ਨਵੀਂ ਦਿੱਲੀ- ਦਸੰਬਰ ਦੇ ਅਖੀਰ ਵਿੱਚ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਸੂਚਨਾ ਦੇ ਅਧਿਕਾਰ (RTI) ਤਹਿਤ ਦਿੱਤੇ ਗਏ ਇੱਕ ਜਵਾਬ ਵਿੱਚ ਕਿਹਾ ਗਿਆ ਹੈ ਕਿ ਇਸ ਸਰਦੀ ਵਿੱਚ ਦਿੱਲੀ ਦੇ PM2.5 ਪੱਧਰ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਸਿਰਫ਼ 3.5 ਫੀਸਦੀ ਰਿਹਾ। ਸਬੂਤਾਂ ਵਿੱਚ ਆਏ ਇਸ ਤਾਜ਼ਾ ਬਦਲਾਅ ਨੇ ਇੱਕ ਅਹਿਮ ਸਵਾਲ ਮੁੜ ਖੜ੍ਹਾ ਕਰ ਦਿੱਤਾ ਹੈ — ਜਦੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਘਟ ਗਈਆਂ ਸਨ, ਤਾਂ ਦਸੰਬਰ ਦੌਰਾਨ ਦਿੱਲੀ ਦੀ ਹਵਾ ਖਰਾਬ ਕਿਉਂ ਰਹੀ? CPCB, IITM ਦੇ ਅੰਕੜੇ ਅਤੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (CSE) ਦੁਆਰਾ ਸਾਲ ਦੇ ਅੰਤ ਵਿੱਚ ਕੀਤੇ ਗਏ ਵਿਸ਼ਲੇਸ਼ਣ ਇਸ ਪਾੜੇ ਨੂੰ ਸਮਝਾਉਣ ਵਿੱਚ ਮਦਦ ਕਰਦੇ ਹਨ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਅਕਤੂਬਰ ਅਤੇ ਦਸੰਬਰ ਦੇ ਵਿਚਕਾਰ ਦਿੱਲੀ ਦੇ PM2.5 ਵਿੱਚ ਪਰਾਲੀ ਸਾੜਨ ਦਾ ਹਿੱਸਾ ਲਗਪਗ 3.5 ਫੀਸਦੀ ਰਿਹਾ। ਪਿਛਲੇ ਸਾਲ ਇਹ ਹਿੱਸਾ 10.6 ਫੀਸਦੀ ਸੀ, 2023 ਵਿੱਚ 11, 2022 ਵਿੱਚ 9 ਅਤੇ 2021 ਤੇ 2020 ਵਿੱਚ 13 ਫੀਸਦੀ ਸੀ। ਇਹ ਯੋਗਦਾਨ ਸੈਟੇਲਾਈਟ-ਅਧਾਰਤ ਫਾਇਰ ਕਾਊਂਟਸ ਅਤੇ ਹਵਾ ਦੀ ਗੁਣਵੱਤਾ ਦੇ ਮਾਡਲਾਂ ਦੀ ਵਰਤੋਂ ਕਰਕੇ ਅਨੁਮਾਨਿਤ ਕੀਤਾ ਜਾਂਦਾ ਹੈ ਜੋ ਧੂੰਏਂ ਦੀ ਹਰਕਤ ‘ਤੇ ਨਜ਼ਰ ਰੱਖਦੇ ਹਨ। ਜਵਾਬ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ PM2.5 ਲਈ ਸਰੋਤ ਯੋਗਦਾਨ ਦੇ ਅਨੁਮਾਨ ਅਜੇ ਵੀ 2018 ਦੇ TERI-ARAI ਸਰੋਤ ਵੰਡ ਅਧਿਐਨ ‘ਤੇ ਅਧਾਰਤ ਹਨ।
CSE ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦਾ ਦਸੰਬਰ ਦਾ ਵਿਸ਼ਲੇਸ਼ਣ ਦੋ ਪੜਾਵਾਂ ਦੀ ਤੁਲਨਾ ਕਰਦਾ ਹੈ: ਅਕਤੂਬਰ-ਨਵੰਬਰ, ਜਦੋਂ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਜ਼ਿਆਂਦਾ ਹੁੰਦੀਆਂ ਹਨ ਅਤੇ ਦਸੰਬਰ, ਜਦੋਂ ਉਨ੍ਹਾਂ ਦਾ ਪ੍ਰਭਾਵ ਘਟ ਜਾਂਦਾ ਹੈ। ਨਤੀਜੇ ਦਰਸਾਉਂਦੇ ਹਨ ਕਿ ਪਰਾਲੀ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਹਵਾ ਦੀ ਗੁਣਵੱਤਾ ਹੋਰ ਵਿਗੜ ਜਾਂਦੀ ਹੈ। ਅਕਤੂਬਰ ਅਤੇ ਨਵੰਬਰ ਦੌਰਾਨ ਦਿੱਲੀ ਦਾ ਔਸਤ PM2.5 ਪੱਧਰ 163 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਖੇਤਾਂ ਦੀ ਅੱਗ ਦਾ ਔਸਤਨ ਯੋਗਦਾਨ ਲਗਪਗ 4.2 ਫੀਸਦੀ ਰਿਹਾ, ਜੋ ਨਵੰਬਰ ਦੇ ਅੱਧ ਵਿੱਚ ਕੁਝ ਸਮੇਂ ਲਈ ਸਿਖਰ ‘ਤੇ ਸੀ। ਦਸੰਬਰ ਵਿੱਚ ਜਦੋਂ ਖੇਤਾਂ ਦੀ ਅੱਗ ਦਾ ਯੋਗਦਾਨ ਘਟ ਕੇ ਲਗਪਗ 0.2 ਫੀਸਦੀ ਰਹਿ ਗਿਆ, ਤਾਂ ਔਸਤ PM2.5 ਵੱਧ ਕੇ 210 ਮਾਈਕ੍ਰੋਗ੍ਰਾਮ ਹੋ ਗਿਆ। ਇਹ 29 ਫੀਸਦੀ ਦਾ ਵਾਧਾ ਹੈ। ਦਿੱਲੀ ਵਿੱਚ ਪਰਾਲੀ ਸਾੜਨ ਵਾਲੇ ਪੜਾਅ ਦੇ ਮੁਕਾਬਲੇ ਦਸੰਬਰ ਵਿੱਚ ਵਧੇਰੇ “ਗੰਭੀਰ” (severe) ਹਵਾ ਗੁਣਵੱਤਾ ਵਾਲੇ ਦਿਨ ਦਰਜ ਕੀਤੇ ਗਏ। ਸੀਜ਼ਨ ਦਾ ਸਭ ਤੋਂ ਖਰਾਬ ਦਿਨ 14 ਦਸੰਬਰ ਸੀ, ਜਦੋਂ AQI 461 ਤੱਕ ਪਹੁੰਚ ਗਿਆ ਸੀ।
ਸਿਰਫ਼ ਦਿੱਲੀ ਹੀ ਨਹੀਂ ਰਾਜਧਾਨੀ ਖੇਤਰ ਵਿੱਚ ਵਧਿਆ ਪ੍ਰਦੂਸ਼ਣ- ਪੂਰੇ ਰਾਜਧਾਨੀ ਖੇਤਰ (NCR) ਵਿੱਚ ਅਕਤੂਬਰ-ਨਵੰਬਰ ਦੇ ਮੁਕਾਬਲੇ ਦਸੰਬਰ ਵਿੱਚ PM2.5 (Particulate Matter ਕਣ ਪਦਾਰਥ) ਦੇ ਪੱਧਰ ਵਿੱਚ 28 ਫੀਸਦੀ ਦਾ ਵਾਧਾ ਹੋਇਆ ਹੈ। ਨੋਇਡਾ ਵਿੱਚ 38 ਫੀਸਦੀ, ਦਿੱਲੀ ਵਿੱਚ 29, ਗ੍ਰੇਟਰ ਨੋਇਡਾ ਵਿੱਚ 28 ਅਤੇ ਗੁਰੂਗ੍ਰਾਮ ਤੇ ਫਰੀਦਾਬਾਦ ਵਿੱਚ 27-27 ਫੀਸਦੀ ਦਾ ਵਾਧਾ ਦੇਖਿਆ ਗਿਆ। 12 ਤੋਂ 15 ਦਸੰਬਰ ਦੇ ਵਿਚਕਾਰ ਸਮੋਗ (ਧੂੰਏਂ ਤੇ ਧੁੰਦ ਦਾ ਮਿਸ਼ਰਣ) ਦੀ ਇੱਕ ਲਹਿਰ ਨੇ ਕਈ NCR ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ। ਨੋਇਡਾ ਵਿੱਚ PM2.5 ਦਾ ਪੱਧਰ 350 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਉੱਪਰ, ਦਿੱਲੀ ਵਿੱਚ 340 ਤੋਂ ਉੱਪਰ ਅਤੇ ਬਾਗਪਤ ਵਰਗੇ ਛੋਟੇ ਕਸਬਿਆਂ ਵਿੱਚ 300 ਨੂੰ ਪਾਰ ਕਰ ਗਿਆ। ਇਹ ਸਭ ਖੇਤਾਂ ਦੀ ਅੱਗ ਦੇ ਬਹੁਤ ਘੱਟ ਪ੍ਰਭਾਵ ਦੇ ਬਾਵਜੂਦ ਹੋਇਆ।
ਸਥਾਨਕ ਬਨਾਮ ਬਾਹਰੀ ਸਰੋਤ- 1-15 ਦਸੰਬਰ ਲਈ IITM ਦੇ ਡਿਸੀਜ਼ਨ ਸਪੋਰਟ ਸਿਸਟਮ (DSS) ਦੇ ਅੰਕੜੇ ਦਰਸਾਉਂਦੇ ਹਨ ਕਿ PM2.5(Particulate Matter ਕਣ ਪਦਾਰਥ) ਦਾ ਸਿਰਫ 35 ਫੀਸਦੀ ਹਿੱਸਾ ਦਿੱਲੀ ਦੇ ਅੰਦਰੂਨੀ ਸਰੋਤਾਂ ਤੋਂ ਆਇਆ ਹੈ। ਬਾਕੀ 65 ਫੀਸਦੀ ਗੁਆਂਢੀ NCR ਜ਼ਿਲ੍ਹਿਆਂ ਅਤੇ ਹੋਰ ਖੇਤਰਾਂ ਤੋਂ ਆਇਆ। ਇਸ ਸਮੇਂ ਦੌਰਾਨ ਪਰਾਲੀ ਸਾੜਨ ਦਾ ਹਿੱਸਾ ਨਾ ਦੇ ਬਰਾਬਰ ਸੀ। ਦਿੱਲੀ ਦੇ ਸਥਾਨਕ ਨਿਕਾਸ (emissions) ਵਿੱਚ ਵਾਹਨ ਸਭ ਤੋਂ ਵੱਡਾ ਸਰੋਤ ਸਨ, ਜਿਨ੍ਹਾਂ ਦਾ ਯੋਗਦਾਨ 46 ਫੀਸਦੀ ਰਿਹਾ। ਉਦਯੋਗਾਂ ਦਾ ਹਿੱਸਾ 22 ਫੀਸਦੀ, ਘਰਾਂ ਦਾ 11 ਫੀਸਦੀ, ਜਦਕਿ ਉਸਾਰੀ, ਕੂੜਾ ਸਾੜਨਾ, ਸੜਕ ਦੀ ਧੂੜ ਅਤੇ ਡੀਜ਼ਲ ਜਨਰੇਟਰ ਬਾਕੀ ਹਿੱਸੇ ਲਈ ਜ਼ਿੰਮੇਵਾਰ ਸਨ।
ਸੈਕੰਡਰੀ ਪ੍ਰਦੂਸ਼ਣ ਦੀ ਭੂਮਿਕਾ- ਗੈਰ-ਰਿਫ੍ਰੈਕਟਰੀ PM2.5 ਦੇ ਅੰਕੜੇ ਦਰਸਾਉਂਦੇ ਹਨ ਕਿ ਸਰਦੀਆਂ ਦੇ ਪ੍ਰਦੂਸ਼ਣ ਦਾ ਸਿਰਫ 39 ਫੀਸਦੀ ਹਿੱਸਾ ਉਨ੍ਹਾਂ ਕਣਾਂ ਤੋਂ ਆਉਂਦਾ ਹੈ ਜੋ ਸਿੱਧੇ ਤੌਰ ‘ਤੇ ਵਾਹਨਾਂ, ਉਦਯੋਗਾਂ ਜਾਂ ਅੱਗ ਤੋਂ ਛੱਡੇ ਜਾਂਦੇ ਹਨ ਅਤੇ ਲਗਪਗ 61 ਫੀਸਦੀ ਹਵਾ ਵਿੱਚ ਰਸਾਇਣਕ ਕਿਰਿਆਵਾਂ ਰਾਹੀਂ ਬਣਦਾ ਹੈ ਜਿਸ ਵਿੱਚ ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ, ਅਮੋਨੀਆ ਅਤੇ ਵੋਲਾਟਾਈਲ ਆਰਗੈਨਿਕ ਕੰਪਾਊਂਡ ਵਰਗੀਆਂ ਗੈਸਾਂ ਸ਼ਾਮਲ ਹੁੰਦੀਆਂ ਹਨ। ਹਵਾ ਦੀ ਘੱਟ ਗਤੀ ਅਤੇ ਧੁੰਦ ਕਾਰਨ ਇਹ ਸੈਕੰਡਰੀ ਕਣ ਸਰਦੀਆਂ ਵਿੱਚ ਤੇਜ਼ੀ ਨਾਲ ਜਮ੍ਹਾਂ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਵੱਡਾ ਹਿੱਸਾ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਪ੍ਰਦੂਸ਼ਣ ਦਾ ਹੁੰਦਾ ਹੈ, ਜਿਸ ਕਾਰਨ ਸਿਰਫ਼ ਸਥਾਨਕ ਕਾਰਵਾਈ ਨਾਲ ਜਲਦੀ ਰਾਹਤ ਨਹੀਂ ਮਿਲਦੀ। ਵਾਹਨ ਇੱਥੇ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਉਹ ਕਣ ਅਤੇ ਪ੍ਰੀਕਰਸਰ (precursor) ਗੈਸਾਂ ਦੋਵੇਂ ਛੱਡਦੇ ਹਨ ਜੋ ਬਾਅਦ ਵਿੱਚ ਸੈਕੰਡਰੀ ਪ੍ਰਦੂਸ਼ਣ ਬਣਾਉਂਦੇ ਹਨ।
ਨੀਤੀ ਲਈ ਇਸ ਦੇ ਕੀ ਅਰਥ ਹਨ- CPCB ਦਾ 3.5 ਫੀਸਦੀ ਦਾ ਅੰਕੜਾ ਦਰਸਾਉਂਦਾ ਹੈ ਕਿ ਪਰਾਲੀ ਸਾੜਨਾ ਦਸੰਬਰ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਨਹੀਂ ਹੈ। CSE ਵਿਸ਼ਲੇਸ਼ਣ ਵੀ ਇਸਦਾ ਸਮਰਥਨ ਕਰਦਾ ਹੈ। ਸੈਂਟਰ ਫਾਰ ਰਿਸਰਚ ਆਨ ਕਲੀਨ ਐਨਰਜੀ ਐਂਡ ਐਗਰੀਕਲਚਰ (CREA) ਦੇ ਵਿਸ਼ਲੇਸ਼ਕ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਇਹ ਸਾਰਾ ਸਾਲ ਰਹਿਣ ਵਾਲੇ ਅਤੇ ਖੇਤਰੀ ਸਰੋਤਾਂ ਦੀ ਵਧਦੀ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ। ਉਹ ਕਹਿੰਦੇ ਹਨ, ‘‘ਜਿਵੇਂ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ 2026 ਵਿੱਚ ਆਪਣੇ ਸੋਧ ਪੜਾਅ ਵਿੱਚ ਦਾਖਲ ਹੋ ਰਿਹਾ ਹੈ, ਇਹ ਦਿੱਲੀ-NCR ਲਈ ਹਵਾ ਪ੍ਰਦੂਸ਼ਣ ਰਣਨੀਤੀ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਹੈ। ਹੁਣ ਪਹਿਲ ਟਰਾਂਸਪੋਰਟ, ਉਦਯੋਗ, ਪਾਵਰ ਪਲਾਂਟਾਂ ਅਤੇ ਹੋਰ ਸਰਹੱਦ ਪਾਰ ਦੇ ਸਰੋਤਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨਿਕਾਸ ਨੂੰ ਘਟਾਉਣ ਵੱਲ ਹੋਣੀ ਚਾਹੀਦੀ ਹੈ, ਜਿਸ ਵਿੱਚ ਅਸਥਾਈ PM10 ਨਿਯੰਤਰਣਾਂ ਦੀ ਬਜਾਏ PM2.5 ਅਤੇ ਇਸ ਦੀਆਂ ਪ੍ਰੀਕਰਸਰ ਗੈਸਾਂ ‘ਤੇ ਵਧੇਰੇ ਧਿਆਨ ਦਿੱਤਾ ਜਾਵੇ।’’

