PreetNama
ਸਮਾਜ/Social

ਸੁਖਬੀਰ ਕਰਕੇ 4 ਚੋਣਾਂ ਹਾਰਿਆ ਸ਼੍ਰੋਮਣੀ ਅਕਾਲੀ ਦਲ, ਅਹੁਦੇ ਤੋਂ ਦੇਣਾ ਚਾਹੀਦੈ ਅਸਤੀਫ਼ਾ : ਢੀਂਡਸਾ

2 ਵਿਧਾਨ ਸਭਾ ਤੇ 2 ਲੋਕ ਸਭਾ ਚੋਣਾਂ ਸਣੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਹੰਕਾਰ ਕਰਕੇ ਲਗਾਤਾਰ 4 ਚੋਣਾਂ ਹਾਰਿਆ ਹੈ। ਵਿਧਾਨ ਸਭਾ ’ਚ ਪਿਛਲੀਆਂ ਚੋਣਾਂ ’ਚ 15 ਵਿਧਾਇਕਾਂ ਤੋਂ ਇਸ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਸਿਰਫ਼ 3 ਵਿਧਾਇਕਾਂ ’ਤੇ ਵਿਧਾਨ ਸਭਾ ਆਪਣੀ ਹਾਜ਼ਰੀ ਲਗਵਾ ਰਿਹਾ ਹੈ, ਜਿਸਦਾ ਜਿੰਮੇਵਾਰ ਸੁਖਬੀਰ ਬਾਦਲ ਹੈ, ਉਸਨੂੰ ਅਸਤੀਫ਼ਾ ਦੇਕੇ ਪਾਰਟੀ ਤੋਂ ਲਾਂਬੇ ਹੋਣਾ ਚਾਹੀਦਾ ਹੈ। ਇਹ ਸ਼ਬਦ ਸਾਬਕਾ ਖਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ’ਚ ਵਰਕਰਾਂ ਨਾਲ ਮੀਟਿੰਗ ਉਪਰੰਤ ਸਾਂਝੇ ਕੀਤੇ। ਢੀਂਡਸਾ ਨੇ ਕਿਹਾ ਕਿ ਬਰਗਾੜੀ, ਬੇਅਦਬੀ ਤੇ ਡੇਰਾ ਮੁਖੀ ਦੀ ਮੁਆਫ਼ੀ ਜਿਹੇ ਮੁੱਦਿਆਂ ’ਤੇ ਸੁਖਬੀਰ ਨੇ ਸੁਖਦੇਵ ਸਿੰਘ ਢੀਂਡਸਾ ਦੀ ਇਕ ਨਾ ਮੰਨੀ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਪਾਰਟੀ ’ਚ ਕਮੇਟੀ ਬਣਾਕੇ ਵੱਡੇ ਪੱਧਰ ’ਤੇ ਪੜਚੋਲ ਹੋਣੀ ਚਾਹੀਦੀ ਹੈ ਤੇ ਸਾਡੀ ਸਰਕਾਰ ’ਚ ਬੇਅਦਬੀ ਹੋਈ ਹੈ, ਜਿਸ ’ਤੇ ਸਾਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣਾ ਚਾਹੀਦਾ ਹੈ। ਪਰ ਸੁਖਬੀਰ ਬਾਦਲ ਪੰਥਕ ਮੁੱਦੇ ਛੱਡ ਕੁਝ ਚਾਪਲੂਸਾਂ ਦੇ ਘੇਰੇ ’ਚ ਉਲਝ ਗਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਹੁਣ ਜੋ ਖ਼ੁਦ ਕਮੇਟੀ ਬਣਾਈ ਨਾ ਤਾਂ ਉਸਦੀ ਰਿਪੋਰਟ ਨਸ਼ਰ ਕੀਤੀ, ਜਿਸਦੀ ਉਹ ਪੁਰਜ਼ੋਰ ਮੰਗ ਕਰ ਰਹੇ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਨਹੀਂ, ਬਲਕਿ ਇਕ ਬਾਦਲ ਪਰਿਵਾਰ ਦੀ ਪਾਰਟੀ ਹੈ, ਜੋ ਖ਼ੁਦ ਹੀ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰ ਦਿੰਦੀ ਹੈ ਤੇ ਕੁਝ ਦਿਨਾਂ ਬਾਅਦ ਜ਼ਿਲ੍ਹਾ ਜੱਥੇਦਾਰਾਂ ਦੀ ਮੀਟਿੰਗ ਸੱਦਕੇ ਹਾਸੋਹੀਣੀ ਗੱਲ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ 19 ਸੰਤਬਰ ਨੂੰ ਆਪਣੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ’ਚ ਰਲੇਵਾਂ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ, ਪਰ ਉਨ੍ਹਾਂ ਨੇ ਭਾਜਪਾ ਨਾਲ ਪੰਜਾਬ ਦੇ ਕਈ ਮੁੱਦਿਆਂ ਦੇ ਹੱਲ ਲਈ ਗਠਜੋੜ ਕੀਤਾ ਸੀ, ਜੇਕਰ ਭਾਜਪਾ ਪੰਜਾਬ ਦੇ ਉਨ੍ਹਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਕਰਦੀ ਤਾਂ ਉਹ ਭਾਜਪਾ ਨਾਲ ਅਗਾਮੀ ਦਿਨਾਂ ’ਚ ਕੋਈ ਗਠਜੋੜ ਨਹੀਂ ਰੱਖਣਗੇ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਗਾਮੀ ਦਸੰਬਰ ਤਕ ਪੰਜਾਬ ਦੇ ਆਰਥਿਕ ਹਾਲਾਤ ਬਹੁਤ ਮਾੜੇ ਹੋ ਜਾਣਗੇ, ਕਿਉਂਕਿ ਉਹ ਖ਼ੁਦ ਵੀ 10 ਸਾਲ ਪੰਜਾਬ ਦੇ ਖਜਾਨਾ ਮੰਤਰੀ ਰਹੇ ਹਨ, ਜਿਸ ਤਰ੍ਹਾਂ ‘ਆਪ’ ਵਲੋਂ ਸਰਕਾਰੀ ਖਜ਼ਾਨੇ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਸਦਾ ਨਤੀਜਾ ਆਉਣ ਵਾਲੇ 3-4 ਮਹੀਨਿਆਂ ’ਚ ਪੰਜਾਬ ਦੇ ਲੋਕ ਭੁਗਣਗੇ। ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅੱਜ ਵੀ ਲੋਕ ਪੰਥ ਨਾਲ ਜੁੜੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਨਹੀਂ ਮੰਨ ਰਹੇ। ਜੇਕਰ ਸੁਖਬੀਰ ਬਾਦਲ ਪਾਰਟੀ ਤੋਂ ਲਾਂਬੇ ਹੋ ਜਾਂਦੇ ਹਨ ਤਾਂ ਅਕਾਲੀ ਦਲ ਪੰਜਾਬ ਦੀ ਮੁੜ੍ਹ ਤੋਂ ਵੱਡੀ ਪਾਰਟੀ ਬਣਕੇ ਉਭਰੇਗਾ। ਇਸ ਮੌਕੇ ਉਨ੍ਹਾਂ ਨਾਲ ਹਰਦੀਪ ਘੁੰਨਸ, ਰਮਿੰਦਰ ਰੰਮੀ ਢਿੱਲੋਂ, ਅਜ਼ੈਬ ਸਿੰਘ, ਗੁਰਵਿੰਦਰ ਸਿੰਘ ਗਿੰਦੀ, ਮਨੂੰ ਜਿੰਦਲ, ਚਮਕੌਰ ਸਿੰਘ ਭੱਠਲ, ਯਸ਼ਪਾਲ ਜੋਸ਼ੀ, ਅਮਰ ਸਿੰਘ ਬੀਏ, ਨੰਬਰਦਾਰ ਬਲਵੰਤ ਸਿੰਘ, ਜੱਥੇਦਾਰ ਭਰਪੂਰ ਸਿੰਘ ਧਨੌਲਾ ਆਦਿ ਹਾਜ਼ਰ ਸਨ।

Related posts

UAE ਦੇ ਵਿੱਤ ਮੰਤਰੀ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ, ਦੁਬਈ ਨੂੰ ਚਮਕਾਉਣ ਤੇ ਵਿੱਤੀ ਹਬ ਬਣਾਉਣ ’ਚ ਸੀ ਵੱਡਾ ਯੋਗਦਾਨ

On Punjab

ਫਾਈਜ਼ਰ-ਬਾਇਓਐੱਨਟੇਕ ਦੀ ਵੈਕਸੀਨ ਦੀ ਖ਼ੁਰਾਕ ਪਾਉਣ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਸਿੰਗਾਪੁਰ

On Punjab

Happy Birthday Google: 21 ਦਾ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ

On Punjab