PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੈਫ ਅਲੀ ਖਾਨ ’ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਮੁੰਬਈ-ਮੁੰਬਈ ਪੁਲੀਸ ਨੇ ਅਦਾਕਾਰ ਸੈਫ ਅਲੀ ਖਾਨ ’ਤੇ ਉਸ ਦੇ ਹੀ ਘਰ ਅੰਦਰ ਦਾਖਲ ਹੋ ਕੇ ਹਮਲਾ ਕਰਨ ਵਾਲੇ 30 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਠਾਣੇ ਤੋਂ ਗ੍ਰਿ੍ਫ਼ਤਾਰ ਕਰ ਲਿਆ ਹੈ। ਮੁੰਬਈ ਪੁਲੀਸ ਨੇ ਅੱਜ ਦੱਸਿਆ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਇਰਾਦਾ ਚੋਰੀ ਕਰਨ ਦਾ ਸੀ ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਫਿਲਮ ਅਦਾਕਾਰ ਦੇ ਘਰ ਅੰਦਰ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਠਾਣੇ ਜ਼ਿਲ੍ਹੇ ਦੇ ਘੋੜਬੰਦਰ ਰੋਡ ਸਥਿਤ ਹੀਰਾਨੰਦਾਨੀ ਅਸਟੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਉਸ ਨੇ ਭਾਰਤ ਆਉਣ ਮਗਰੋਂ ਆਪਣਾ ਨਾਂ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿੱਲਾ ਅਮੀਨ ਫਕੀਰ ਤੋਂ ਬਦਲ ਕੇ ਵਿਜੈ ਦਾਸ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੰਗਲਾਦੇਸ਼ ਦੇ ਝਾਲੋਕਾਟੀ ਤੋਂ ਹੈ ਤੇ ਉਹ ਪਿਛਲੇ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਮੁੰਬਈ ’ਚ ਰਹਿ ਰਿਹਾ ਹੈ ਅਤੇ ਨਿੱਕੇ-ਮੋਟੇ ਕੰਮ ਕਰਦਾ ਸੀ ਤੇ ਸਾਫ਼-ਸਫ਼ਾਈ ਦੇ ਕੰਮ ਨਾਲ ਜੁੜੀ ਇੱਕ ਏਜੰਸੀ ’ਚ ਨੌਕਰੀ ਕਰ ਰਿਹਾ ਸੀ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਮਗਰੋਂ ਮੁੰਬਈ ਪੁਲੀਸ ਨੇ ਮੁਲਜ਼ਮ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ 24 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਦਾ ਰਿਮਾਂਡ ਦਿੰਦਿਆਂ ਕਿਹਾ ਕਿ ਕੌਮਾਂਤਰੀ ਸਾਜ਼ਿਸ਼ ਨਾਲ ਸਬੰਧਤ ਪੁਲੀਸ ਦੀ ਦਲੀਲ ਖਾਰਜ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਅਦਾਕਾਰ ’ਤੇ ਹੋਏ ਹਮਲੇ ਦੇ ਸਬੰਧ ’ਚ ਬੀਤੇ ਦਿਨ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ਤੋਂ ਹਿਰਾਸਤ ’ਚ ਲਏ ਗਏ ਇੱਕ ਵਿਅਕਤੀ ਨੂੰ ਅੱਜ ਛੱਡ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲਿਆ ਸੀ।

Related posts

Avatar 2 Box Office : ਦੁਨੀਆ ਭਰ ‘ਚ ‘ਅਵਤਾਰ 2’ ਦੀ ਕਮਾਈ 11 ਹਜ਼ਾਰ ਕਰੋੜ ਤੋਂ ਪਾਰ

On Punjab

ਗਗਨਪ੍ਰੀਤ ਕੌਰ ਨੇ ਡੀਟੀਸੀ ਬੱਸ ਤੇ ਐਂਬੂਲੈਂਸ ਸਿਰ ਭਾਂਡਾ ਭੰਨਿਆ; ਇਸਤਗਾਸਾ ਧਿਰ ਨੇ ਦਾਅਵੇ ਨੂੰ ਗੁਨਾਹ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੱਸਿਆ

On Punjab

ਅਯੁੱਧਿਆ ਸਨਾਤਨ ਤੇ ਸਿੱਖ ਧਰਮ ਦਾ ਸੰਗਮ ਸਥਾਨ: ਪੁਰੀ

On Punjab