ਪਟਨਾ- ਪਟਨਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਰਹੂਮ ਮਾਤਾ ਨੂੰ ਦਰਸਾਉਂਦੀ ਏ.ਆਈ. ਜਨਰੇਟਿਡ ਵੀਡੀਓ ਨੂੰ ਹਟਾ ਦੇਵੇ। ਕਾਰਜਕਾਰੀ ਚੀਫ਼ ਜਸਟਿਸ ਪੀ.ਬੀ. ਬੈਜੰਤਰੀ ਨੇ ਵਿਵੇਕਾਨੰਦ ਸਿੰਘ ਦੁਆਰਾ ਦਾਇਰ ਕੀਤੀ ਗਈ ਇੱਕ ਪਟੀਸ਼ਨ ’ਤੇ ਇਹ ਹੁਕਮ ਜਾਰੀ ਕੀਤਾ ਇਸ ਪਟੀਸ਼ਨ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ, ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਵੀ ਜਵਾਬਦੇਹ ਬਣਾਇਆ ਗਿਆ ਸੀ।
ਚੋਣ ਕਮਿਸ਼ਨ ਦੇ ਵਕੀਲ ਸਿਧਾਰਥ ਪ੍ਰਸਾਦ ਨੇ ਪੀ.ਟੀ.ਆਈ. ਨੂੰ ਦੱਸਿਆ, ‘‘ਅਦਾਲਤ ਨੇ ਵੀਡੀਓ ਨੂੰ ਤੁਰੰਤ ਹਟਾਉਣ ਦਾ ਆਦੇਸ਼ ਦਿੰਦੇ ਹੋਏ ਗਾਂਧੀ, ਫੇਸਬੁੱਕ, ਟਵਿੱਟਰ ਅਤੇ ਗੂਗਲ ਨੂੰ ਵੀ ਨੋਟਿਸ ਜਾਰੀ ਕੀਤੇ ਹਨ।’’ ਜ਼ਿਕਰਯੋਗ ਹੈ ਕਿ ਬਿਹਾਰ ਕਾਂਗਰਸ ਨੇ ਪਿਛਲੇ ਹਫ਼ਤੇ ਆਪਣੇ ਐਕਸ (X) ਹੈਂਡਲ ‘ਤੇ ਇਹ ਵੀਡੀਓ ਪੋਸਟ ਕੀਤੀ ਸੀ, ਜਿਸ ਵਿੱਚ ਮੋਦੀ ਦੀ ਮਾਤਾ ਉਨ੍ਹਾਂ ਦੀ ਰਾਜਨੀਤੀ ਦੀ ਆਲੋਚਨਾ ਕਰਦੀ ਦਿਖਾਈ ਗਈ ਸੀ।

