ਚੰਡੀਗੜ੍ਹ- ਫਿਲਮ ‘ਦੰਗਲ’ ਅਤੇ ‘ਸੀਕਰੇਟ ਸੁਪਰਸਟਾਰ’ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਇਸ ਵੀਡੀਓ ਵਿੱਚ ਨਿਤੀਸ਼ ਕੁਮਾਰ ਪਟਨਾ ਵਿੱਚ ਇੱਕ ਜਨਤਕ ਪ੍ਰੋਗਰਾਮ ਦੌਰਾਨ ਇੱਕ ਨਵ-ਨਿਯੁਕਤ ਮੁਸਲਿਮ ਮਹਿਲਾ ਡਾਕਟਰ ਦਾ ਹਿਜਾਬ ਹੇਠਾਂ ਖਿੱਚਦੇ ਨਜ਼ਰ ਆ ਰਹੇ ਹਨ। 25 ਸਾਲਾ ਅਦਾਕਾਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, “ ਕਿਸੇ ਵੀ ਔਰਤ ਦੀ ਇੱਜ਼ਤ ਅਤੇ ਸ਼ਰਮ ਕੋਈ ਖਿਡੌਣਾ ਨਹੀਂ ਹੈ ਜਿਸ ਨਾਲ ਤੁਸੀਂ ਖੇਡੋ, ਖ਼ਾਸ ਕਰਕੇ ਜਨਤਕ ਮੰਚ ’ਤੇ। ਸੱਤਾ ਕਿਸੇ ਨੂੰ ਵੀ ਹੱਦਾਂ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਨਿਤੀਸ਼ ਕੁਮਾਰ ਨੂੰ ਉਸ ਔਰਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।”
ਇਹ ਘਟਨਾ ਪਟਨਾ ਵਿੱਚ ਇੱਕ ਸਰਕਾਰੀ ਸਮਾਗਮ ਦੌਰਾਨ ਵਾਪਰੀ ਜਦੋਂ ਇੱਕ ਮਹਿਲਾ ਡਾਕਟਰ ਨਿਯੁਕਤੀ ਪੱਤਰ ਲੈਣ ਲਈ ਸਟੇਜ ’ਤੇ ਪਹੁੰਚੀ ਸੀ। ਵੀਡੀਓ ਵਿੱਚ 75 ਸਾਲਾ ਮੁੱਖ ਮੰਤਰੀ ਨੂੰ ਉਸ ਡਾਕਟਰ ਦਾ ਹਿਜਾਬ ਖਿੱਚਦੇ ਦੇਖਿਆ ਗਿਆ, ਜਿਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਕਾਂਗਰਸ ਨੇ ਇਸ ਘਟਨਾ ਨੂੰ ‘ਸ਼ਰਮਨਾਕ’ ਦੱਸਦਿਆਂ ਮੁੱਖ ਮੰਤਰੀ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਦੀ ਮਾਨਸਿਕ ਹਾਲਤ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

