਉਥੇ ਹੀ ਸਕੂਲਾਂ ਕਾਲਜ਼ਾਂ ਵਿਚ ਪੜ੍ਹਣ ਲਈ ਵੀ ਬੱਚੀਆਂ ਅਤੇ ਔਰਤਾਂ ਨੂੰ ਭੇਜਿਆ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਇਹ ਸਭ ਵਿਗਿਆਨਿਕ ਸੋਚ ਦਾ ਨਤੀਜਾ ਹੈ। ਭਾਵੇਂਕਿ ਸਾਡੇ ਗ੍ਰੰਥਾਂ ਦੇ ਵਿਚ ਔਰਤ ਨੂੰ ਬਹੁਤ ਉਚਾ ਦਰਜਾ ਦਿੱਤਾ ਗਿਆ ਹੈ, ਪਰ ਕਿਤੇ ਨਾ ਕਿਤੇ ਸਾਡੇ ਲੋਕ ਗ੍ਰੰਥਾਂ ਦੀ ਵਿਆਖਿਆ ਨੂੰ ਪਾਸੇ ਰੱਖ ਕੇ ਆਪਣੀ ਹੀ ਕਹਾਣੀ ਲੈ ਤੁਰਦੇ ਹਨ ਅਤੇ ਔਰਤ ਨੂੰ ‘ਪੈਰਾਂ’ ਹੇਠਾਂ ਨੱਪਣ ਦੀ ਕੋਸ਼ਿਸ ਕਰਦੇ ਹਨ।

ਮੈਂ ਵੀ ਜਾਣਦੀ ਹਾਂ ਕਿ ਪੰਜਾਬ ਦੀਆਂ ਅਜਿਹੀਆਂ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ, ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ, ਪਰ ਵਿਆਹ ਤੋਂ ਬਾਅਦ ਉਹੀਂ ਕੁੜੀਆਂ ਜਦੋਂ ਆਪਣੇ ਸਹੁਰੇ ਘਰ ਜਾਂਦੀਆਂ ਹਨ ਤਾਂ ਬਜ਼ਾਰ ਤੋਂ ਇਲਾਵਾ ਸਕੂਲਾਂ ਵਿਚ ਬੱਚੇ ਛੱਡਣ ਤੋਂ ਇਲਾਵਾ ਲੈਣ ਦਾ ਕੰਮ ਵੀ ਉਕਤ ਕੁੜੀਆਂ ਹੀ ਕਰਦੀਆਂ ਹਨ। ਵਿਆਹ ਤੋਂ ਪਹਿਲੋਂ ਬੱਚੀਆਂ ‘ਤੇ ਲਗਾਈਆਂ ਜਾਂਦੀਆਂ ਰੋਕਾਂ ਹੀ ਬੱਚੀਆਂ ਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ।

ਸਾਡੇ ਸਮਾਜ ਵਿਚ ਰਹਿ ਰਹੇ ਬੁੱਧੀਜੀਵੀ ਲੋਕ ਭਾਵੇਂ ਹੀ ਹਰ ਪਾਸੇ ਪ੍ਰਚਾਰ ਕਰ ਰਹੇ ਹਨ ਕਿ ਔਰਤ ਨੂੰ ਮਰਦਾ ਦੇ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ, ਪਰ ਕੁਝ ਪੁਰਾਣੀ ਸੋਚ ਲਈ ਬੈਠੇ ਲੋਕ ਅਜਿਹਾ ਕਦੇ ਵੀ ਪਾਸੰਦ ਨਹੀਂ ਕਰਦੇ।ਇਥੇ ਮੈਂ ਦੱਸ ਦਿਆਂ ਕਿ ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ, ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ। ਕਿਉਂਕਿ ਇਹ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ।

ਇੱਕ ਲੁੱਟਣ ਵਾਲੀ ਜਮਾਤ ਅਤੇ ਦੂਜੀ ਲੁੱਟੀ ਜਾਣ ਵਾਲੀ, ਜਿਨ੍ਹਾਂ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਔਰਤ ਵੀ ਅਜ਼ਾਦ ਨਹੀਂ ਹੋ ਸਕਦੀ। ਔਰਤਾਂ ਪ੍ਰਤੀ ਵੱਧ ਰਹੀ ਹਿੰਸਾ ਦੇ ਵੀ ਕਈ ਕਾਰਣ ਹਨ, ਜੋ ਕਿ ਮਨੁੱਖ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਅੱਜ ਵੀ ਪੰਜਾਬੀ ਭਾਈਚਾਰੇ ਵਿੱਚ ਕਿੰਨੀਆਂ ਹੀ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੀਆਂ ਗਈਆਂ ਜਾਂ ਹਰ ਰੋਜ਼ ਹਿੰਸਾ ਦਾ ਸੰਤਾਪ ਹੰਢਾਉਂਦੀਆਂ ਹਨ।

ਇਸ ਦੇ ਕਾਰਣ ਹਨ ਦਾਜ ਦੇਣ ਲੈਣ ਪਿੱਛੇ, ਬਾਹਰਲੇ ਦੇਸ਼ਾਂ ਨੂੰ ਜਾਣ ਦੇ ਸੁਪਨੇ ਪੂਰੇ ਕਰਨ ਲਈ ਅਣ-ਜੋੜ ਰਿਸ਼ਤੇ, ਜਾਂ ਲੋਕਾਂ ਵਿੱਚ ਨਸ਼ਿਆਂ ਦੇ ਸੇਵਨ ਵਧਣ ਨਾਲ ਖਰਚਿਆਂ ਦਾ ਵਧਣਾ ਅਤੇ ਆਮਦਨ ਦੇ ਘਟਣ ਨਾਲ ਆਪਸੀ ਤਣਾਓ ਦਾ ਵੱਧਣਾ ਹੀ ਹਿੰਸਾ ਦਾ ਕਾਰਣ ਹੈ। ਅੱਜ 21ਵੀਂ ਸਦੀ ਵਿਚ ਪਧਾਰ ਚੁੱਕੇ ਹਾਂ ਅਸੀਂ, ਪਰ ਫਿਰ ਵੀ ਨਾਰੀ ਮੁਕਤੀ ਦਾ ਅੰਦੋਲਨ ਕੰਮਜ਼ੋਰ ਨਜ਼ਰ ਆ ਰਿਹਾ ਹੈ।

ਅੱਜ ਵੀ ਔਰਤ ਵਿਚੋਂ ਉਸ ਦੀ ਸੰਵੇਦਨਸ਼ੀਲਤਾ, ਮਮਤਾ ਵਰਦਾਨ, ਸ਼ਹਿਣਸ਼ੀਲਤਾ, ਤੇ ਉਸ ਦਾ ਵਿਅਕਤੀਤਵ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹੁਣ ਔਰਤ ਨੂੰ ਨਵੇਂ ਸਿਰੇ ਤੋਂ ਆਪਣੇ ਹੱਕਾਂ ਅਤੇ ਫਰਜ਼ਾਂ ਨੂੰ ਪਛਾਣਦੇ ਹੋਏ ਪੂੰਜੀਵਾਦੀ ਸਮਾਜ ਦੀ ਚੁੰਗਲ ਵਿੱਚੋਂ ਨਿਕਲਣ ਲਈ ਆਪਣੇ ਸ਼ੋਸ਼ਣ ਰਾਂਹੀ ਹੋ ਰਹੀ ਅਸਿੱਧੀ ਲੁੱਟ ਨੂੰ ਅੱਖਾਂ ਤੋਂ ਪੱਟੀ ਲਾਹ ਕੇ ਦੇਖਣ ਦੀ ਲੋੜ ਹੈ।

ਕੁਝ ਲੋਕਾਂ ਵਲੋਂ ਔਰਤ ਦੀ ਅਜ਼ਾਦੀ ਦੀ ਲੜਾਈ ਨੂੰ ਸਿਰਫ ਮਰਦ ਤੋਂ ਅਜ਼ਾਦੀ ਦੀ ਲੜਾਈ ਦਰਸਾ ਕੇ ਔਰਤ ਮਰਦ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਖੜ੍ਹਾਇਆ ਗਿਆ ਹੈ, ਪਰ ਔਰਤ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਮਰਦ ਦੋਨੋਂ ਇੱਕ ਦੂਜੇ ਬਿਨ੍ਹਾਂ ਅਧੂਰੇ ਹਨ। ਸੋ ਇਸ ਲਈ ਔਰਤ ਨੂੰ ਆਪਣੇ ਹੱਕਾਂ ਅਤੇ ਆਜ਼ਾਦੀ ਲਈ ਲੜਾਈ ਲੜਣੀ ਪਵੇਗੀ।

ਲੇਖਿਕਾ: ਪਰਮਜੀਤ ਕੌਰ ਸਿੱਧੂ

Related posts

ISRO ਦਾ PSLV-C50 ਰਾਕੇਟ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਇਆ ਲਾਂਚ

On Punjab

ਹੁਣ ਬਿਨਾ ਕਾਰਡ ATM ਤੋਂ ਨਿਕਲਣਗੇ ਪੈਸੇ, ਖ਼ਤਮ ਹੋਣਗੇ ਡੈਬਿਟ ਕਾਰਡ

On Punjab

ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ-ਮਾਨ

On Punjab