ਮਹਿਲ ਕਲਾਂ- ਮਹਿਲ ਕਲਾਂ ਨੇੜੇ ਬਾਬਾ ਗਾਂਧਾ ਸਕੂਲ ਦੀ ਇਕ ਬੱਸ ਅੱਜ ਖੇਤਾਂ ਵਿੱਚ ਪਲਟ ਜਾਣ ਕਾਰਨ ਕੰਡਕਟਰ ਦੀ ਮੌਤ ਹੋ ਗਈ, ਜਦਕਿ ਸਕੂਲੀ ਬੱਚਿਆਂ ਦਾ ਬਚਾਅ ਰਿਹਾ। ਇਹ ਹਾਦਸਾ ਪਿੰਡ ਕਿਰਪਾਲ ਸਿੰਘ ਵਾਲਾ ਲਿੰਕ ਸੜਕ ‘ਤੇ ਵਾਪਰਿਆ। ਬੱਸ ਦੇ ਡਰਾਈਵਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਮਹਿਲ ਕਲਾਂ ਤੋਂ ਬੱਚੇ ਉਤਾਰ ਕੇ ਪਿੰਡ ਕਿਰਪਾਲ ਸਿੰਘ ਵਾਲਾ ਲਿੰਕ ਸੜਕ ‘ਤੇ ਉਹ ਅੱਗੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਨੂੰ ਸਾਈਡ ਦੇਣ ਲੱਗੇ। ਉਸ ਸਮੇਂ ਮੀਂਹ ਪੈਣ ਕਾਰਨ ਸੜਕ ਦੱਬਣ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ ਅਤੇ ਕੰਡਕਟਰ ਅੰਮ੍ਰਿਤਪਾਲ ਸਿੰਘ ਬੱਸ ਹੇਠਾਂ ਦੱਬ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਪੁਲੀਸ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਹਾਦਸੇ ਦੀ ਇਤਲਾਹ ਮਿਲਣ ‘ਤੇ ਮੌਕੇ ਉਪਰ ਪਹੁੰਚ ਕੇ ਜਾਂਚ ਕੀਤੀ ਗਈ। ਬੱਸ ਹੇਠਾਂ ਦੱਬੇ ਕੰਡਕਟਰ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ ਗਿਆ ਅਤੇ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
ਮ੍ਰਿਤਕ ਕੰਡਕਟਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਕਲਾਲਮਾਜਰਾ ਵਜੋਂ ਹੋਈ ਹੈ। ਪੁਲੀਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।