PreetNama
ਸਿਹਤ/Health

ਹੁਣ ਭਾਰਤੀ ਔਰਤਾਂ ਵੀ ਸ਼ਰਾਬ ਦੇ ਦਰਿਆ ‘ਚ ਡੁੱਬੀਆਂ, ਸਰਵੇਖਣ ‘ਚ ਅਹਿਮ ਖੁਲਾਸਾ

ਨਵੀਂ ਦਿੱਲੀ: ਭਾਰਤ ਵਿੱਚ ਪੱਛਮੀ ਸੱਭਿਆਚਾਰ ਦਾ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਹੈ। ਪਹਿਰਾਵੇ ਤੋਂ ਇਲਾਵਾ ਅਹਿਮ ਗੱਲ ਹੈ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਔਰਤਾਂ ਸ਼ਰਾਬ ਪੀ ਰਹੀਆਂ ਹਨ। ਦਿੱਲੀ ਵਿੱਚ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਕੀਤੇ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ।

ਇਹ ਸਰਵੇਖਣ ਦਿੱਲੀ ਵਿੱਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5,000 ਔਰਤਾਂ ’ਤੇ ‘ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ’ ਵੱਲੋਂ ਕੀਤਾ ਗਿਆ ਹੈ। ਸ਼ਰਾਬ ਸੇਵਨ ਦੇ ਮਾਮਲੇ ਵਿੱਚ ਭਾਰਤ ਪਹਿਲਾਂ ਹੀ ਦੁਨੀਆ ’ਚ ਨੰਬਰ ਇੱਕ ਹੈ ਤੇ ਭਾਰਤੀਆਂ ਦੀ ਸ਼ਰਾਬ ਲਈ ਮੁਹੱਬਤ ਵਧਦੀ ਹੀ ਜਾ ਰਹੀ ਹੈ। ਸਰਵੇਖਣ ਕਰਨ ਵਾਲੇ ਸੰਗਠਨ ਮੁਤਾਬਕ ਭਾਰਤੀਆਂ ਵਿੱਚ ਸ਼ਰਾਬ ਸੇਵਨ 2005 ਵਿੱਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 2016 ਵਿੱਚ 5.7 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਵਧ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2010-17 ਤੱਕ ਭਾਰਤ ਵਿੱਚ ਸ਼ਰਾਬ ਸੇਵਨ 38 ਫ਼ੀਸਦ ਵਧਿਆ ਹੈ। ਇਸ ਵਾਧੇ ਵਿੱਚ ਔਰਤਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਇਹ ਸਰਵੇਖਣ ਮੌਜੂਦਾ ਸੇਵਨ, ਖ਼ਰਚਿਆਂ, ਪੀਣ ਦੀਆਂ ਆਦਤਾਂ ਤੇ ਥਾਵਾਂ ਦੇ ਨੁਕਤਿਆਂ ਤੋਂ ਕੀਤਾ ਗਿਆ ਹੈ।

ਰਵਾਇਤੀ ਤੌਰ ’ਤੇ ਇਸ ਤੋਂ ਪਹਿਲਾਂ ਦਹਾਕਿਆਂ ਤੱਕ ਸ਼ਰਾਬ ਤੋਂ ਦੂਰ ਰਹਿਣ ਵਾਲੀਆਂ ਭਾਰਤੀ ਔਰਤਾਂ ਦੀ ਸ਼ਰਾਬ ਬਾਜ਼ਾਰ ਵਿੱਚ ਹਿੱਸੇਦਾਰੀ ਅਗਲੇ ਪੰਜ ਸਾਲਾਂ ਦੌਰਾਨ 25 ਫ਼ੀਸਦ ਤੱਕ ਵਧਣ ਦੀ ਸੰਭਾਵਨਾ ਹੈ। ਇਸ ਲਈ ਭਾਰਤ ਸਰਕਾਰ ਦੇ ‘ਸੈਂਟਰ ਫਾਰ ਅਲਕੋਹਲ ਸਟੱਡੀਜ਼’ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸੰਗਠਨ ਮੁਤਾਬਕ ਫ਼ਿਲਮਾਂ ਤੇ ਟੀਵੀ ਵੀ ਇਸ ਵਰਤਾਰੇ ਵਿਚ ਵੱਡਾ ਯੋਗਦਾਨ ਦੇ ਰਹੇ ਹਨ।

ਏਮਜ਼ ਦੀ ਰਿਪੋਰਟ ਮੁਤਾਬਕ ਦਿੱਲੀ ਵਿਚ ਕਰੀਬ 15 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਦਾ ਕਾਰਨ ਹੈ ਕਿ ਜ਼ਿਆਦਾਤਰ ਸਮਾਜਿਕ ਗਤੀਵਿਧੀਆਂ ਸ਼ਰਾਬ ਦੁਆਲੇ ਘੁੰਮਦੀਆਂ ਹਨ ਤੇ ਗੱਲਬਾਤ ਦੌਰਾਨ ਇਸ ਦੇ ਸੇਵਨ ਨੂੰ ਲੋਕ ਚੰਗਾ ਵੀ ਸਮਝਦੇ ਹਨ। ਇਸ ਤੋਂ ਇਲਾਵਾ ਜਦ ਹਰ ਕੋਈ ਪੀ ਰਿਹਾ ਹੁੰਦਾ ਹੈ ਤਾਂ ਇਹ ਕੋਈ ਸਮੱਸਿਆ ਨਹੀਂ ਜਾਪਦੀ। ਕਈ ਫ਼ਿਲਮਾਂ ਤੇ ਟੀਵੀ ਸ਼ੋਅਜ਼ ਵਿੱਚ ਦਿਖਾਇਆਂ ਜਾਂਦਾ ਹੈ ਕਿ ਸ਼ਰਾਬ ਵਧੀਆ ਮਹਿਸੂਸ ਕਰਵਾਉਂਦੀ ਹੈ ਤੇ ਤਣਾਅ ਤੇ ਇਕੱਲਤਾ ਤੋਂ ਵੀ ਰਾਹਤ ਦਿੰਦੀ ਹੈ।

Related posts

ਸਿਗਰਟਨੋਸ਼ੀ ਕਰਨ ਵਾਲੇ ਵੀ ਲੈ ਸਕਦੇ ਹਨ ਸਿਹਤ ਬੀਮਾ

On Punjab

ਲੋਕਾਂ ਦੀ ਉਮੀਦ ‘ਤੇ ਫਿਰਿਆ ਪਾਣੀ, ਗਰਮੀ ਨਾਲ ਨਹੀਂ ਘਟੇਗਾ ਕੋਰੋਨਾ….!

On Punjab

Strawberries Health Benefits: ਦਿਲ ਦੀ ਸਿਹਤ ਤੋਂ ਲੈ ਕੇ ਭਾਰ ਘਟਾਉਣ ਤਕ, ਇਹ ਹਨ ਸਟ੍ਰਾਬੇਰੀ ਖਾਣ ਦੇ ਫਾਇਦੇ!

On Punjab