ਅਬੋਹਰ- ‘ਨਵਾਂ ਵੇਅਰ ਵੈੱਲ’ ਸ਼ੋਅਰੂਮ ਦੇ ਸਹਿ ਮਾਲਕ ਤੇ ਉੱਘੇ ਕਾਰੋਬਾਰੀ ਸੰਜੈ ਵਰਮਾ ਦਾ ਅੱਜ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਤੇ ਚਸ਼ਮਦੀਦਾਂ ਮੁਤਾਬਕ ਇਹ ਪੂਰੀ ਵਾਰਦਾਤ ਵਰਮਾ ਦੀ ਮਾਲਕੀ ਵਾਲੇ ਸ਼ੋਅਰੂਮ ਦੇ ਬਿਲਕੁਲ ਬਾਹਰ ਵਾਪਰੀ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਵਰਮਾ ’ਤੇ 10 ਦੇ ਕਰੀਬ ਗੋਲੀਆਂ ਚਲਾਈਆਂ। ਇਨ੍ਹਾਂ ਵਿਚੋਂ ਚਾਰ ਗੋਲੀਆਂ ਵਰਮਾ ਦੀ ਆਈ20 ਕਾਰ ਵਿਚ ਲੱਗੀਆਂ। ਕੌਮਾਂਤਰੀ ਫੇਮ ਪਹਿਲਵਾਨ ਗ੍ਰੇਟ ਖਲੀ ਨੇ ਬਹੁਤ ਪਹਿਲਾਂ ਸ਼ੋਅਰੂਮ ਦਾ ਉਦਘਾਟਨ ਕੀਤਾ ਸੀ। ਪੌਲੀਵੁੱਡ ਦੇ ਕਲਾਕਾਰ, ਖਿਡਾਰੀ, ਸੀਨੀਅਰ ਨਿਆਂਇਕ ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਸ਼ੋਅਰੂਮ ਵਿਚ ਆਉਣ ਜਾਣ ਸੀ। ਸੰਜੈ ਵਰਮਾ (58) ਫੈਸ਼ਨ ਡਿਜ਼ਾਈਨਰ ਜਗਤ ਵਰਮਾ, ਜਿਸ ਨੂੰ ਆਲਮੀ ਪੱਧਰ ’ਤੇ ਬਹੁਤ ਮਾਣ ਸਨਮਾਨ ਮਿਲਿਆ ਹੈ, ਦਾ ਛੋਟਾ ਭਰਾ ਸੀ।
ਪੁਲੀਸ ਵੱਲੋਂ ਹਮਲਾਵਰਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਫੌਰੀ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਕਤਲ ਪਿਛਲਾ ਮਨੋਰਥ ਅਜੇ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀ ਕਾਰੋਬਾਰੀ ਦੁਸ਼ਮਣੀ ਅਤੇ ਨਿੱਜੀ ਦੁਸ਼ਮਣੀ ਸਮੇਤ ਸਾਰੇ ਸੰਭਾਵੀ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਸੰਜੈ ਵਰਮਾ ਦੀ ਹੱਤਿਆ ਨਾਲ ਸਥਾਨਕ ਭਾਈਚਾਰਾ ਸਦਮੇ ਵਿੱਚ ਹੈ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਰਮਾ ਦੇ ਦਿਨ ਦਿਹਾੜੇ ਹੋਏ ਕਤਲ ਦੀ ਨਿਖੇਧੀ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਨਹੀਂ ਬਲਕਿ ਜੰਗਲ ਰਾਜ ਹੈ।