17.2 F
New York, US
January 25, 2026
PreetNama
ਸਿਹਤ/Health

ਹਾਂ-ਪੱਖੀ ਤੇ ਆਸ਼ਾਵਾਦੀ ਸੋਚ ਸੁਚੱਜੀ ਜੀਵਨਸ਼ੈਲੀ ਦਾ ਆਧਾਰ

ਸਾਇੰਸ ਦੀਆਂ ਬੇਅੰਤ ਨਵੀਆਂ ਕਾਢਾਂ ਵੇਖ ਕੇ ਸਾਧਾਰਨ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਮਨੁੱਖ ਨੇ ਕਿੰਨੀ ਹੀ ਤਰੱਕੀ ਕਰ ਲਈ ਹੈ ਇਸ ਨੇ ਕਈ ਗੱਲਾਂ ਸਿੱਖ ਲਈਆਂ ਹਨ ਪਰ ਜਦੋਂ ਇਸ ਦੇ ਸ਼ਖ਼ਸੀ ਜੀਵਨ ਵੱਲ ਧਿਆਨ ਮਾਰੀਏ ਤਾਂ ਨਿਰਾਸ਼ਤਾ ਜਿਹੀ ਆਉਦੀ ਹੈ ਕਿ ਇੰਨੀ ਉੱਨਤੀ ਕਰ ਜਾਣ ਦੇ ਬਾਅਦ ਮਨੁੱਖ ਦੁੱਖਾਂ ਤੋਂ ਬਚਣ ਦਾ ਤਰੀਕਾ ਨਹੀਂ ਸਿੱਖ ਸਕਿਆ। ਸਗੋਂ ਇਹ ਆਖਣਾ ਸ਼ਾਇਦ ਗ਼ਲਤ ਨਹੀਂ ਹੋਵੇਗਾ ਕਿ ਜਿਉ-ਜਿਉ ਮਨੁੱਖ ਨੇ ਵਧੀਕ ਸਿਆਣਪਾਂ ਸਿੱਖੀਆਂ ਹਨ, ਉਦੋਂ ਤੋਂ ਇਸ ਦੇ ਦੁੱਖੜੇ ਵਧਦੇ ਗਏ ਹਨ। ਉਦਾਸੀ ਚਿੰਤਾ ਆਦਿਕ ਤੋਂ ਬਚਣ ਲਈ ਮਨੁੱਖ ਨੇ ਸੈਂਕੜੇ ਕਾਢਾਂ ਕੱਢੀਆਂ ਹਨ, ਸੁੱਖ ਦੇ ਸਾਮਾਨ ਬਥੇਰੇ ਬਣਾਏ ਹਨ, ਪਰ ਸਫਲਤਾ ਨਹੀਂ ਮਿਲੀ।

ਜ਼ਿੰਦਗੀ ਵਿਚ ਸਾਨੂੰ ਕਈ ਦੁੱਖ-ਕਲੇਸ਼ ਸਹਾਰਨੇ ਪੈਂਦੇ ਹਨ, ਕਈ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਹਨ, ਪਰ ਹਰੇਕ ਘਟਨਾ ਦੀ ਅਸਲੀਅਤ ਸਾਰੀ ਦੀ ਸਾਰੀ ਅਸੀਂ ਨਹੀਂ ਸਮਝ ਸਕਦੇ, ਓਨੀ ਹੀ ਵੇਖ ਸਕਦੇ ਹਾਂ, ਅਨੁਭਵ ਕਰ ਸਕਾਂਗੇ ਜਿੰਨੀ ਨਾਲ ਸਾਨੂੰ ਵਾਹ ਪੈਂਦਾ ਹੈ ਜਾਂ ਓਨੇ ਹੀ ਚਿਰ ਲਈ ਅਸੀਂ ਉਸ ਨੂੰ ਅਨੁਭਵ ਕਰ ਸਕਾਂਗੇ, ਜਿੰਨਾ ਚਿਰ ਉਹ ਘਟਨਾ ਜਾਂ ਦੁੱਖ ਸਾਡੇ ਸਾਹਮਣੇ ਹੈ। ਕਈ ਕਲੇਸ਼ ਐਸੇ ਆਉਦੇ ਹਨ, ਜੋ ਕੁਝ ਸਮਾਂ ਗੁਜ਼ਰਨ ਤੇ ਸਗੋਂ ਕੋਈ ਲੁਕਵੀਂ ਬਰਕਤ ਸਾਬਤ ਹੁੰਦੇ ਹਨ।

ਇਹ ਠੀਕ ਹੈ ਸਾਡੇ ਖ਼ਿਆਲਾਂ ਦੀ ਕਿਸੇ ਤਬਦੀਲੀ ਨਾਲ ਬਾਹਰਲੇ ਪਦਾਰਥਾਂ ਦੇ ਸੁਭਾਅ ਵਿਚ ਕੋਈ ਤਬਦੀਲੀ ਨਹੀਂ ਆ ਸਕਦੀ, ਕੋਈ ਫ਼ਰਕ ਨਹੀਂ ਪੈ ਸਕਦਾ, ਸੁੱਖ-ਸੁੱਖ ਹੀ ਰਹੇਗਾ, ਦੁੱਖ-ਦੁੱਖ ਹੀ ਰਹੇਗਾ, ਕੌੜੀ ਸ਼ੈਅ ਕੌੜੀ ਹੀ ਰਹੇਗੀ। ਪਰ ਫਿਰ ਵੀ ਸੂਝ-ਵਿਚਾਰ ਵਿਚ ਇੰਨੀ ਤਾਕਤ ਹੈ ਕਿ ਇਹ ਸਾਡੇ ਆਪਣੇ ਅਹਿਸਾਸ ਵਿਚ, ਅਨੁਭਵ ਵਿਚ, ਭਾਰੀ ਤਬਦੀਲੀ ਪੈਦਾ ਕਰ ਸਕਦੀ ਹੈ। ਉਹੋ ਪਦਾਰਥ ਜੋ ਪਹਿਲਾਂ ਸਾਨੂੰ ਬੜੇ ਮਿੱਠੇ ਲੱਗਦੇ ਹੋਣ, ਕੌੜੇ ਲੱਗ ਸਕਦੇ ਹਨ ਜਾਂ ਇਸ ਦੇ ਉਲਟ ਕੌੜੀਆਂ ਦੁਖਦਾਈ ਘਟਨਾਵਾਂ ਸੁਖਦਾਈ ਜਾਪ ਸਕਦੀਆਂ ਹਨ।

 

ਇਹ ਗੱਲ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦੁੱਖ ਸਦਾ ਹੀ ਮਾੜਾ ਨਹੀਂ ਹੁੰਦਾ, ਕਈ ਵਾਰੀ ਇਹ ਦੁੱਖ ਇਸਦੇ ਸਹਾਰਨ ਵਾਲੇ ਲਈ ਭਲਾਈ ਵੀ ਬਣ ਜਾਂਦਾ ਹੈ। ਦੇਸ਼ ਤੇ ਧਰਮ ਦੀ ਖ਼ਾਤਰ ਜੋ ਦੁੱਖ ਮਨੁੱਖ ਸਹਾਰਦੇ ਹਨ, ਉਹ ਦੁੱਖ ਉਨ੍ਹਾਂ ਲਈ ਕਲੇਸ਼ ਨਹੀਂ ਹੁੰਦਾ ਬਲਕਿ ਸ਼ਹੀਦਾਂ ਦੇ ਕਸ਼ਟ ਅਤੇ ਬਹਾਦਰੀਆਂ ਤਾਂ ਦੇਸ਼ ਤੇ ਕੌਮ ਨੂੰ ਸਦਾ ਉਭਾਰਨ ਲਈ ਸੁਣਾਏ ਜਾਂਦੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੇ ਅੰਦਰ ਐਸੀਆਂ ਤਾਕਤਾਂ ਮੌਜੂਦ ਹਨ, ਜਿਨ੍ਹਾਂ ਦੇ ਉੱਘੇ ਹੋਣ ਨਾਲ ਸਰੀਰ ਦੇ ਦੁੱਖਾਂ ਨੂੰ ਅਸੀਂ ਦੁੱਖ ਕਰਕੇ ਅਨੁਭਵ ਹੀ ਨਹੀਂ ਕਰਾਂਗੇ।
ਕੁਦਰਤ ਨੇ ਸਾਡਾ ਸਰੀਰ ਅਜਿਹਾ ਨਹੀਂ ਬਣਾਇਆ ਕਿ ਸਾਨੂੰ ਸੁੱਖ ਦੀ ਲੋੜ ਹੀ ਨਾ ਪ੍ਰਤੀਤ ਹੋਵੇ। ਸੁੱਖ ਅਤੇ ਖ਼ੁਸ਼ੀ ਹਿਰਦੇ ਨੂੰ ਖਿੜ੍ਹਾਉਦੇ ਹਨ। ਖ਼ੁਸ਼ੀ ਤੋਂ ਬਿਨਾਂ ਜੀਵ ਰਹਿ ਨਹੀਂ ਸਕਦਾ ਪਰ ਖ਼ੁਸ਼ੀ ਦੀ ਭਾਲ ਠੀਕ ਤਰੀਕੇ ਨਾਲ ਕਰਨੀ ਚਾਹੀਦੀ ਹੈ। ਸੋ ਅਸੀਂ ਆਮ ਤੌਰ ’ਤੇ ਸੁੱਖ ਦਾ ਆਦਰਸ਼ ਗ਼ਲਤ ਬਣਾਈ ਰੱਖਦੇ ਹਾਂ। ਜਾਣ-ਬੁੱਝ ਕੇ ਦੁੱਖ ਨਹੀਂ ਸਹਾਰਨੇ ਬਲਕਿ ਸੁੱਖ ਦੇ ਆਦਰਸ਼ ਨੂੰ ਠੀਕ ਕਰਨਾ ਹੈ। ਸੋ ਦੁਨੀਆ ਵਿਚ ਜਿੰਨਾ ਦੁੱਖ ਹੈ ਉਹ ਦਾਰੂ ਹੀ ਹੈ ।

 

 

ਕੁਦਰਤ ਨੇ ਇਨਸਾਨੀ ਸੁਭਾਅ ਐਸੇ ਬਣਾਏ ਹਨ ਕਿ ਸਾਡੇ ਅੰਦਰ ਪਿਆਰ ਦਾ ਵਲਵਲਾ ਉਦੋਂ ਹੀ ਉੱਡਦਾ ਹੈ, ਜਦੋਂ ਅਸੀਂ ਕੁਰਬਾਨੀ ਕਰੀਏ। ਆਮ ਤੌਰ ’ਤੇ ਅਸੀਂ ਉਸ ਮਨੁੱਖ ਤੋਂ ਘਿਰਣਾ ਕਰਦੇ ਹਾਂ, ਜੋ ਪਿਆਰ ਤੋਂ ਕੇਵਲ ਇਹੀ ਭਾਵ ਸਮਝਦਾ ਹੈ ਕਿ ਉਸ ਨੂੰ ਕੋਈ ਪਿਆਰ ਕਰੇ, ਉਸੇ ਦੇ ਸੁੱਖ ਦੀ ਖ਼ਾਤਰ ਹੀ ਕੋਈ ਹੋਰ ਧਿਰ ਕਸ਼ਟ ਸਹਾਰੇ, ਉਸਦੇ ਆਪਣੇ ਆਪ ਨੂੰ ਹੀ ਸੁੱਖ ਆਨੰਦ ਮਿਲੇ।

 

 

ਜੇ ਕਿਸੇ ਵੇਲੇ ਅਸੀਂ ਪੈਦਾ ਕਰਨ ਵਾਲੇ ਪ੍ਰਭੂ ਨੂੰ ਦੋਸ਼ ਦੇ ਰਹੇ ਹਾਂ ਤਾਂ ਉਸ ਵੇਲੇ ਆਪਣੇ ਬੀਤ ਚੁੱਕੇ ਜੀਵਨ ਦੇ ਸਮੇਂ ਨੂੰ ਅੱਖਾਂ ਅੱਗੇ ਲਿਆਈਏ। ਸਾਨੂੰ ਜ਼ਰੂਰ ਕਈ ਅਜਿਹੇ ਸਮੇਂ ਤੇ ਘਟਨਾਵਾਂ ਦਿੱਸ ਆਉਣਗੀਆਂ, ਜਿੱਥੇ ਦਾਤਾਰ ਪ੍ਰਭੁ ਸਾਡੇ ਉੱਤੇ ਬੜੀ ਮਿਹਰ ਕਰਦਾ ਰਿਹਾ ਹੈ, ਸਾਨੂੰ ਉਸ ਨੇ ਕਈ ਥਾਈਂ ਮੌਤ ਦੇ ਮੂੰਹੋਂ ਬਚਾਇਆ, ਕਈ ਕਸ਼ਟ ਆਏ ਜਾਪੇ, ਜੋ ਪਿੱਛੋਂ ਸੁਖਦਾਈ ਸਾਬਤ ਹੋਏ। ਪਿਛਲੀ ਜ਼ਿੰਦਗੀ ਨੂੰ ਇਉ ਵਿਚਾਰਿਆਂ ਅਸੀਂ ਪਰਮਾਤਮਾ ਨੂੰ ਦੋਸ਼ ਦੇਣੋਂ ਹਟ ਜਾਵਾਂਗੇ। ਸਾਨੂੰ ਕੁਦਰਤ ਵਿਚ ਮੌਜੂਦ ਉਸ ਕਾਦਰ ਨੂੰ ਸਮਰਪਿਤ ਹੋਣਾ ਪਵੇਗਾ, ਉਸ ਦੀ ਰਚਨਾ ਨੂੰ ਸਮਝਦਿਆਂ ਉਸ ਨੂੰ ਸਤਿਕਾਰਨਾ ਪਵੇਗਾ, ਕਿਉਕਿ ਅਸੀਂ ਆਪਣੇ ਆਪ ਨੂੰ ਖ਼ੁਦ ਦੁਖਾਂਤ ਵੱਲ ਲਿਆਂਦਾ ਹੈ, ਕਿ ਉਸ ਦੀ ਕੁਦਰਤੀ ਹੋਂਦ ਨੂੰ ਅਣਗੌਲਿਆਂ ਕੀਤਾ ਹੈ।

 

 

ਹੁਣ ਦੁਖਾਂਤ ਦੀ ਬਜਾਏ ਸੁਖਾਂਤ ਵੱਲ ਰੁਚਿਤ ਹੁੰਦਿਆਂ ਪਹਿਲਾਂ ਨਕਾਰਾਤਮਿਕ ਸੋਚ ਨੂੰ ਉਖਾੜ ਕੇ ਸਕਾਰਾਤਮਕ ਅਤੇ ਆਸ਼ਾਵਾਦੀ ਕਦਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਬੇਲੋੜੇ ਵਹਿਮ-ਭਰਮ, ਪ੍ਰਚਾਰ ਤੋਂ ਸੁਚੇਤ ਹੁੰਦਿਆਂ ਮਾਲਕ ਦੀ ਉਸਤਤ ਅਤੇ ਕੁਦਰਤੀ ਨਿਆਮਤਾਂ ਦੀ ਦਿਲੋਂ ਕਦਰ ਕਰੀਏ। ਆਸਵੰਦ ਜਾਗਰੂਕਤਾ ਅਪਨਾ ਕੇ ਆਪ, ਆਪਣੇ ਪਰਿਵਾਰ ਅਤੇ ਸਮਾਜ ਨੂੰ ਇਹੋ ਸੁਨੇਹਾ ਦਿੱਤਾ ਜਾ ਸਕਦਾ ਹੈ ਕਿ ਦੁੱਖ ਦੇ ਹਨੇਰੇ ਕਦੇ ਵੀ ਬਹੁਤ ਚਿਰ ਨਹੀਂ ਰਹਿੰਦੇ, ਆਸਾਂ ਦੀ ਕਿਰਨ ਉਜਾਲਿਆਂ ਨੂੰ ਪ੍ਰਕਾਸ਼ਮਾਨ ਜ਼ਰੂਰ ਕਰਦੀ ਹੈ।

Related posts

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਹੋਣਗੇ ਇਹ ਫ਼ਾਇਦੇ !

On Punjab

ਜਾਣੋ ਜੌਂ ਦਾ ਸੇਵਨ ਕਿਵੇਂ ਹੁੰਦਾ ਹੈ ਸਿਹਤ ਲਈ ਫ਼ਾਇਦੇਮੰਦ ?

On Punjab

ਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?

On Punjab