PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ: ਅਮਰੀਕੀ ਵਿਦੇਸ਼ ਮੰਤਰਾਲਾ

ਵਾਸ਼ਿੰਗਟਨ- ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦਰਮਿਆਨ ਦੋਵਾਂ ਧਿਰਾਂ ’ਚ ਸਿੱਧੀ ਗੱਲਬਾਤ ਦੀ ਵਕਾਲਤ ਕਰਦਾ ਹੈ। ਅਮਰੀਕਾ ਨੇ ਸ਼ਾਂਤੀ ਦਾ ਰਾਹ ਚੁਣਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸ਼ਲਾਘਾ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਫੌਜੀ ਸੰਘਰਸ਼ ਖਤਮ ਕਰਨ ’ਤੇ ਸ਼ਨਿਚਰਵਾਰ ਨੂੰ ਸਹਿਮਤੀ ਜਤਾਈ ਸੀ।

ਭਾਰਤ ਸਰਕਾਰ ਦੇ ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਡੀਜੀਐੱਮਓ ਦੇ ਵਿਚਕਾਰ ਗੱਲਬਾਤ ਤੋਂ ਬਾਅਦ ਫੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਬਣੀ ਅਤੇ ਇਸ ’ਚ ਕੋਈ ਤੀਜਾ ਪੱਖ ਸ਼ਾਮਲ ਨਹੀਂ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਪ੍ਰਮੁੱਖ ਉਪ ਬੁਲਾਰੇ ਥਾਮਸ ਪਿਗੋਟ ਨੇ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, “ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਸ਼ਾਂਤੀ ਦਾ ਰਾਹ ਚੁਣਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਰੀਫ ਦੀ ਸ਼ਲਾਘਾ ਕਰਦੇ ਹਾਂ।”

ਜਦੋਂ ਪਿਗੌਟ ਤੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨੀ ਨੇਤਾਵਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਆਪਣੀ ਗੱਲਬਾਤ ਦੌਰਾਨ ਕੋਈ ਵਾਅਦਾ ਕੀਤਾ ਸੀ ਕਿ ਉਹ (ਪਾਕਿਸਤਾਨ) ਅਤਿਵਾਦੀ ਢਾਂਚੇ ਨੂੰ ਤਬਾਹ ਕਰ ਦੇਣਗੇ, ਤਾਂ ਬੁਲਾਰੇ ਨੇ ਕਿਹਾ ਕਿ ਉਹ ਨਿੱਜੀ ਕੂਟਨੀਤਕ ਗੱਲਬਾਤ ਬਾਰੇ ਚਰਚਾ ਨਹੀਂ ਕਰਨਗੇ।

ਉਨ੍ਹਾਂ ਕਿਹਾ, ‘‘ਅਸੀਂ ਪਿਛਲੇ ਕੁਝ ਦਿਨਾਂ ਤੋਂ ਜੋ ਕਹਿ ਰਹੇ ਹਾਂ, ਮੈਂ ਉਹੀ ਕਹਿ ਸਕਦਾ ਹਾਂ ਕਿ ਅਸੀਂ ਇਸ ਹਫ਼ਤੇ ਦੇ ਅਖੀਰ ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਗੋਲੀਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਸ਼ਾਂਤੀ ਦਾ ਰਾਹ ਚੁਣਨ ਲਈ ਦੋਵਾਂ ਪ੍ਰਧਾਨ ਮੰਤਰੀਆਂ ਦੀ ਸ਼ਲਾਘਾ ਕਰਦੇ ਹਾਂ।’’ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ, ‘‘ਉਹ (ਟਰੰਪ) ਇਸ ਮਾਮਲੇ ’ਚ ਬਹੁਤ ਸਪੱਸ਼ਟ ਸਨ। ਅਸੀਂ ਪੱਖਕਾਰਾਂ ਵਿਚਕਾਰ ਸਿੱਧੇ ਸੰਵਾਦ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਇਸ ਨੂੰ ਲੈ ਕੇ ਅਸੀਂ ਬਹੁਤ ਸਪਸ਼ਟ ਹਾਂ।’’

ਇਸ ਦੌਰਾਨ ਇਹ ਪੁੱਛੇ ਜਾਣ ’ਤੇ ਕਿ ਕਥਿਤ ਪਰਮਾਣੂ ਰੇਡੀਏਸ਼ਨ ਦੇ ਰਿਸਾਅ ਦੀ ਰਿਪੋਰਟ ਤੋਂ ਬਾਅਦ ਕੀ ਅਮਰੀਕਾ ਨੇ ਪਾਕਿਸਤਾਨ ’ਚ ਟੀਮ ਭੇਜੀ ਹੈ, ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਕੋਲ ਇਸ ਮਾਮਲੇ ’ਤੇ ਕਹਿਣ ਲਈ ਕੁਝ ਨਹੀਂ ਹੈ।

Related posts

ਪੰਥ ’ਚੋਂ ਛੇਕੇ ਲੰਗਾਹ ਦੀਆਂ ਸਿਆਸੀ ਸਰਗਰਮੀਆਂ ‘ਤੇ ਅਕਾਲ ਤਖਤ ਵੱਲੋਂ ਆਇਆ ਇਹ ਹੁਕਮ…

On Punjab

ਮਹਾਕੁੰਭ: ਏਕਤਾ ਦਾ ‘ਮਹਾਯੱਗ’ ਸਮਾਪਤ ਹੋਇਆ: ਮੋਦੀ

On Punjab

Punjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲ

On Punjab