PreetNama
ਰਾਜਨੀਤੀ/Politics

ਮਹਾਰਾਸ਼ਟਰ ‘ਚ ਸਿਆਸੀ ਡਰਾਮਾ, ਹੁਣ ਤੱਕ ਤਿੰਨ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਸੱਦਾ

ਮੁੰਬਈ: ਮਹਾਰਾਸ਼ਟਰ ਵਿੱਚ ਸਿਆਸਤ ਨਿੱਤ ਨਵੀਂ ਕਰਵਟ ਲੈ ਰਹੀ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਪਹਿਲਾਂ ਬੀਜੇਪੀ, ਫਿਰ ਸ਼ਿਵ ਸੈਨਾ ਤੇ ਹੁਣ ਤੀਜੀ ਪਾਰਟੀ ਐਨਸੀਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਰਾਜਪਾਲ ਨੇ ਬੀਜੇਪੀ ਤੇ ਸ਼ਿਵ ਸੈਨਾ ਦੇ ਸਰਕਾਰ ਬਣਾਉਣ ਵਿੱਚ ਅਸਫਲ ਰਹਿਣ ਮਗਰੋਂ ਐਨਸੀਪੀ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਹੈ। ਐਨਸੀਪੀ ਦਾ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ ਪਰ ਅਜੇ ਤੱਕ ਬੇੜੀ ਕਿਸੇ ਤਣ-ਪੱਤਣ ਨਹੀਂ ਲੱਗੀ।

ਉਧਰ, ਐਨਸੀਪੀ ਨੇ ਸਾਫ਼ ਕਰ ਦਿੱਤਾ ਕਿ ਉਹ ਆਪਣੇ ਭਾਈਵਾਲ ਕਾਂਗਰਸ ਨਾਲ ਸਲਾਹ ਮਸ਼ਵਰੇ ਮਗਰੋਂ ਕੋਈ ਫੈਸਲਾ ਲਏਗੀ। ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇ ਲੋੜੀਂਦੀ ‘ਸਿਧਾਂਤਕ’ ਹਮਾਇਤ ਦਰਸਾਉਣ ਲਈ ਰਾਜਪਾਲ ਕੋਲੋਂ ਤਿੰਨ ਦਿਨ ਦਾ ਸਮਾਂ ਮੰਗਿਆ ਸੀ, ਪਰ ਰਾਜਪਾਲ ਨੇ ਇਸ ਤੋਂ ਕੋਰੀ ਨਾਂਹ ਕਰ ਦਿੱਤੀ। ਉਧਰ, ਭਾਜਪਾ ਨੇ ਅਗਲੇਰੀ ਰਣਨੀਤੀ ਘੜਨ ਲਈ ਅੱਜ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ।

ਐਨਸੀਪੀ ਦੇ ਕੌਮੀ ਬੁਲਾਰੇ ਨਵਾਬ ਮਲਿਕ ਨੇ ਕਿਹਾ, ‘ਰਾਜਪਾਲ ਨੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਭੇਜਿਆ ਹੈ। ਅਸੀਂ ਕਾਂਗਰਸ ਨਾਲ ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ।’ ਅਹਿਮ ਗੱਲ਼ ਹੈ ਕਿ ਕਾਂਗਰਸ ਤੇ ਐਨਸੀਪੀ ਮਿਲ ਕੇ ਸਰਕਾਰ ਬਣਾਉਣ ਦੇ ਯੋਗ ਨਹੀਂ ਉਨ੍ਹਾਂ ਨੂੰ ਵੀ ਸ਼ਿਵ ਸੈਨਾ ਦੀ ਹਮਾਇਤ ਦੀ ਲੋੜ ਪਏਗੀ। ਇਸ ਲਈ ਹਾਲਤ ਬੇਹੱਦ ਗੁੰਝਲਦਾਰ ਹੈ।

ਦੱਸ ਦਈਏ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 145 ਵਿਧਾਇਕਾਂ ਦੀ ਲੋੜ ਹੈ। 288 ਮੈਂਬਰੀ ਮਹਾਰਾਸ਼ਟਰ ਵਿੱਚ ਭਾਜਪਾ ਕੋਲ 105, ਸ਼ਿਵ ਸੈਨਾ 56, ਐਨਸੀਪੀ 54, ਕਾਂਗਰਸ 44 ਤੇ 29 ਆਜ਼ਾਦ ਵਿਧਾਇਕ ਹਨ।

Related posts

’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ’, ਰਾਹੁਲ ਦਾ ਮੋਦੀ ‘ਤੇ ਤਨਜ਼

On Punjab

Good News : ਠੇਕਾ ਮੁਲਾਜ਼ਮਾਂ ਲਈ ਚੰਗੀ ਖਬਰ, ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

On Punjab

ਏਅਰ ਇੰਡੀਆ ਨੇ ਅਮਰੀਕਾ ਲਈ ਉਡਾਣਾਂ ਮੁੜ ਸ਼ੁਰੂ ਕੀਤੀਆਂ

On Punjab