PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀਨਗਰ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ; ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਬੰਦ, ਕਈ ਉਡਾਣਾਂ ਰੱਦ

ਸ੍ਰੀਨਗਰ- ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ, ਜਿਸ ਵਿੱਚ ਸ੍ਰੀਨਗਰ ਸ਼ਹਿਰ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਵੀ ਸ਼ਾਮਲ ਹੈ। ਬਰਫ਼ਬਾਰੀ ਕਰਕੇ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਇੱਥੇ 20 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦਰਜ ਕੀਤੀ ਗਈ, ਪਰ ਵਾਦੀ ਦੇ ਉੱਪਰਲੇ ਇਲਾਕਿਆਂ ਅਤੇ ਉੱਚੇ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਉੱਪਰੀ ਇਲਾਕਿਆਂ ਵਿੱਚ ਲਗਪਗ ਦੋ ਇੰਚ ਬਰਫ਼ ਪਈ, ਜਦੋਂ ਕਿ ਸ੍ਰੀਨਗਰ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਿੰਨ ਤੋਂ ਚਾਰ ਇੰਚ ਬਰਫ਼ ਪਈ।

ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਵਿੱਚ ਗੁਲਮਰਗ ਦੇ ਮਸ਼ਹੂਰ ਸਕੀਇੰਗ ਰਿਜ਼ੌਰਟ ਵਿੱਚ ਦੋ ਫੁੱਟ ਤੋਂ ਵੱਧ ਤਾਜ਼ਾ ਬਰਫ਼ ਪਈ, ਜਦੋਂ ਕਿ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਸੋਨਮਰਗ ਟੂਰਿਸਟ ਰਿਜ਼ੌਰਟ ਵਿੱਚ ਛੇ ਇੰਚ ਤੋਂ ਵੱਧ ਅਤੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਰਿਜ਼ੌਰਟ ਵਿੱਚ ਲਗਪਗ ਤਿੰਨ ਇੰਚ ਬਰਫ਼ ਪਈ। ਅਧਿਕਾਰੀਆਂ ਨੇ ਕਿਹਾ ਕਿ ਬਡਗਾਮ, ਬਾਰਾਮੂਲਾ, ਕੁਪਵਾੜਾ, ਸ਼ੋਪੀਆਂ, ਪੁਲਵਾਮਾ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜਦੋਂ ਕਿ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਖਰੀ ਰਿਪੋਰਟਾਂ ਆਉਣ ਤੱਕ ਬਰਫ਼ਬਾਰੀ ਜਾਰੀ ਸੀ। ਉਨ੍ਹਾਂ ਕਿਹਾ ਕਿ ਸ੍ਰੀਨਗਰ ਦੇ ਕੁਝ ਹਿੱਸਿਆਂ ਸਮੇਤ ਕੁਝ ਹੋਰ ਇਲਾਕਿਆਂ ਵਿੱਚ ਮੀਂਹ ਪਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਹਵਾਈ ਅੱਡੇ ‘ਤੇ ਬਰਫ਼ ਜਮ੍ਹਾਂ ਹੋਣ ਕਾਰਨ ਉਡਾਣਾਂ ਦੇ ਸੰਚਾਲਨ ਵਿੱਚ ਵਿਘਨ ਪਿਆ ਕਿਉਂਕਿ ਰਨਵੇਅ ਉਪਲਬਧ ਨਹੀਂ ਸੀ। ਅਧਿਕਾਰੀਆਂ ਨੇ ਕਿਹਾ, ‘‘ਖਰਾਬ ਮੌਸਮ ਕਾਰਨ ਹੁਣ ਤੱਕ 20 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਰਨਵੇਅ ਹੁਣ ਤੱਕ ਉਪਲਬਧ ਨਹੀਂ ਹੈ ਅਤੇ ਬਰਫ਼ਬਾਰੀ ਰੁਕਣ ਵਿੱਚ ਘੱਟੋ-ਘੱਟ ਚਾਰ ਘੰਟੇ ਲੱਗਣਗੇ।’’ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇਅ ਦੇ ਨਾਲ-ਨਾਲ ਕਈ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੀਂਹ ਕਾਰਨ ਸ੍ਰੀਨਗਰ-ਜੰਮੂ ਕੌਮੀ ਸ਼ਾਹਰਾਹ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਗਲ ਰੋਡ, ਜੋ ਕਿ ਵਾਦੀ ਨੂੰ ਜੰਮੂ ਖੇਤਰ ਨਾਲ ਜੋੜਦਾ ਹੈ, ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਸੋਨਮਾਰਗ ਅਤੇ ਜ਼ੋਜਿਲਾ ਐਕਸਿਸ ਵਿੱਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਕੌਮੀ ਸ਼ਾਹਰਾਹ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲੀਸ ਨੇ ਲੋਕਾਂ ਦੀ ਮਦਦ ਲਈ ਵੱਖ-ਵੱਖ ਖੇਤਰਾਂ ਵਿੱਚ ਕੰਟਰੋਲ ਰੂਮ ਅਤੇ ਹੈਲਪਲਾਈਨ ਸਥਾਪਤ ਕੀਤੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਪੀਰ-ਪੰਜਾਲ ਰੇਂਜ, ਚਨਾਬ ਘਾਟੀ ਅਤੇ ਦੱਖਣੀ ਕਸ਼ਮੀਰ ਦੇ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਜਾਂ ਗੜੇਮਾਰੀ ਦੇ ਨਾਲ ਭਾਰੀ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ।

Related posts

ਰੱਖੜ ਪੁੰਨਿਆ ‘ਤੇ ਰਹੇਗੀ ਸਖਤੀ, ਨਹੀਂ ਕੀਤਾ ਜਾਵੇਗਾ ਇਕੱਠ

On Punjab

ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ’ਚ ਮੌਤ ਤਾਰੀਆਂ ਲਾਉਣ ਮੌਕੇ ਹੋਈ: ਮੀਡੀਆ ਰਿਪੋਰਟ

On Punjab

PM ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸ ਹਾਈਵੇ ਦੇ ਪਹਿਲੇ ਫੇਜ਼ ਦਾ ਕੀਤਾ ਉਦਘਾਟਨ, ਕਿਹਾ ਵਿਕਸਿਤ ਭਾਰਤ ਦੀ ਤਸਵੀਰ

On Punjab