58.15 F
New York, US
May 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਭ ਤੋਂ ਹੌਟ ਸੀਟ ’ਤੇ ‘ਕੁੱਲੀਆਂ ਤੇ ਮਹਿਲਾਂ’ ਦੀ ਅਨੋਖੀ ਜੰਗ

ਬਰਨਾਲਾ- ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਸ਼ਹਿਰ ਦਾ ਵਾਰਡ ਨੰਬਰ 44 ਇਸ ਵੇਲੇ ਸਭ ਤੋਂ ‘ਹੌਟ ਸੀਟ’ ਬਣ ਗਿਆ ਹੈ, ਕਿਉਂਕਿ ਇਹ ਮੁਕਾਬਲਾ ਸਿਰਫ਼ ਦੋ ਉਮੀਦਵਾਰਾਂ ਵਿਚਾਲੇ ਨਹੀਂ, ਬਲਕਿ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ (ਐਮ.ਪੀ.) ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ‘ਮੁੱਛ ਦਾ ਸਵਾਲ’ ਬਣ ਚੁੱਕਾ ਹੈ। ਦੋਵੇਂ ਆਗੂ ਆਪਣੇ-ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਵਿੱਚ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਵਾਰਡ ਤੋਂ ’ਆਪ’ ਵੱਲੋਂ ਐਮ.ਪੀ. ਮੀਤ ਹੇਅਰ ਦੇ ਓ.ਐਸ.ਡੀ. (OSD) ਹਸਨਪ੍ਰੀਤ ਭਾਰਦਵਾਜ ਚੋਣ ਮੈਦਾਨ ਵਿੱਚ ਹਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਜੇਕਰ ਹਸਨਪ੍ਰੀਤ ਇਹ ਚੋਣ ਜਿੱਤਦੇ ਹਨ, ਤਾਂ ਉਹ ਨਗਰ ਨਿਗਮ ਦੇ ਅਗਲੇ ਮੇਅਰ ਵੀ ਬਣ ਸਕਦੇ ਹਨ। ਦੂਜੇ ਪਾਸੇ, ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਨੇ ਆਪਣੇ ਬੇਹੱਦ ਕਰੀਬੀ ਰਜਿੰਦਰ ਕੁਮਾਰ ਬਿੱਟੂ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਜੇਕਰ ਦੋਵਾਂ ਮੁੱਖ ਉਮੀਦਵਾਰਾਂ ਦੀ ਆਰਥਿਕ ਸਥਿਤੀ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਬਹੁਤ ਵੱਡਾ ਫ਼ਰਕ ਹੈ, ਜਿਸ ਕਰਕੇ ਸ਼ਹਿਰ ਵਾਸੀ ਇਸ ਚੋਣ ਨੂੰ ‘ਕੁੱਲੀਆਂ ਤੇ ਮਹਿਲਾਂ’ ਦੀ ਟੱਕਰ ਦੱਸ ਰਹੇ ਹਨ। ਸਾਬਕਾ ਪਟਵਾਰੀ ਹਸਨਪ੍ਰੀਤ ਭਾਰਦਵਾਜ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਨੌਕਰੀ ਛੱਡ ਕੇ ਮੀਤ ਹੇਅਰ ਦੇ ਓ.ਐਸ.ਡੀ. ਬਣੇ ਸਨ। ਮੀਤ ਹੇਅਰ ਦੇ ਕੈਬਨਿਟ ਮੰਤਰੀ ਹੁੰਦਿਆਂ ਹਲਕੇ ਵਿੱਚ ਉਨ੍ਹਾਂ ਨੂੰ ‘ਸੁਪਰ ਮਿਨਿਸਟਰ’ ਜਾਂ ‘ਸੁਪਰ ਐਮ.ਐਲ.ਏ.’ ਵੀ ਕਿਹਾ ਜਾਂਦਾ ਰਿਹਾ ਹੈ। ਚੋਣ ਹਲਫ਼ਨਾਮੇ ਮੁਤਾਬਕ ਉਹ 2.26 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ, ਜਦਕਿ ਉਨ੍ਹਾਂ ਸਿਰ ਕਰੀਬ 15 ਲੱਖ ਰੁਪਏ ਦਾ ਕਰਜ਼ਾ ਹੈ। ਕਾਂਗਰਸੀ ਉਮੀਦਵਾਰ ਬਿੱਟੂ ਸ਼ਰਮਾ ਕੋਲ ਆਪਣੀ ਕੋਈ ਜਾਇਦਾਦ ਨਹੀਂ ਹੈ। ਉਨ੍ਹਾਂ ਕੋਲ ਕੇਵਲ 50 ਹਜ਼ਾਰ ਰੁਪਏ ਦੀ ਨਕਦੀ ਹੈ, ਜਦਕਿ ਉਨ੍ਹਾਂ ਸਿਰ 1.33 ਲੱਖ ਰੁਪਏ ਦਾ ਕਰਜ਼ਾ ਖੜ੍ਹਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਵਾਰਡ ਨੰਬਰ 44 ਦੇ ਵੋਟਰ ਪੈਸੇ ਅਤੇ ਸਿਆਸੀ ਪਾਵਰ ਵਾਲੇ ‘ਸੁਪਰ ਓ.ਐਸ.ਡੀ.’ ਨੂੰ ਚੁਣਦੇ ਹਨ ਜਾਂ ਫਿਰ ਬਿਨਾਂ ਜਾਇਦਾਦ ਵਾਲੇ ਆਮ ਕਾਂਗਰਸੀ ਵਰਕਰ ਦੇ ਸਿਰ ’ਤੇ ਜਿੱਤ ਦਾ ਤਾਜ ਸਜਾਉਂਦੇ ਹਨ। ਇਸ ਮੁਕਾਬਲੇ ਨੂੰ ਹੋਰ ਰੋਚਕ ਬਣਾਉਂਦਿਆਂ ’ਆਪ’ ਦੇ ਪੁਰਾਣੇ ਆਗੂ ਓਮ ਪ੍ਰਕਾਸ਼ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਤਾਲ ਠੋਕ ਦਿੱਤੀ ਹੈ, ਜੋ ‘ਆਪ’ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਲਈ ਪੂਰਾ ਤਾਣ ਲਾ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੇਵ ਸਿੰਘ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ।

Related posts

ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਦਿਤੀ ਪਰਮਾਣੂ ਹਮਲੇ ਦੀ ਚਿਤਾਵਨੀ

On Punjab

ਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਦੇ ਸਕਦੀ ਸੋਨੀਆ, ਸੋਮਵਾਰ CWC ਮੀਟਿੰਗ ‘ਚ ਨਵੇਂ ਪ੍ਰਧਾਨ ਤੇ ਹੋ ਸਕਦਾ ਫੈਸਲਾ

On Punjab

ਕੋਰੋਨਾ ਵੈਕਸੀਨ ਦੇ ਚੋਣਾਂ ਮਗਰੋਂ ਐਲਾਨ ਤੋਂ ਭੜਕੇ ਟਰੰਪ, ਲਾਏ ਵੱਡੇ ਇਲਜ਼ਾਮ

On Punjab