ਜਲੰਧਰ- ਇਹ ਪਿਆਰੀ ਪੰਜਾਬੀ ਸਤਰਾਂ ਅੱਜ ਪੰਜਾਬ ਦੇ ਹਜ਼ਾਰਾਂ ਬੱਚਿਆਂ ਦੀ ਜ਼ਬਾਨ ’ਤੇ ਹੈ। ਦਰਅਸਲ ਇਹ ਸਤਰਾਂ ਜਲੰਧਰ ਅਧਾਰਿਤ ਐਨੀਮੇਸ਼ਨ ਚੈਨਲ ‘ਸ਼ੱਕਰ ਪਾਰੇ’ ਦੇ ਮਸ਼ਹੂਰ ਕਿਰਦਾਰ ਅੱਲੀਆਂ-ਪਟੱਲੀਆਂ ਨਾਲ ਜੁੜੀ ਹੋਈ ਹੈ, ਜਿਸ ਨੇ ਬੱਚਿਆਂ ਦੀ ਦੁਨੀਆ ਵਿੱਚ ਮਾਂ-ਬੋਲੀ ਪੰਜਾਬੀ ਦੀ ਮਿਠਾਸ ਘੋਲ ਦਿੱਤੀ ਹੈ। ‘ਸ਼ੱਕਰ ਪਾਰੇ’ ਜਲੰਧਰ ਦੇ ਡਾ. ਹਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਤੇਜਿੰਦਰ ਕੌਰ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਐਨੀਮੇਟਿਡ ਯੂਟਿਊਬ ਚੈਨਲ ਹੈ। ਇਹ ਚੈਨਲ ਪੰਜਾਬੀ ਬੱਚਿਆਂ ਲਈ ਆਪਣੀ ਮਿੱਟੀ, ਆਪਣੇ ਸੱਭਿਆਚਾਰ ਅਤੇ ਆਪਣੀ ਭਾਸ਼ਾ ਨਾਲ ਜੁੜੀਆਂ ਕਹਾਣੀਆਂ ਤੇ ਗੀਤ ਪੇਸ਼ ਕਰਦਾ ਹੈ। ਪਿਛਲੇ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਹੀ ‘ਸ਼ੱਕਰ ਪਾਰੇ’ 6 ਕਰੋੜ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕਾ ਹੈ, ਜਦਕਿ ਇਸਦੇ 26 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ। ਚੈਨਲ ’ਤੇ ਮੌਜੂਦ 256 ਵੀਡੀਓਜ਼ ਵਿੱਚੋਂ ਕਈ ਵੀਡੀਓਜ਼ ਨੂੰ 20 ਤੋਂ 60 ਲੱਖ ਤੱਕ ਦੇ ਵਿਊਜ਼ ਮਿਲੇ ਹਨ। ਡਾ. ਹਰਜੀਤ ਸਿੰਘ, ਜੋ ਕਿ ਪ੍ਰਸਿੱਧ ਫਿਲਮਸਾਜ਼ ਅਤੇ ਦੂਰਦਰਸ਼ਨ ਦੇ ਸਾਬਕਾ ਪ੍ਰੋਡਿਊਸਰ-ਡਾਇਰੈਕਟਰ ਰਹਿ ਚੁੱਕੇ ਹਨ, ਦੱਸਦੇ ਹਨ ਕਿ ਬੱਚਿਆਂ ਲਈ ਐਨੀਮੇਸ਼ਨ ਦੀ ਕਮੀ ਨਹੀਂ, ਪਰ ਆਪਣੇ ਸੱਭਿਆਚਾਰ ਨਾਲ ਜੁੜੇ ਕਿਰਦਾਰਾਂ ਦੀ ਘਾਟ ਹੈ। ਉਨ੍ਹਾਂ ਮੁਤਾਬਕ ਜਦੋਂ ਤੱਕ ਕਿਰਦਾਰ ਆਪਣੀ ਭਾਸ਼ਾ, ਰੰਗਾਂ ਅਤੇ ਮਾਹੌਲ ਨਾਲ ਨਹੀਂ ਜੁੜੇ ਹੁੰਦੇ, ਉਹ ਬੱਚਿਆਂ ਦੇ ਦਿਲ ਨੂੰ ਛੂਹ ਨਹੀਂ ਸਕਦੇ।
ਤੇਜਿੰਦਰ ਕੌਰ, ਜੋ ਕਿ ਪ੍ਰਸਿੱਧ ਲੇਖਿਕਾ ਅਤੇ ਸਾਬਕਾ ਪ੍ਰੋਫੈਸਰ ਹਨ, ਉਨ੍ਹਾਂ ਦੀਆਂ ਕਹਾਣੀਆਂ, ਗੀਤ ਅਤੇ ਕਵਿਤਾਵਾਂ ‘ਸ਼ੱਕਰ ਪਾਰੇ’ ਦੀ ਜਾਨ ਹਨ। ਚੈਨਲ ਦੇ ਵੀਡੀਓਜ਼ ਵਿੱਚ ਪੰਜਾਬੀ ਅਖੌਤਾਂ, ਮੁਹਾਵਰਿਆਂ ਅਤੇ ਲੋਕ ਬੋਲੀਆਂ ਦੀ ਸੁੰਦਰ ਵਰਤੋਂ ਕੀਤੀ ਗਈ ਹੈ। ਕਿਰਦਾਰਾਂ ਵਿੱਚ ਅੱਲੀਆਂ-ਪਟੱਲੀਆਂ, ਧੁੰਮਕ-ਧੂਣ, ਸ਼ਰਾਰਤੀ ਲੇਲੇ, ਸ਼ਰਾਰਤੀ ਰਿੱਛ, ਬਘਿਆੜ, ਕੱਛੂ, ਮਧੂ-ਮੱਖੀਆਂ, ਰੋਬੋਟ, ਭੇਡਾਂ, ਮੁਰਗੀਆਂ, ਸੱਪ, ਗਲਹਿਰੀਆਂ ਅਤੇ ਹੋਰ ਦਿਲਚਸਪ ਜੀਵ ਸ਼ਾਮਲ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਗੱਲ ਕਰਦਿਆਂ ਡਾ. ਹਰਜੀਤ ਸਿੰਘ ਕਹਿੰਦੇ ਹਨ ਕਿ ਤਕਨਾਲੋਜੀ ਸਹਾਇਕ ਹੋ ਸਕਦੀ ਹੈ ਪਰ ਰਚਨਾਤਮਕਤਾ ਦਿਲ ਨਾਲ ਜੁੜੀ ਹੁੰਦੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਫੀਚਰ ਫਿਲਮ ਬਣਾਉਣ ਅਤੇ ਚੈਨਲ ਨੂੰ ਹੋਰ ਫੈਲਾਉਣ ਦੇ ਸੁਪਨੇ ਵੀ ਸਾਂਝੇ ਕੀਤੇ ਹਨ। ‘ਸ਼ੱਕਰ ਪਾਰੇ’ ਅੱਜ ਸਿਰਫ ਇੱਕ ਯੂਟਿਊਬ ਚੈਨਲ ਨਹੀਂ, ਸਗੋਂ ਮਾਂ-ਬੋਲੀ ਪੰਜਾਬੀ ਨਾਲ ਬੱਚਿਆਂ ਨੂੰ ਜੋੜਨ ਦੀ ਇੱਕ ਸਫਲ ਕੋਸ਼ਿਸ਼ ਬਣ ਚੁੱਕਾ ਹੈ।

