29.19 F
New York, US
December 16, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹੜ੍ਹਾਂ ਦੀ ਮਾਰ: ਨੁਕਸਾਨੀ ਜ਼ਮੀਨ ਦੇ ਸਰਕਾਰੀ ਅੰਕੜੇ ਸੱਚ ਤੋਂ ਕੋਹਾਂ ਦੂਰ

ਹੁਸ਼ਿਆਰਪੁਰ- ਇਥੇ ਹਾਲ ਹੀ ’ਚ ਬਿਆਸ ਦਰਿਆ ’ਚ ਆਏ ਹੜ੍ਹਾਂ ਕਾਰਨ ਨੁਕਸਾਨ ਬਾਰੇ ਸਰਕਾਰੀ ਰਿਪੋਰਟ ਦੱਸਦੀ ਹੈ ਕਿ ਜ਼ਿਲ੍ਹੇ ਅੰਦਰ ਕਰੀਬ 86 ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਇਲਾਕੇ ਦੇ 23 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਸਨ ਤੇ ਇਨ੍ਹਾਂ ਪਿੰਡਾਂ ਦੀ ਕਰੀਬ 4,325 ਏਕੜ ਤੋਂ ਵੱਧ ਰਕਬੇ ਅੰਦਰ ਕਮਾਦ, ਝੋਨੇ ਤੇ ਚਾਰੇ ਦੀ ਫਸਲ ਨੁਕਸਾਨੀ ਗਈ ਸੀ। ਮੁਕੇਰੀਆਂ ਦੇ ਪਿੰਡ ਮੋਤਲਾ, ਹਲੇੜ, ਜਨਾਰਧਨ, ਕੋਲੀਆਂ, ਮਹਿਤਾਬਪੁਰ, ਮਿਆਣੀ ਮਲਾਹ, ਕਲੀਚਪੁਰ ਕਲੋਤਾ, ਸਬਦੁੱਲਪੁਰ ਕਲੋਤਾ, ਨੁਸ਼ਹਿਰਾ ਪੱਤਣ, ਛਾਂਟਾ, ਤੱਗੜ ਕਲਾਂ, ਧਨੋਆ ਸਣੇ ਕਈ ਪਿੰਡਾਂ ਦੀ ਕਰੀਬ 200 ਏਕੜ ਜ਼ਮੀਨ ਹੜ੍ਹਾਂ ਕਾਰਨ ਦਰਿਆ ਬੁਰਦ ਹੋ ਚੁੱਕੀ ਹੈ। ਇਨ੍ਹਾਂ ਅੰਕੜਿਆਂ ਵਿੱਚ ਟਾਂਡਾ ਹਲਕੇ ਦੇ ਪਿੰਡਾਂ ਦਾ ਰਕਬਾ ਸ਼ਾਮਲ ਨਹੀਂ ਹੈ।

ਆਪਣੀ ਸਾਢੇ ਤਿੰਨ ਏਕੜ ਜ਼ਮੀਨ ਸਣੇ ਫਸਲ, ਮੋਟਰ, ਟਰਾਂਸਫਾਰਮਰ ਤੇ ਮੋਟਰ ਵਾਲਾ ਕਮਰਾ ਗੁਆਉਣ ਵਾਲਾ ਪਿੰਡ ਮਹਿਤਾਬਪੁਰ ਦਾ ਕੁਲਦੀਪ ਸਿੰਘ ਦੱਸਦਾ ਹੈ ਕਿ ਪਿੰਡ ਦੀ 50 ਏਕੜ ਦੇ ਕਰੀਬ ਜ਼ਮੀਨ ਦਰਿਆ ਬੁਰਦ ਹੋ ਚੁੱਕੀ ਹੈ। ਪਿੰਡ ਦੇ ਬਲਵਿੰਦਰ ਸਿੰਘ ਦੀ 4 ਏਕੜ ਜ਼ਮੀਨ ਸਮੇਤ ਫਸਲ, ਮੋਟਰ, ਬਿਜਲੀ ਦਾ ਟਰਾਂਸਫਾਰਮ ਤੇ ਕਮਰਾ ਦਰਿਆ ਬੁਰਦ ਹੋ ਚੁੱਕਾ ਹੈ। ਗੁਰਮੁਖ ਸਿੰਘ ਦੀ ਕਰੀਬ 3 ਏਕੜ ਜ਼ਮੀਨ, ਮੋਟਰ ਤੇ ਟਰਾਂਸਫਾਰਮ ਅਤੇ ਕਮਲਜੀਤ ਸਿੰਘ ਦੀ 6 ਏਕੜ ਜ਼ਮੀਨ ਸਣੇ ਉਸ ਦਾ ਟਿਊਬਵੈੱਲ ਰੁੜ੍ਹ ਗਿਆ ਹੈ। ਇਨ੍ਹਾਂ ਪੀੜਤ ਕਿਸਾਨਾਂ ਨੂੰ ਹਾਲੇ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।

ਨੁਸ਼ਿਹਰਾ ਪੱਤਣ ਦੇ ਕਿਸਾਨਾਂ ਸਣੇ ਗੁਰਦੁਆਰੇ ਦੀ 35 ਏਕੜ ਤੋਂ ਵੱਧ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਪਿੰਡ ਦੇ ਹਰਵਿੰਦਰ ਸਿੰਘ ਦੀ ਜ਼ਮੀਨ ਬੋਰ ਸਮੇਤ ਰੁੜ੍ਹ ਚੁੱਕੀ ਹੈ। ਪਿੰਡ ਧਨੋਆ ਦੇ ਧਰਮ ਸਿੰਘ ਅਨੁਸਾਰ 25 ਏਕੜ ਤੋਂ ਵੱਧ ਜ਼ਮੀਨ ਹੜ੍ਹਾਂ ਕਾਰਨ ਦਰਿਆ ਦੀ ਭੇਟ ਚੜ੍ਹ ਗਈ। ਧਨੋਆ ਦੇ ਧਰਮ ਸਿੰਘ ਤੇ ਨੁਸ਼ਿਹਰਾ ਪੱਤਣ ਦੇ ਕਿਸਾਨਾਂ ਨੇ ਦੱਸਿਆ ਕਿ ਪਟਵਾਰੀ ਉਨ੍ਹਾਂ ਦੀ ਨੁਕਸਾਨੀ ਜ਼ਮੀਨ ਤੇ ਹੋਰ ਸਮਾਨ ਦੀ ਰਿਪੋਰਟ ਲਿਖਣ ਲਈ ਤਿਆਰ ਹੀ ਨਹੀਂ ਹਨ, ਜਦੋਂ ਉਹ ਮਾਲ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਹ ਭਰੋਸਾ ਦਿੰਦੇ ਹਨ ਕਿ ਪਟਵਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ, ਪਰ ਮਸਲਾ ਮੁੜ ਉੱਥੇ ਹੀ ਖੜ੍ਹਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਇਹ ਮਾਲ ਅਧਿਕਾਰੀਆਂ ਦੀ ਬਦਨੀਤੀ ਹੈ ਕਿ ਉਹ ਕਿਸਾਨਾਂ ਨੂੰ ਨਿਆਂ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਬਿਆਸ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਮੁਕੰਮਲ ਰਿਪੋਰਟ ਤਿਆਰ ਕਰਵਾਈ ਜਾਵੇ ਤੇ ਨੁਕਸਾਨ ਲਿਖਣ ਤੋਂ ਮੁਨਕਰ ਹੋਣ ਵਾਲੇ ਪਟਵਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਰਿਪੋਰਟ ਮੁੜ ਤਿਆਰ ਕਰਵਾਈ ਜਾਵੇਗੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕਿਹਾ ਕਿ ਜੇ ਰਿਪੋਰਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਹੋਈ ਹੈ ਤਾਂ ਰਿਪੋਰਟ ਦੁਬਾਰਾ ਤਿਆਰ ਕਰਵਾ ਲਈ ਜਾਵੇਗੀ।

Related posts

ਸੌਖਾ ਨਹੀਂ 90 ਦਿਨਾਂ ਅੰਦਰ ਲਾਲ ਡੋਰੇ ਅੰਦਰ ਜਾਇਦਾਦ ਦਾ ਹੱਕ ਦੇਣਾ, ਪੰਜਾਬ ਸਰਕਾਰ ਸਾਹਮਣੇ ਵੱਡੀ ਚੁਣੌਤੀ

On Punjab

US China Trade War: ਚੀਨ ‘ਤੇ ਹਮਲਾਵਰ ਅਮਰੀਕਾ ਨੇ ਲਾਈਆਂ ਨਵੀਆਂ ਪਾਬੰਦੀਆਂ, ਪੰਜ ਵਸਤੂਆਂ ਦੇ ਐਕਸਪੋਰਟ ‘ਤੇ ਰੋਕ

On Punjab

ਪੰਜਾਬ ਰਾਹੀਂ ਪਹੁੰਚੇ ਜੰਮੂ-ਕਸ਼ਮੀਰ ‘ਚ ਹਥਿਆਰ, ਪੁਲਿਸ ਨੂੰ ਭਾਜੜਾਂ

On Punjab