PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰੀਆਂ ਤੇਜ਼: ਫ਼ੌਜ ਦੇ ਜਵਾਨਾਂ ਤੇ ਵਲੰਟੀਅਰਾਂ ਨੇ ਕੀਤੀ ਰੂਟ ਦੀ ਰੇਕੀ

ਉੱਤਰਾਖੰਡ- ਉੱਤਰਾਖੰਡ ਦੇ ਹਿਮਾਲਿਆ ਵਿੱਚ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਵਿਸ਼ਵ ਪ੍ਰਸਿੱਧ ਸਿੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ ਮੁੱਖ ਰੱਖਦਿਆਂ ਭਾਰਤੀ ਫ਼ੌਜ ਅਤੇ ਮੈਨੇਜਮੈਂਟ ਟਰੱਸਟ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਟਰੱਸਟ ਦੇ ਵਲੰਟੀਅਰਾਂ ਨੇ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਦੇ ਪੈਦਲ ਰਸਤੇ (ਟ੍ਰੈਕ ਰੂਟ) ਦੀ ਸਾਂਝੀ ਰੇਕੀ ਕੀਤੀ। ਰੇਕੀ ਦੌਰਾਨ, ਇਹ ਪਾਇਆ ਗਿਆ ਕਿ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਲਗਭਗ ਪੰਜ ਤੋਂ ਛੇ ਫੁੱਟ ਬਰਫ਼ ਜਮ੍ਹੀ ਹੋਈ ਸੀ। ਰਸਤੇ ਦੇ ਨਾਲ ਅਟਲਾਕੋਟੀ ਗਲੇਸ਼ੀਅਰ ਪੁਆਇੰਟ ’ਤੇ ਵੀ ਕਾਫ਼ੀ ਮਾਤਰਾ ਵਿੱਚ ਬਰਫ਼ ਮੌਜੂਦ ਸੀ।

ਟਰਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਪਿਛਲੇ ਦਸ ਦਿਨਾਂ ਤੋਂ ਪੈ ਰਹੀ ਤਾਜ਼ਾ ਬਰਫ਼ ਆਉਣ ਵਾਲੇ ਦਿਨਾਂ ਵਿੱਚ ਸੂਰਜ ਚਮਕਣ ’ਤੇ ਆਸਾਨੀ ਨਾਲ ਪਿਘਲ ਜਾਵੇਗੀ। ਇਸ ਨਾਲ ਟ੍ਰੈਕ ਰੂਟ ਨੂੰ ਸਾਫ਼ ਕਰਨ ਅਤੇ ਯਾਤਰਾ ਨੂੰ ਮੁੜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਦੇ ਜਵਾਨਾਂ ਦੀ ਇੱਕ ਟੁਕੜੀ 15 ਅਪਰੈਲ ਤੋਂ ਬਾਅਦ ਰਸਤੇ ’ਤੇ ਬਰਫ਼ ਸਾਫ਼ ਕਰਨ ਲਈ ਰਵਾਨਾ ਹੋਵੇਗੀ। ਉਨ੍ਹਾਂ ਆਖਿਆ ਕਿ ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਸਲਾਨਾ ਯਾਤਰਾ ਸਬੰਧੀ ਪੋਰਟਲ ਖੁੱਲ੍ਹਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੁਰੱਖਿਅਤ ਰਸਤੇ ਅਤੇ ਸ਼ਰਧਾਲੂਆਂ ਵਾਸਤੇ ਲੋੜੀਦੀਆਂ ਸਹੂਲਤਾਂ ਦਾ ਪ੍ਰਬੰਧ ਮੁਕੰਮਲ ਕੀਤਾ ਜਾ ਸਕੇ।

ਉਨ੍ਹਾਂ ਆਖਿਆ ਕਿ ਸ੍ਰੀ ਹੇਮਕੁੰਟ ਸਾਹਿਬ ਸਿੱਖ ਧਰਮ ਵਿੱਚ ਇੱਕ ਬਹੁਤ ਹੀ ਪਵਿੱਤਰ ਅਤੇ ਪ੍ਰਸਿੱਧ ਤੀਰਥ ਸਥਾਨ ਹੈ, ਜੋ ਹਿਮਾਲਿਆ ਦੀ ਗੋਦ ਵਿੱਚ ਸਥਿਤ ਹੈ। ਇਹ ਸਥਾਨ ਆਪਣੀ ਸ਼ਾਨਦਾਰ ਕੁਦਰਤੀ ਸੁੰਦਰਤਾ ਲਈ ਵਿਸ਼ਵ-ਪ੍ਰਸਿੱਧ ਹੈ। ਆਲੇ-ਦੁਆਲੇ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ, ਪਵਿੱਤਰ ਨੀਲੇ ਪਾਣੀ ਦਾ ਸਰੋਵਰ, ਸੰਘਣੇ ਜੰਗਲ ਅਤੇ ਅਲੌਕਿਕ ਸ਼ਾਂਤੀ ਇਸ ਸਥਾਨ ਨੂੰ ਸਵਰਗ ਵਾਂਗ ਬਣਾਉਂਦੀ ਹੈ। ਸ਼ਰਧਾਲੂ ਕੁਦਰਤ ਦੀ ਇਸ ਸੁੰਦਰਤਾ ਦੇ ਨਾਲ-ਨਾਲ ਅਧਿਆਤਮਿਕ ਊਰਜਾ ਦਾ ਅਨੁਭਵ ਕਰਦੇ ਹਨ। ਸ੍ਰੀ ਹੇਮਕੁੰਟ ਸਾਹਿਬ ਯਾਤਰਾ ਇਸ ਸਾਲ 23 ਮਈ ਨੂੰ ਸ਼ੁਰੂ ਹੋਵੇਗੀ । ਇਸ ਸਬੰਧ ਵਿੱਚ ਪਹਿਲਾ ਜੱਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਅਤੇ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਚਾਰੂ, ਸੁਰੱਖਿਅਤ ਅਤੇ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Related posts

ਪਟਿਆਲਾ ਜੇਲ੍ਹ ‘ਚ SGPC ਪ੍ਰਧਾਨ ਨੇ ਰਾਜੋਆਣਾ ਨਾਲ ਕੀਤੀ ਮੁਲਾਕਾਤ

On Punjab

ਪਤਨੀ ਵੱਲੋਂ ਲਗਾਏ ਝੂਠੇ ਦੋਸ਼ਾਂ ਤੋਂ ਪ੍ਰੇਸ਼ਾਨ ਪੰਜਾਬੀ ਨੌਜਵਾਨ ਨੇ ਕੈਨੇਡਾ ‘ਚ ਕੀਤੀ ਆਤਮਹੱਤਿਆ

On Punjab

ਪਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ

On Punjab