ਲੁਧਿਆਣਾ: ਲੁਧਿਆਣਾ ਅਤੇ ਇਸਦੇ ਆਸਪਾਸ ਦੇ ਇਲਾਕੇ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵਾਪਰਨੀਆਂ ਆਮ ਗੱਲ ਹੁੰਦੀ ਜਾ ਰਹੀ ਹੈ। ਬੀਤੇ ਦੋ ਦਿਨ ਤੋਂ ਲਗਾਤਾਰ ਫਿਰੌਤੀ ਮੰਗਣ ਨੂੰ ਲੈ ਕੇ ਲੁਧਿਆਣਾ ਸ਼ਹਿਰ ਵਿੱਚ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਸਬੰਧਤ ਵਾਪਰੀ ਤਾਜ਼ਾਾ ਘਟਨਾ ਵਿੱਚ ਮੁੱਲਾਂਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਮੁਲਜ਼ਮਾਂ ਨੇ ਅੰਨ੍ਹੇਵਾਹ ਗੋਲੀਆਂ ਚਲੀਆਂ ਹਨ। ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਰਾਇਲ ਲਿਮੋ ਨਾਮ ਦੇ ਕਾਰ ਸ਼ੋਅਰੂਮ ਦੇ ਅੱਗੇ ਗੋਲੀਆਂ ਚੱਲਾਈਆਂ ਤੇ ਜਿਸ ਕਾਰਨ ਲਗਜ਼ਰੀ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਹਾਲਾਂਕਿ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਪਰ ਕਾਰਾਂ ਨੂੰ ਨੁਕਸਾਨ ਪੁੱਜਿਆ ਹੈ।
ਵੇਰਵਿਆਂ ਅਨੁਸਾਰ ਦੋਵੇਂ ਹਮਲਾਵਰ ਗੋਲੀਆਂ ਚਲਾਉਣ ਤੋਂ ਤੁਰੰਤ ਬਾਅਦ ਮੌਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਮੁਲਜ਼ਮ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਵਾਲੀਆਂ ਚਿੱਟੀਆਂ ਪਰਚੀਆਂ ਸੁੱਟ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਲਾਂਪੁਰ ਦਾਖਾ ਦੀ ਪੁਲੀਸ ਟੀਮਾਂ ਤੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਹਨ। ਅਧਿਕਾਰੀਆਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜ਼ਬਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੱਦੋਵਾਲ ਨੇੜੇ ਰਾਇਲ ਲਿਮੋਜ਼ਿਨ ਸ਼ੋਅਰੂਮ ਕਾਰਾਂ ਨੂੰ ਕਿਰਾਏ ’ਤੇ ਦੇਣ ਦਾ ਕਾਰੋਬਾਰ ਹੈ, ਜਿਨ੍ਹਾਂ ਦੇ ਕੋਲ ਰੇਂਜ ਰੋਵਰ ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਕਾਰਾਂ ਹਨ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰਾਂ ਨੇ ਸ਼ੋਅਰੂਮ ਦੇ ਉੱਚ-ਮੁੱਲ ਵਾਲੀਆਂ ਗੱਡੀਆਂ ਨੂੰ ਦੇਖਦੇ ਹੋਏ ਇਹ ਧਮਕੀ ਦੇ ਤੌਰ ’ਤੇ ਗੋਲੀਆਂ ਚਲਾਈਆਂ ਹਨ। ਗ਼ੌਰਤਲਬ ਹੈ ਕਿ ਲੁਧਿਆਣਾ-ਫਿਰੋਜ਼ਪੁਰ ਮੇਨ ਰੋਡ ’ਤੇ ਨਜ਼ਦੀਕ ਹੀ ਆਈਟੀਬੀਪੀ ਕੈਂਪ ਵੀ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਲੱਗੇ ਹੋਏ ਹਨ।

