PreetNama
English Newsਖੇਡ-ਜਗਤ/Sports News

ਕੋਰੋਨਾ ਦੌਰ ’ਚ ਖੇਡ ਸਿਖਲਾਈ ਕੇਂਦਰਾਂ ਵਿਚ ਪਰਤ ਆਵੇ ਰੌਣਕ

ਕੁਦਰਤ ਦੀ ਬਣਾਈ ਇਸ ਖ਼ੂਬਸੂਰਤ ਦੁਨੀਆ ਵਿਚ ਜੋ ਕੋਰੋਨਾ ਨਾਂ ਦੀ ਆਲਮੀ ਵਬਾ ਫੈਲੀ ਹੋਈ ਹੈ, ਉਸ ਨੇ ਸੰਸਾਰ ਦੇ ਹਰ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੀ ਮਾਰ ਤੋਂ ਫਿਟਨੈੱਸ ਅਤੇ ਖੇਡ ਜਗਤ ਵੀ ਅਛੂਤਾ ਨਹੀਂ ਰਹਿ ਸਕਿਆ। ਕਹਿੰਦੇ ਨੇ ‘ਇਲਾਜ ਨਾਲੋਂ ਪਰਹੇਜ਼ ਚੰਗਾ’। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਵਿਕਸਿਤ ਦੇਸ਼ਾਂ ਨੇ ਮੈਡੀਕਲ ਸਹੂਲਤਾਂ ਤੋਂ ਪਹਿਲਾਂ ਖੇਡਾਂ ਤੇ ਫਿਟਨੈੱਸ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਆਮ ਲੋਕ ਸਰੀਰਕ ਪੱਖੋਂ ਮਜ਼ਬੂਤ ਬਣ ਸਕਣ ਤੇ ਕੋਈ ਵੀ ਵਾਇਰਲ ਇਨਫੈਕਸ਼ਨ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਨੁਕਸਾਨ ਨਾ ਪਹੁੰਚਾ ਸਕੇ ਤੇ ਕੋਵਿਡ-19 ਵਰਗੀ ਵਾਇਰਲ ਇਨਫੈਕਸ਼ਨ ਕਿਸੇ ਨੂੰ ਹੋਵੇ ਵੀ ਤਾਂ ਉਹ ਛੇਤੀ ਰੀਕਵਰ ਕਰ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇ ਪੇਸ਼ੇਵਰ ਖਿਡਾਰੀਆਂ ਲਈ ਵੀ ਬਾਇਓ ਸਕਿਉਰ ਬਬਲ ਬਣਾਏ ਹਨ, ਜਿੱਥੇ ਰਹਿ ਕੇ ਉਨ੍ਹਾਂ ਦੀ ਟੋਕੀਓ ਓਲੰਪਿਕਸ ਖੇਡਾਂ ਲਈ ਪ੍ਰੋਫੈਸ਼ਨਲ ਸਿਖਲਾਈ ਚੱਲ ਰਹੀ ਹੈ।ਇਸ ਸੰਕਟ ਦੇ ਸਮੇਂ ਵਿਚ ਵਿਸ਼ਵ ਸਿਹਤ ਸੰਗਠਨ ਤੇ ਵੱਖੋ-ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕਈ ਕੋਵਿਡ-19 ਗਾਈਡਲਾਈਨਜ਼ ਜਾਰੀ ਕਰ ਰਹੀਆਂ ਹਨ। ਭਾਰਤ ਵਿਚ ਸਿਹਤ ਮੰਤਰਾਲਾ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਐਂਡ ਰਿਸਰਚ ਸਮੇਂ-ਸਮੇਂ ’ਤੇ ਦੇਸ਼ ਦੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ। ਪੰਜਾਬ ਵਿਚ ਇਹ ਦਾਰੋਮਦਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹਿੱਸੇ ਆਉਂਦਾ ਹੈ। ਕੋਵਿਡ-19 ਗਾਈਡਲਾਈਨਜ਼ ਤਜਰਬੇਕਾਰ ਸਿਹਤ ਮਾਹਿਰਾਂ ਅਤੇ ਉੱਚ ਸਰਕਾਰੀ ਨੀਤੀ ਘਾੜਿਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਪਰ ਕਿਤੇ ਨਾ ਕਿਤੇ ਦੇਖਣ ’ਚ ਇਹ ਲੱਗਦਾ ਹੈ ਕਿ ਇਹ ਨੀਤੀਆਂ ਏ.ਸੀ. ਕਮਰਿਆਂ ਵਿਚ ਬੈਠ ਕੇ ਸਰਕਾਰ ਦੀ ਸਹੂਲਤ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ। ਇਹ ਗਾਈਡਲਾਈਨਜ਼ ਬਣਾਉਣ ਤੋਂ ਪਹਿਲਾਂ ਜ਼ਮੀਨੀ ਪੱਧਰ ਦੀ ਹਕੀਕਤ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਆਪਣੇ ਦੇਸ਼ ਵਿਚ ਕੋਵਿਡ ਲਾਕਡਾਊਨ ਦੇ ਨਾਂ ’ਤੇ ਖੇਡ ਸੈਂਟਰ ਅਤੇ ਜਿੰਮ ਤਾਂ ਬੰਦ ਕਰਵਾ ਦਿੱਤੇ ਹਨ ਪਰ ਸ਼ਰਾਬ ਦੇ ਠੇਕੇ, ਚੋਣ ਰੈਲੀਆਂ, ਧਾਰਮਿਕ ਸਮਾਗਮਾਂ ਆਦਿ ’ਤੇ ਵੋਟ ਬੈਂਕ ਦੀ ਰਾਜਨੀਤੀ ਕਾਰਨ ਕੋਈ ਠੋਸ ਕਾਰਵਾਈ ਨਹੀਂ ਕੀਤੀ। ਚਾਹੇ ਕੇਂਦਰ ਸਰਕਾਰ ਦੀ ਕੋਵਿਡ-19 ਪ੍ਰਬੰਧਨ ਕਮੇਟੀ ਹੋਵੇ ਜਾਂ ਰਾਜਾਂ ਦੀ ਕਮੇਟੀ ਹੋਵੇ, ਕਿਸੇ ਨੇ ਵੀ ਖੇਡ ਸੈਂਟਰ ਅਤੇ ਜਿੰਮ ਬੰਦ ਕਰਨ ਦੀ ਤਜਵੀਜ਼ ਪੇਸ਼ ਕਰਨ ਤੋਂ ਪਹਿਲਾਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਕਿਸੇ ਨੁਮਾਇੰਦੇ, ਫਿਟਨੈੱਸ ਮਾਹਿਰ ਜਾਂ ਖੇਡ ਮਾਹਿਰ ਦੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਸਮਝੀ। ਹਾਲਾਂਕਿ ਆਪਣੇ ਦੇਸ਼ ਵੱਲੋਂ ਵੀ ਕਈ ਖਿਡਾਰੀ ਓਲੰਪਿਕਸ ਲਈ ਕੁਆਲੀਫਾਈ ਕਰ ਚੁੱਕੇ ਹਨ, ਉਨ੍ਹਾਂ ਦੀ ਸਿਖਲਾਈ ਲਈ ਕਿਸੇ ਕਿਸਮ ਦਾ ਬਾਇਓ ਸਕਿਉਰ ਬਬਲ ਟ੍ਰੇਨਿੰਗ ਸੈਂਟਰ ਨਹੀਂ ਬਣਾਇਆ ਗਿਆ। ਇਨ੍ਹਾਂ ‘ਮਹਾਨ’ ਨੀਤੀਵਾਨਾਂ ਨੇ ਤਾਂ ਇੰਡੋਰ ਜਿੰਮ ਅਤੇ ਆਊਟਡੋਰ ਖੇਡ ਕੰਪਲੈਕਸਾਂ ਨੂੰ ਇੱਕੋ ਰੱਸੇ ਪਰੋ ਕੇ ਰੱਖ ਦਿੱਤਾ। ਆਊਟਡੋਰ ਖੇਡ ਸੈਂਟਰਾਂ ਵਿਚ ਕੋਰੋਨਾ ਗਾਈਡਲਾਈਨਜ਼ ਨੂੰ ਧਿਆਨ ਵਿਚ ਰੱਖਦਿਆਂ ਬੜੀ ਆਸਾਨੀ ਨਾਲ ਟ੍ਰੇਨਿੰਗ ਕਰਵਾਈ ਜਾ ਸਕਦੀ ਹੈ।

ਹਾਂ, ਇਸ ਵਿਚ ਕੋਈ ਦੋ ਰਾਏ ਨਹੀਂ ਕਿ ਕਿਸੇ ਵੀ ਇੰਡੋਰ ਕੰਪਲੈਕਸ ਵਿਚ ਕੋਰੋਨਾ ਦੀ ਲਾਗ ਦਾ ਖ਼ਤਰਾ ਵਧ ਸਕਦਾ ਹੈ ਪਰ ਜੇ ਇੰਡੋਰ ਜਿੰਮ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕੋਈ ਪਰੇਸ਼ਾਨੀ ਨਹੀਂ ਆਵੇਗੀ। ਖੇਡ ਜਗਤ ਨਾਲ ਜੁੜੇ ਹੋਏ ਲੋਕਾਂ ਤੇ ਫਿਟਨੈੱਸ ਪ੍ਰੇਮੀਆਂ ਦੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦਰਖਾਸਤ ਹੈ ਕਿ ਅਗਲੇਰੀ ਨੀਤੀ ਬਣਾਉਣ ਤੋਂ ਪਹਿਲਾਂ ਇਕ ਵਾਰ ਹੇਠ ਲਿਖੀਆਂ ਕੁਝ ਤਜਵੀਜ਼ਾਂ ’ਤੇ ਗੌਰ ਫਰਮਾ ਕੇ ਪਿਛਲੀਆਂ ਗਾਈਡਲਾਈਨਜ਼ ਵਿਚ ਸੋਧਾਂ ਕਰ ਕੇ ਖੇਡ ਟ੍ਰੇਨਿੰਗ ਸੈਂਟਰ ਅਤੇ ਜਿੰਮ ਖੋਲ੍ਹ ਦੇਣ। ਸਭ ਤੋਂ ਪਹਿਲਾਂ ਇੰਡੋਰ ਜਿੰਮ ਅਤੇ ਆਊਟਡੋਰ ਖੇਡ ਸੈਂਟਰਾਂ ਦੇ ਇੰਚਾਰਜਾਂ, ਕੋਚਾਂ ਅਤੇ ਖਿਡਾਰੀਆਂ ਨੂੰ ਨੈਤਿਕਤਾ ਦੇ ਆਧਾਰ ’ਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜੇ ਉਨ੍ਹਾਂ ਵਿੱਚੋਂ ਕੋਈ ਬਿਮਾਰ ਚੱਲ ਰਿਹਾ ਹੈ ਜਾਂ ਕੋਰੋਨਾ ਵਾਇਰਸ ਵਾਲੇ ਕਿਸੇ ਮਰੀਜ਼ ਨਾਲ ਨੇੜਲੇ ਸੰਪਰਕ ਵਿਚ ਹੈ ਤਾਂ ਉਸ ਨੂੰ ਖੇਡ ਅਤੇ ਟ੍ਰੇਨਿੰਗ ਸੈਂਟਰ ਵਿਖੇ ਅਭਿਆਸ ’ਤੇ ਨਹੀਂ ਆਉਣਾ ਚਾਹੀਦਾ।
ਜਿੰਮ ਹੋਣੇ ਚਾਹੀਦੇ ਨੇ ਹਵਾਦਾਰ
ਜੇ ਇੰਡੋਰ ਜਿੰਮ ਅਤੇ ਇੰਡੋਰ ਟ੍ਰੇਨਿੰਗ ਸੈਂਟਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਪੁਖਤਾ ਵੈਂਟੀਲੇਸ਼ਨ ਦੇ ਪ੍ਰਬੰਧਾਂ ਦੇ ਆਧਾਰ ’ਤੇ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ। ਜਿੰਮ ਹਵਾਦਾਰ ਹੋਣੇ ਚਾਹੀਦੇ ਹਨ, ਜਿੱਥੇ ਬਾਹਰ ਦੀ ਤਾਜ਼ੀ ਹਵਾ ਆਸਾਨੀ ਨਾਲ ਆ-ਜਾ ਸਕੇ। ਜਿੰਮ ਵਿਚ ਏ. ਸੀ. ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਉਸ ਦੀ ਬਜਾਏ ਐਗਜ਼ੈਸਟ ਫੈਨ ਲਾਉਣੇ ਚਾਹੀਦੇ ਹਨ। ਜਿੰਮ ਮਾਲਕਾਂ ਨੂੰ ਚਾਹੀਦਾ ਹੈ ਕਿ ਉਹ ਜਿੰਮ ਸੈਨੇਟਾਈਜ਼ ਰੱਖਣ ਅਤੇ ਸਾਰੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ। ਜਿੰਮ ਟ੍ਰੇਨਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਟ੍ਰੇਨਿੰਗ ਸ਼ਡਿਊਲ ਇਸ ਹਿਸਾਬ ਨਾਲ ਬਣਾਉਣ, ਜਿਸ ਨਾਲ ਪੁਲਿੰਗ ਅਤੇ ਪੁਸ਼ਿੰਗ ਵਾਲੀਆਂ ਕਸਰਤਾਂ ਸਰੀਰਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਵੱਖੋ-ਵੱਖਰੀਆਂ ਕਰਵਾਈਆਂ ਜਾ ਸਕਣ ਭਾਵ ਜਿਨ੍ਹਾਂ ਦਾ ਬੈਕ, ਬਾਈਸੈਪ ਅਤੇ ਫੋਰ-ਆਰਮ ਦਾ ਵਰਕਆਊਟ ਹੈ, ਉਨ੍ਹਾਂ ਦੀਆਂ ਮਸ਼ੀਨਾਂ ਵੱਖਰੀ ਜਗ੍ਹਾ ’ਤੇ ਹੋਣ ਅਤੇ ਜਿਨ੍ਹਾਂ ਦਾ ਚੈਸਟ, ਸ਼ੋਲਡਰ ਅਤੇ ਟ੍ਰਾਈਸੈੱਪ ਦੀ ਟ੍ਰੇਨਿੰਗ ਹੈ, ਉਨ੍ਹਾਂ ਦੇ ਉਪਕਰਨ ਵੱਖਰੇ ਰੱਖੇ ਜਾਣ।

 

 

ਓਪਨ ਵੇਟ ਖੁੱਲ੍ਹੇ ਵਿਚ ਵੀ ਕੀਤੇ ਜਾ ਸਕਦੇ ਹਨ। ਜਿੰਮ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਜਿੰਮ ਲਾਉਣ ਵਾਲਿਆਂ ਦੀ ਗਿਣਤੀ ਮਸ਼ੀਨਾਂ ਦੇ ਹਿਸਾਬ ਨਾਲ ਸੀਮਤ ਕੀਤੀ ਜਾਵੇ ਤੇ ਹਰ ਇਕ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਤੇ ਅਗਲੇ ਗਰੁੱਪ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇ।

 

 

ਦੂਰੀ ਬਣਾਉਣੀ ਜ਼ਰੂਰੀ

 

 

ਕੋਚ ਅਤੇ ਟ੍ਰੇਨਰ ਨੂੰ ਹਰ ਸਮੇਂ ਮਾਸਕ ਲਾਉਣਾ ਅਤੇ ਮੈਡੀਕਲ ਦਸਤਾਨੇ ਪਾਉਣੇ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਪਰ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਵੀ ਟ੍ਰੇਨਿੰਗ ਦੌਰਾਨ ਮਾਸਕ ਨਹੀਂ ਲਾਉਣਾ ਚਾਹੀਦਾ ਸਗੋਂ ਆਪਸ ਵਿਚ ਦਸ ਗਜ਼ ਤੋਂ ਜ਼ਿਆਦਾ ਸਰੀਰਕ ਦੂਰੀ ਰੱਖਦਿਆਂ ਵਰਕ ਆਊਟ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਕਿਸਮ ਦੀ ਸਰੀਰਕ ਕਸਰਤ ਕਰਦਿਆਂ ਸਾਡੇ ਸਰੀਰ ਦਾ ਜ਼ਿਆਦਾ ਜ਼ੋਰ ਲੱਗਦਾ ਹੈ, ਜਿਸ ਨਾਲ ਕਾਰਡੀਓ ਰੈਸਪੀਰੇਟ੍ਰੀ ਸਿਸਟਮ ਨੂੰ ਕੰਮ ਕਰਨ ਲਈ ਜ਼ਿਆਦਾ ਆਕਸੀਜਨ ਦੀ ਲੋੜ ਪੈਂਦੀ ਹੈ ਅਤੇ ਮਾਸਕ ਲਾਉਣ ’ਤੇ ਪੂਰੀ ਆਕਸੀਜਨ ਮਸਲ ਸੈੱਲਾਂ ਤਕ ਨਹੀਂ ਪਹੁੰਚਦੀ। ਆਮ ਤੌਰ ’ਤੇ ਦੋ ਗਜ਼ ਸਰੀਰਕ ਦੂਰੀ ਦੀ ਹਦਾਇਤ ਕੀਤੀ ਗਈ ਹੈ ਪਰ ਵਰਕ ਆਊਟ ਸਮੇਂ ਸਾਡੀ ਸਾਹ ਲੈਣ ਦੀ ਕਿਰਿਆ ਤੇਜ਼ ਹੁੰਦੀ ਹੈ ਜਿਸ ਨਾਲ ਸਾਡੇ ਸਰੀਰ ’ਚੋਂ ਜਲਵਾਸ਼ਪ ਵੀ ਕਾਫ਼ੀ ਦੂਰੀ ਤਕ ਜਾਂਦੇ ਹਨ। ਇਸ ਕਰਕੇ ਸਾਨੂੰ ਇਕ ਦੂਜੇ ਨਾਲੋਂ ਘੱਟੋ-ਘੱਟ 10 ਗਜ਼ ਦੂਰ ਰਹਿ ਕੇ ਟ੍ਰੇਨਿੰਗ ਕਰਨੀ ਚਾਹੀਦੀ ਹੈ।

 

 

ਟ੍ਰੇਨਰਾਂ ਅਤੇ ਕੋਚਾਂ ਨੂੰ ਚਾਹੀਦਾ ਹੈ ਕਿ ਟ੍ਰੇਨਿੰਗ ਗਰੁੱਪ ਦੀ ਗਿਣਤੀ ਆਪਣੇ ਟ੍ਰੇਨਿੰਗ ਸੈਂਟਰ ਸਮਰੱਥਾ ਦੇ ਹਿਸਾਬ ਨਾਲ ਰੱਖਣੀ ਚਾਹੀਦੀ ਹੈ ਤਾਂ ਕਿ ਹਰ ਖਿਡਾਰੀ ਦਰਮਿਆਨ ਘੱਟੋ-ਘੱਟ 10 ਗਜ਼ ਦੀ ਦੂਰੀ ਰੱਖੀ ਜਾ ਸਕੇ। ਪ੍ਰੈਕਟਿਸ ਕਰਦੇ ਵੇਲੇ ਖਿਡਾਰੀਆਂ ਦੇ ਗਰੁੱਪਾਂ ਦੀ ਹੱਦਬੰਦੀ ਕਰ ਕੇ ਉੱਥੇ ਮਾਰਕਿੰਗ ਕਰ ਦੇਣੀ ਚਾਹੀਦੀ ਹੈ ਤਾਂ ਜੋ ਟ੍ਰੇਨਿੰਗ ਦੌਰਾਨ ਖਿਡਾਰੀ ਇਕ ਦੂਜੇ ਦੇ ਨੇੜੇ ਨਾ ਆ ਸਕਣ।

 

 

ਪ੍ਰੈਕਟਿਸ ਮੈਚਾਂ ਤੋਂ ਕਰਨਾ ਚਾਹੀਦਾ ਗੁਰੇਜ਼

 

 

ਟੀਮ ਗੇਮਾਂ ਜਾਂ ਕੰਪੈਕਟ ਸਪੋਰਟਸ ਵਾਲੇ ਖਿਡਾਰੀਆਂ ਦੀ ਇਕੱਠੀ ਟ੍ਰੇਨਿੰਗ ਜਾਂ ਪ੍ਰੈਕਟਿਸ ਮੈਚਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹ ਆਪਣੀ ਖੇਡ ਪੁਜੀਸ਼ਨ ਦੇ ਹਿਸਾਬ ਨਾਲ ਆਪਣੀਆਂ ਇੰਡੀਵਿਜੂਅਲ ਸਕਿੱਲ ਅਤੇ ਡਰਿੱਲਾਂ ਦੀ ਟ੍ਰੇਨਿੰਗ ਕਰ ਸਕਦੇ ਹਨ ਜਾਂ ਫਿਰ ਆਪਣੀ ਜਨਰਲ ਜਾਂ ਫੰਕਸ਼ਨਲ ਫਿਟਨੈੱਸ ’ਤੇ ਧਿਆਨ ਦੇ ਸਕਦੇ ਹਨ। ਖੇਡ ਸੈਂਟਰਾਂ ’ਤੇ ਕੋਵਿਡ ਸਬੰਧੀ ਜਾਣਕਾਰੀ ਦੇਣ ਲਈ ਕਿਸੇ ਸਿਹਤ ਮਾਹਿਰ ਦੀ ਵਰਕਸ਼ਾਪ ਲਾਉਣੀ ਚਾਹੀਦੀ ਹੈ ਅਤੇ ਸਮੇਂ -ਸਮੇਂ ’ਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੋਵਿਡ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਅਜਿਹੇ ਨਾਜ਼ੁਕ ਦੌਰ ਵਿਚ ਖੇਡ ਮੈਦਾਨ ਤੇ ਟ੍ਰੇਨਿੰਗ ਸੈਂਟਰ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਸਕਦੇ ਹਨ, ਜਿਸ ਨਾਲ ਕੋਰੋਨਾ ਦਾ ਖ਼ਤਰਾ ਤਕਰੀਬਨ ਪੰਜਾਹ ਫ਼ੀਸਦੀ ਤਕ ਘਟ ਸਕਦਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਲਈ ਅਗਾਂਹ ਤੋਂ ਜਾਰੀ ਹੋਣ ਵਾਲੀਆਂ ਕੋਵਿਡ-19 ਗਾਈਡਲਾਈਨਜ਼ ਵਿਚ ਆਊਟਡੋਰ ਖੇਡ ਸੈਂਟਰ ਅਤੇ ਇੰਡੋਰ ਜਿੰਮ ਉਪਰੋਕਤ ਤਜਵੀਜ਼ਾਂ ਦੇ ਆਧਾਰ ’ਤੇ ਖੋਲ੍ਹ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਪੇਸ਼ੇਵਰ ਖਿਡਾਰੀ ਆਪਣੇ ਮੁਲਕ ਲਈ ਓਲੰਪਿਕਸ ਅਤੇ ਹੋਰ ਆਲਮੀ ਟੂਰਨਾਮੈਂਟਾਂ ’ਚੋਂ ਵੱਧ ਤੋਂ ਵੱਧ ਮੈਡਲ ਲਿਆ ਸਕਣ ਤੇ ਆਮ ਲੋਕ ਆਪਣੇ ਆਪ ਨੂੰ ਸਰੀਰਕ ਰੂਪ ਵਿਚ ਫਿੱਟ ਰੱਖ ਕੇ ਕੋਰੋਨਾ ਦੀ ਇਸ ਨਾਮੁਰਾਦ ਬਿਮਾਰੀ ਉੱਪਰ ਫ਼ਤਹਿ ਹਾਸਲ ਕਰ ਸਕਣ।

 

ਲਿਆਉਣੇ ਚਾਹੀਦੇ ਹਨ ਨਿੱਜੀ ਉਪਕਰਨ

ਆਊਟਡੋਰ ਖੇਡ ਸੈਂਟਰਾਂ ਵਿਚ ਜਿੱਥੋਂ ਤਕ ਸੰਭਵ ਹੋ ਸਕੇ, ਆਪਣੇ ਨਿੱਜੀ ਟ੍ਰੇਨਿੰਗ ਉਪਕਰਨ ਲਿਆਉਣੇ ਚਾਹੀਦੇ ਹਨ ਜਿਵੇੇਂ ਆਪਣੀਆਂ ਹਾਕੀਆਂ, ਬੱਲੇ, ਬਾਲਾਂ, ਥੇਰਾਬੈਂਡ, ਟੱਪਣ ਵਾਲੀ ਰੱਸੀ, ਯੋਗਾ ਮੈਟ, ਪਾਣੀ ਦੀਆਂ ਬੋਤਲਾਂ ਅਤੇ ਤੌਲੀਏ ਆਦਿ। ਇਹ ਸਾਰੇ ਉਪਕਰਨ ਅਤੇ ਨਿੱਜੀ ਚੀਜ਼ਾਂ ਆਪਣੇ ਬੈਗ ਵਿਚ ਲੇਬਲ ਕਰ ਕੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਖੇਡ ਸਟੇਡੀਅਮ ਨੂੰ ਹਰ ਟ੍ਰੇਨਿੰਗ ਸੈਸ਼ਨ ਤੋਂ ਪਹਿਲਾਂ ਤੇ ਬਾਅਦ ਸੈਨੇਟਾਈਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਸਟੇਡੀਅਮ ਵਿਚ ਬਣੇ ਪਖਾਨੇ, ਵਾਸ਼ਰੂਮ ਅਤੇ ਬੈਠਣ ਵਾਲੇ ਬੈਂਚ ਆਦਿਕ ਨੂੰ ਜਿੰਨਾ ਹੋ ਸਕੇ, ਘੱਟ ਤੋਂ ਘੱਟ ਵਰਤਣਾ ਚਾਹੀਦਾ ਹੈ। ਹਰ ਇਕ ਖੇਡ ਸੈਂਟਰ ਦੇ ਐਂਟਰੀ ਪੁਆਇੰਟ ’ਤੇ ਹੈਂਡ ਸੈਨੇਟਾਈਜ਼ਰ, ਸਾਬਣ ਅਤੇ ਪਾਣੀ ਦਾ ਪੁਖ਼ਤਾ ਪ੍ਰਬੰਧ ਕਰਨਾ ਚਾਹੀਦਾ ਹੈ।

Related posts

‘Surprised’: Pakistan after Blinken says US ‘reassessing ties with Islamabad’

On Punjab

New Zealand, Australia travel bubble faced minor snags. Then came the Delta variant

On Punjab

Ready for discussion on provisions of farm laws, says agriculture minister Tomar

On Punjab