ਨਵੀਂ ਦਿੱਲੀ- ਸੀਬੀਐੱਸਈ ਨੇ 12ਵੀਂ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਪ਼ੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਦੋਵਾਂ ਜਮਾਤਾਂ ਦੇ ਨਤੀਜਿਆਂ ਵਿਚ ਕੁੜੀਆਂ ਨੇ ਇਸ ਸਾਲ ਮੁੜ ਬਾਜ਼ੀ ਮਾਰੀ ਹੈ।
ਬਾਰ੍ਹਵੀਂ ਦੀ ਪ੍ਰੀਖਿਆ ਵਿਚ ਕੁੜੀਆਂ ਨੇ ਐਤਕੀਂ ਮੁੰਡਿਆਂ ਨਾਲੋਂ ਪੰਜ ਫੀਸਦ ਵੱਧ ਅੰਕ ਲਏ ਹਨ। ਐਤਕੀਂ ਪਾਸ ਫੀਸਦ 88.39 ਰਹੀ ਜੋ ਪਿਛਲੇ ਸਾਲ ਦੀ 87.98 ਫੀਸਦ ਨਾਲੋਂ ਥੋੜ੍ਹੀ ਵਧ ਹੈ। ਕੁੜੀਆਂ ਦੀ ਪਾਸ ਫੀਸਦ 91.64 ਜਦੋਂਕਿ ਲੜਕਿਆਂ ਦੀ 85.70 ਫੀਸਦ ਰਹੀ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ 100 ਪ੍ਰਤੀਸ਼ਤ ਰਹੀ ਜੋ ਪਿਛਲੇ ਸਾਲ 50 ਫੀਸਦ ਸੀ।
ਇਸ ਸਾਲ 1,11,544 ਉਮੀਦਵਾਰਾਂ ਨੇ 90 ਫੀਸਦ ਤੋਂ ਵੱਧ ਨੰਬਰ ਲਏ ਹਨ ਜਦੋਂਕਿ 95 ਫੀਸਦ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 24,867 ਹੈ। 1.29 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਕੁੱਲ 16,92,794 ਉਮੀਦਵਾਰ ਬੈਠੇ ਸਨ।
ਭਾਰਦਵਾਜ ਨੇ ਕਿਹਾ ਕਿ 93 ਫੀਸਦ ਤੋਂ ਵੱਧ ਵਿਦਿਆਰਥੀ 10ਵੀਂ ਦੀ ਬੋਰਡ ਪ੍ਰੀਖਿਆ ਪਾਸ ਕਰਨ ਵਿਚ ਸਫ਼ਲ ਰਹੇ ਹਨ ਜਦੋਂਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਇਕ ਫਾਰ ਫਿਰ ਮੋਹਰੀ ਰਹੀਆਂ ਹਨ। ਇਸ ਸਾਲ ਪਾਸ ਫੀਸਦ 93.66 ਫੀਸਦ ਰਹੀ ਜੋ ਪਿਛਲੇ ਸਾਲ ਦੀ ਪਾਸ ਫੀਸਦ 93.60 ਨਾਲੋਂ ਮਾਮੂਲੀ ਜਿਹੀ ਵੱਧ ਹੈ।
ਲੜਕੀਆਂ ਤੇ ਲੜਕਿਆਂ ਦੀ ਪਾਸ ਫੀਸਦ ਕ੍ਰਮਵਾਰ 95 ਤੇ 92.63 ਫੀਸਦ ਹੈ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ ਪਿਛਲੇ ਸਾਲ ਦੇ 91.30 ਫੀਸਦ ਦੇ ਮੁਕਾਬਲੇ 95 ਫੀਸਦ ਹੈ। 90 ਫੀਸਦ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 1.99 ਲੱਖ ਤੋਂ ਵਧ ਹੈ ਜਦੋਂਕਿ 45,516 ਉਮੀਦਵਾਰਾਂ ਨੇ 95 ਫੀਸਦ ਤੋਂ ਵੱਧ ਨੰਬਰ ਲਏ ਹਨ। ਜਿਨ੍ਹਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਉਨ੍ਹਾਂ ਦੀ ਗਿਣਤੀ 1.41 ਲੱਖ ਤੋਂ ਵੱਧ ਹੈ। ਇਸ ਸਾਲ ਕੁੱਲ 23,71,939 ਉਮੀਦਵਾਰਾਂ ਨੇ ਸੀਬੀਐੱਸਈ 10ਵੀਂ ਬੋਰਡ ਪ੍ਰੀਖਿਆ ਦਿੱਤੀ ਸੀ।