PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਰਕਾਰ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਪਹਿਲਕਦਮੀ

ਲਹਿਰਾਗਾਗਾ: ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਨੇੜਲੇ ਪਿੰਡ ਕੜੈਲ ਵਿੱਚ ਘੱਗਰ ਦਰਿਆ ਦੀ ਬੁਰਜੀ 3900 ਆਰ ਡੀ ਉੱਤੇ ਇਨਲੈੱਟ ਗੇਟ ਦਾ ਨੀਂਹ ਪੱਥਰ ਰੱਖਿਆ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਲਾਕੇ ਦੇ ਕਿਸਾਨਾਂ ਲਈ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਵੱਲ ਵੱਡਾ ਕਦਮ ਚੁੱਕਿਆ ਹੈ। ਮੀਂਹ ਦੇ ਦਿਨਾਂ ਵਿੱਚ ਇਲਾਕੇ ਦੇ ਕਈ ਪਿੰਡਾਂ ਦਾ 1000 ਏਕੜ ਤੋਂ ਵੱਧ ਰਕਬਾ ਪਾਣੀ ਵਿੱਚ ਡੁੱਬ ਜਾਂਦਾ ਹੈ, ਜਿਸ ਨਾਲ ਵੱਡਾ ਨੁਕਸਾਨ ਹੁੰਦਾ ਹੈ। ਨਵੇਂ ਇਨਲੈੱਟ ਗੇਟ ਰਾਹੀਂ ਮੀਂਹ ਦਾ ਪਾਣੀ ਸਿੱਧਾ ਘੱਗਰ ਦਰਿਆ ਵਿੱਚ ਛੱਡਿਆ ਜਾ ਸਕੇਗਾ। ਇਹ ਪ੍ਰਾਜੈਕਟ 32 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਇਸ ਨੂੰ ਡੇਢ ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇਲਾਕਾ ਵਾਸੀਆਂ ਦੀ ਵੱਡੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਤਰਜੀਹ ਦੇ ਆਧਾਰ ’ਤੇ ਪੂਰਾ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਘੱਗਰ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਪਿਛਾਂਹ ਹੋ ਗਿਆ ਹੈ। ਉਨ੍ਹਾਂ ਮਗਨਰੇਗਾ ਯੋਜਨਾ ਵਿੱਚ ਕੀਤੇ ਬਦਲਾਅ ਨੂੰ ਗਰੀਬ ਕਿਰਤੀ ਲੋਕਾਂ ਤੋਂ ਰੁਜ਼ਗਾਰ ਖੋਹਣ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ। ਘੱਗਰ ਦਰਿਆ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਖੇਤਰ ਹਰ ਸਾਲ ਹੜ੍ਹਾਂ ਦੀ ਮਾਰ ਝੱਲਦਾ ਹੈ। ਇਸ ਵਾਰ ਵੀ ਘੱਗਰ ਵਿੱਚ ਪਾਣੀ 753 ਫੁੱਟ ਤੱਕ ਚੜ੍ਹ ਗਿਆ ਸੀ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਸਦਕਾ ਵੱਡਾ ਨੁਕਸਾਨ ਹੋਣੋ ਟਲ਼ ਗਿਆ।

ਮੰਤਰੀ ਨੇ ਲਾਭਪਾਤਰੀਆਂ ਨੂੰ ਪੱਕੇ ਘਰਾਂ ਦੇ ਚੈੱਕ ਵੰਡੇ: ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ਹਿਰ ਮੂਨਕ ਵਿੱਚ 149 ਲਾਭਪਾਤਰੀਆਂ ਨੂੰ ਪੱਕੇ ਘਰ ਬਣਾਉਣ ਲਈ 3 ਕਰੋੜ 72 ਲੱਖ 50 ਹਜ਼ਾਰ ਰੁਪਏ ਦੇ ਚੈੱਕ ਵੰਡੇ। ਸਮਾਗਮ ਦੌਰਾਨ ਹਰੇਕ ਲਾਭਪਾਤਰੀ ਨੂੰ ਢਾਈ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਚੈੱਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ, “ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣਾ ਹਰ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਅ ਰਹੀ ਹੈ।” ਉਨ੍ਹਾਂ ਕਿਹਾ, “ਇਹ ਤੁਹਾਡਾ ਹੀ ਪੈਸਾ ਹੈ, ਜੋ ਟੈਕਸਾਂ ਰਾਹੀਂ ਇਕੱਠਾ ਹੁੰਦਾ ਹੈ ਅਤੇ ਅੱਜ ਅਸੀਂ ਉਸੇ ਪੈਸੇ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਿੱਧਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਇੱਕ ਘਰ ਲਈ ਸਿਰਫ਼ ਡੇਢ ਲੱਖ ਰੁਪਏ ਮਿਲਦੇ ਸਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਇਸ ਰਾਸ਼ੀ ਨੂੰ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤਾ ਹੈ ਤਾਂ ਜੋ ਮਹਿੰਗਾਈ ਦੇ ਇਸ ਦੌਰ ਵਿੱਚ ਵੀ ਤੁਹਾਨੂੰ ਪੱਕਾ ਅਤੇ ਮਜ਼ਬੂਤ ਘਰ ਮਿਲ ਸਕੇ।” ਕੈਬਨਿਟ ਮੰਤਰੀ ਨੇ ਭਰੋਸਾ ਦਿਵਾਉਂਦਿਆਂ ਕਿਹਾ, “ਅਸੀਂ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਚਾਹੇ ਮੁਫ਼ਤ ਬਿਜਲੀ ਹੋਵੇ, ਮੁਹੱਲਾ ਕਲੀਨਿਕ ਹੋਣ ਜਾਂ ਘਰ-ਘਰ ਨੌਕਰੀ, ਸਾਡੀ ਸਰਕਾਰ ਵਾਅਦੇ ਨਿਭਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਇਹ ਘਰਾਂ ਦੀ ਗਰਾਂਟ ਵੀ ਉਸੇ ਵਿਸ਼ਵਾਸ ਦਾ ਹਿੱਸਾ ਹੈ।” ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ੀ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਅਤੇ ਜਲਦੀ ਤੋਂ ਜਲਦੀ ਆਪਣੇ ਘਰਾਂ ਦੀ ਉਸਾਰੀ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜ੍ਹੀ ਹੈ ਅਤੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।

Related posts

ਦਿੱਲੀ ਕਾਂਗਰਸ ਨੂੰ ਕੱਲ੍ਹ ਮਿਲੇਗਾ ਨਵਾਂ ਪ੍ਰਧਾਨ, ਚਾਰ ਨਾਂ ਸਭ ਤੋਂ ਅੱਗੇ

On Punjab

ਹੁਣ ਪਾਕਿਸਤਾਨ ਨੇ ਭਾਰਤ ਖਿਲਾਫ ਚੁੱਕਿਆ ਵੱਡਾ ਕਦਮ

On Punjab

ਤਿੰਨ ਵਿਗਿਆਨੀਆਂ ਨੂੰ ਮਿਲਿਆ ਭੌਤਿਕ ਵਿਗਿਆਨ ‘ਚ ਨੋਬਲ ਪੁਰਸਕਾਰ

On Punjab