44.15 F
New York, US
March 29, 2024
PreetNama
ਸਮਾਜ/Social

ਸ਼ਹੀਦਾਂ ਦੇ ਖ਼ੂਨ ਨਾਲ ਰੰਗੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਤਮਾਸ਼ਾ ਕਿਉਂ…..?

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਂਣ ਅਤੇ ਖਾਲਸੇ ਪੰਥ ਦੀ ਅਜ਼ਾਦ ਹਸਤੀ ਕਾਇਮ ਕਰਨ ਲਈ ਛੋਟੀਆਂ ਵੱਡੀਆਂ 14 ਜੰਗਾਂ  ਲੜੀਆਂ, ਜਿੰਨ੍ਹਾਂ ਵਿੱਚ ਸਫਲਤਾਵਾਂ ਨੇ ਗੁਰੂ ਜੀ ਦੇ ਚਰਨ ਚੁੰਮੇ, ਉੱਨ੍ਹਾ ਜੰਗਾਂ ਵਿਚੋਂ ਇੱਕ ਵੱਡੀ ਅਤੇ ਸਿੱਖ ਇਤਿਹਾਸ ਅੰਦਰ ਅਹਿਮ ਥਾਂ ਰੱਖਣ ਵਾਲੀ ਜੰਗ, ਸ਼੍ਰੀ ਮੁਕਤਸਰ ਸੀ, ਜਿਸ ਨੂੰ ਖਿਦਰਾਣੇ ਢਾਬ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਦਿਹਾੜੇ ਨੂੰ ਟੁੱਟੀ ਗੰਡਣਹਾਰ ਦਿਵਸ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਜੰਗ ਦੌਰਾਨ ਭਾਈ ਮਹਾਂ ਸਿੰਘ ਸਮੇਤ ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ। ਗੁਰੂ ਜੀ ਨੇ ਸ਼ਹੀਦ ਹੋਏ ਸਿਘਾਂ ਨੂੰ ਜਨਮ ਮਰਨ ਤੋਂ ਰਹਿਤ ਕਰ ਦਿੱਤਾ। ਇਸ ਜਗ੍ਹਾ ਦਾ ਨਾਮ ਮੁਕਤਸਰ ਪੈ ਗਿਆ। ਮੁਕਤ, ਸਰ ਤੋਂ ਭਾਵ, ਜ਼ਨਮ ਮਰਨ ਤੋਂ ਮੁਕਤ। ਇਹ ਪਾਵਿੱਤਰ ਦਿਹਾੜਾ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਆਉਂਣ ਕਰਕੇ ਇਸ ਨੂੰ ਮਾਘੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿੱਥੇ ਇਸ ਦਿਹਾੜੇ ਉਪਰ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਅਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਨੱਤਮਸਤਕ ਹੋਣ ਆਉਂਦੀਆਂ ਹਨ, ਉਹਥੇ ਹੀ ਪੰਜਾਬ ਦੀ ਸਿਆਸੀ ਪਾਰਟੀਆਂ ਇਸ ਪਾਵਿੱਤਰ ਦਿਹਾੜੇ ਉਪਰ ਆਪਣੀ ਸਿਆਸਤ ਦਾ ਯੱਕਾ ਰੈੜਣ ਵਾਸਤੇ ਇਸ ਅਸਥਾਨ ਉਪਰ ਸਿਆਸੀ ਰੈਲੀਆਂ ਵੀ ਕਰਦੀਆਂ ਹਨ। ਇਸ ਦਿਹਾੜੇ ਉਪਰ ਇਕੱਤਰ ਹੋਈਆਂ ਸੰਗਤਾਂ ਨੂੰ ਸਿਆਸੀ ਆਪਣੇ ਅਗਾਂਹੂ ਬੁਣੇ ਜਾਲ ਵਿੱਚ ਫਸਾਉਂਣ ਦੀ ਕੋਝੀ ਚਾਲ ਚੱਲਦੇ ਹਨ। ਆਪਾਂ ਇਸ ਦਿਹਾੜੇ ਉਪਰ ਸਿਆਸੀ ਘਮਸਾਣ ਦੀ ਸਮੀਖਿਆ ਕਰਨ ਤੋਂ ਪਹਿਲਾ ਇਸ ਦਿਹਾੜੇ ਉਪਰ ਮੱਚੇ ਘਮਸਾਨ ਦੇ ਯੁੱਧ ਅਤੇ ਗੁਰੂ ਜੀ ਦੀ ਹੋਈ ਸ਼ਾਨਦਾਰ ਜਿੱਤ ਦੇ ਵਿਲੱਖਣ ਇਤਿਹਾਸ ਉਪਰ ਸੰਖੇਪ ਜੀ ਝਾਤ ਮਾਰਦੇ ਹਾਂ।

ਗੁਰੂ ਗੋਬਿੰਦ ਸਿੰਘ ਜੀ ਚੰਮਕੌਰ ਦੀ ਗੜ੍ਹੀ ਵਿਚੋਂ ਦੁਸ਼ਮਨਾਂ ਨੂੰ ਲੱਲਕਾਰ ਕੇ ਨਿਕਲੇ, ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਸੰਗਤਾਂ ਨੂੰ ਤਾਰਦੇ ਜਲਾਲ, ਭਗਤੇ, ਆਦਿ ਪਿੰਡਾਂ ਨੂੰ ਭਾਗ ਲਾ ਕਿ ਗੁਰੂ ਜੀ ਕੋਟ ਕਪੂਰੇ ਪਹੁੰਚੇ ਕੁੱਝ ਸਮਾਂ ਇਸ ਜਗ੍ਹਾ ਉਪਰ ਠਹਿਰਨ ਤੋਂ ਬਾਅਦ ਅਗਾਹ ਢਿਲਵਾਂ ਕਲਾਂ ਵੱਲੋਂ ਹੁੰਦੇ ਹੋਏ ਜੈਤੋ ਪਹੁੰਚ ਗਏ। ਇਹਥੇ ਗੁਰੂ ਜੀ ਨੂੰ ਪਤਾ ਲੱਗਾ ਕੇ ਸਰਹੰਦ ਦਾ ਨਵਾਬ ਸੂਬਾ ਵਜ਼ੀਰ ਖਾਂ ਫੌਜ ਲੈ ਕੇ ਸਾਡੇ ਤੇ ਚੜਾਈ ਕਰ ਰਿਹਾ ਹੈ ਅਤੇ ਚਾਰ ਪੰਜ ਦਿਨਾਂ ਤੱਕ ਪਹੁੰਚ ਜਾਵੇਗਾ। ਇਸ ਜਗ੍ਹਾਂ ਤੇ ਲੋਕਾਂ ਦੀ ਰਹਾਇਸ਼ ਹੋਣ ਕਰਕੇ ਗੁਰੂ ਜੀ ਆਮ ਲੋਕਾ ਨੂੰ ਕਿਸੇ ਵੀ ਮੁਸ਼ਕੱਲ ਵਿੱਚ ਨਹੀਂ ਸਨ ਪਾਉਣਾ ਚਹੁੰਦੇ। ਇਸ ਲਈ ਗੁਰੂ ਜੀ ਅਗਾਂਹ ਸੁਨੀਆਰ, ਰਾਮੇਆਣੇ, ਤੋਂ ਅੱਗੇ ਖਿਦਰਾਣੇ ਵੱਲ ਚੱਲੇ ਗਏ। ਗੁਰੂ ਸਾਹਿਬ ਜੀ ਦੀ ਨਿੱਜੀ ਦਲੀਲ ਸੀ ਕਿ ਖਿਦਰਾਣੇ ਕੋਲ ਖਾਲੀ ਪਈ ਢਾਬ ਦੇ ਕੰਡੇ ਤੇ ਦੁਸ਼ਮਨਾਂ ਨਾਲ ਦੋ ਦੋ ਹੱਥ ਕੀਤੇ ਜਾਣ। ਇਸ ਢਾਬ ਦੇ ਕੰਡੇ ਉਪਰ ਸ੍ਰੀ ਅੰਨਦਪੁਰ ਸਾਹਿਬ ਦੇ ਘੇਰੇ ਦੌਰਾਨ ਕੁਝ ਸਿੰਘ ਬੇਦਾਵਾ ਲਿੱਖ ਕੇ ਚੱਲੇ ਗਏ ਸਨ, ਉਹ ਮਾਝੇ ਦੇ ਭਾਈ ਮਹਾਂ ਸਿੰਘ ਅਤੇ ਝਬਾਲ ਦੀ ਮਾਤਾ ਭਾਗ ਕੌਰ ਜੀ ਨਾਲ ਜਥੇ ਸਮੇਤ ਪੁੱਛ ਦੇ ਪਛਾਉਂਦੇ ਖਿਦਰਾਣੇ ਦੀ ਢਾਬ ਤੇ ਗੁਰੂ ਜੀ ਨੂੰ ਆਣ ਮਿਲੇ। ਦੂਜੇ ਬੰਨੇ ਵਜੀਰ ਖਾਂ ਆਪਣੇ ਲਾਮ ਲੱਸ਼ਕਰ ਨਾਲ ਢਾਬ ਤੋਂ ਦੋ ਕੋਹ ਤੇ ਆਹ ਰਿਹਾ ਸੀ। ਗੁਰੂ ਕਿ ਸਿੰਘਾਂ ਨੇ ਜੰਗ ਦੀ ਵਿਓਂਤ ਬੰਦੀ ਕਰਦੇ ਹੋਏ ਢਾਬ ਕਿਨਾਰੇ ਬੇਰੀਆਂ ਦੇ ਦੱਰਖਤਾ ਉਪਰ ਚਾਦਰਾਂ ਆਦਿ ਪਾ ਦਿੱਤੀਆਂ ਕਿ ਦੂਰ ਤੋਂ ਇੱਹ ਭੁਲੇਖਾ ਪੈ ਸਕੇ ਕਿ ਖਾਲਸੇ ਦੀ ਬਹੁਤ ਸਾਰੀ ਫੌਜ ਤੰਬੂਆਂ ਵਿੱਚ ਉੱਤਰੀ ਹੈ। ਵਜੀਰ ਖਾਂ ਦੀ ਫੌਜ ਪਹੁੰਚਣ ਸਾਰ ਹੀ ਘਮਸਾਨ ਦੀ ਜੰਗ ਸ਼ੁਰੂ ਹੋਈ। ਸਿੱਖ ਬੜੀ ਦਲੇਰੀ ਨਾਲ ਵੈਰੀਆ ਤੇ ਭੁਖੇ ਸ਼ੇਰਾਂ ਵਾਂਗਰਾਂ ਟੁੱਟ ਪਏ, ਗੁਰੂ ਸਾਹਿਬ ਜੀ ਵੀ ਉੱਚੀ ਟਿੱਬੀ ਤੇ ਖੜੇ ਵੈਰੀਆਂ ਤੇ ਤੀਰਾਂ ਦੀਆਂ ਬੁਸ਼ਾੜਾ ਕਰਦੇ ਆਹੂ ਲਾਈ ਜਾਂਦੇ ਸਨ।

ਸ਼ਾਹੀ ਫੌਜਾਂ ਹੁੰਦੀ ਤੀਰਾਂ ਦੀ ਵਰਖਾਂ ਅਤੇ ਸਿੰਘਾਂ ਦੀ ਦਹਾੜ ਅੱਗੇ ਟਿੱਕ ਨਾ ਸਕੀਆਂ ਕੁਝ ਤੁਰਕ ਜੰਗ ਦੌਰਾਨ ਮਾਰੇ ਗਏ ਅਤੇ ਬਾਕੀ ਗੁਰੂ ਜੀ ਅਤੇ ਮਝੈਲ, ਸਿੰਘਾਂ ਦੀ ਫੌਜ ਤੋਂ ਡਰਦੇ ਅੱਡੀਆਂ ਨੂੰ ਥੁੱਕ ਲਾ ਗਏ। ਵੇਖਦਿਆ ਵੇਖਦਿਆ ਮੈਦਾਨ ਖਾਲੀ ਹੋ ਗਿਆ। ਫਿਰ ਦਸ਼ਮੇਸ਼ ਪਿਤਾ ਜੀ ਰੱਣ ਭੂਮੀ ਦਾ ਜਾਇਜਾ ਲੈਣ ਲੱਗੇ, ਦਇਆ ਦੇ ਸਾਗਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਾਜੂਰੀਏ ਨਾਲ ਧਰਤੀ ਉਪਰ ਪਏ ਸੂਰਮਿਆਂ ਦੇ ਮੁੱਖ ਪੂੰਝੈ, ਅਥਾਹ ਪਿਆਰ ਕੀਤਾ, ਵਰ ਦਿੱਤੇ ਕਿਹਾ ਕੇ ਇਹ ਮੇਰਾ ਦੱਸ ਹਜਾਰੀ ਸੂਰਮਾ ਹੈ, ਅੱਗਲੇ ਸਿੰਘ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਇਹ ਮੇਰਾ ਵੀਹ ਹਜਾਰੀ ਸੂਰਮਾਂ ਹੈ, ਕਿਸੇ ਨੂੰ ਤੀਹ ਹਜਾਰੀ ਸੂਰਮਾ ਆਖਦੇ ਹਨ ਅਤੇ ਕਿਸੇ ਚਾਲੀ ਅਤੇ ਕਈਆਂ ਨੂੰ ਤਾਂ ਕਹਿੰਦੇ ਹਨ, ਇਹ ਮੇਰਾ ਪ੍ਰਾਨਾ ਤੋਂ ਪਿਆਰਾ ਸਿੱਖ ਹੈ। ਜੱਦੋਂ ਦਸ਼ਮੇਸ਼ ਪਿਤਾ ਜੀ ਦੀ ਸਵੱਲੀ ਨਿਗ੍ਹਾ ਭਾਈ ਮਹਾਂ ਸਿੰਘ ਤੇ ਪਈ ਤਾਂ ਭਾਈ ਮਹਾਂ ਸਿੰਘ ਅਜੇ ਸਹਿਕਦੇ ਸਨ, ਤਾਂ ਗੁਰੂ ਜੀ ਨੇ ਭਾਈ ਸਾਹਿਬ ਜੀ ਦਾ ਮੁੱਖ ਸਾਫ ਕੀਤਾ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਂਦ ਵਿੱਚ ਟਿਕਾਇਆ ਜੱਦੋਂ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੌਲੀਆ ਤਾਂ ਆਪਣਾ ਸੀਸ ਚੋਜੀ ਪ੍ਰੀਤਮ ਦੀ ਗੋਦ ਵਿੱਚ ਟਿਕਿਆ ਵੇਖ ਕੇ ਗੱਦ ਗੱਦ ਹੋ ਗਏ ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਬੜੇ ਹੀ ਪਿਆਰ ਨਾਲ ਕਿਹਾ ਕੇ ਮਹਾਂ ਸਿੰਘ ਮੰਗ ਲਵੋ ਜੋ ਵੀ ਚਹੁੰਦੇ ਹੋ, ਤਾਂ ਭਾਈ ਮਹਾਂ ਸਿੰਘ ਜੀ ਕਹਿੰਦੇ ਹਨ ਅੰਤਮ ਵੇਲੇ ਆਪ ਜੀ ਦੇ ਦਰਸ਼ਨ ਹੋ ਗਏ ਹੋਰ ਕੋਈ ਲਾਲਸਾ ਨਹੀਂ ਬਚੀ, ਗੁਰੂ ਸਾਹਿਬ ਜੀ ਨੇ ਦੋਬਾਰਾ ਕਿਹਾ ਕਿ ਮਹਾਂ ਸਿੰਘ ਕੁਝ ਮੰਗ ਲਵੋ ਸਾਡੀ ਖੁਸ਼ੀ ਇਸ ਵਿੱਚ ਹੈ, ਤਾਂ ਭਾਈ ਮਹਾਂ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾ ਜੇਕਰ ਆਪ ਤੁੱਠੇ ਹੋ ਮੇਹਰਾਂ ਦੇ ਘਰ ਵਿੱਚ ਆਏ ਹੋ, ਤਾਂ ਗੁਰੂ ਸਹਿਬ ਇੱਕ ਬਹੌੜੀ ਕਰੋ ਆਪ ਬਖਸ਼ ਲਵੋ ਜਿਹੜੇ ਸਿੰਘ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ। ਉਹ ਬੇਦਾਵਾ ਪਾੜ ਦਿਓ ਤਾਂ ਗੁਰੂ ਜੀ ਝੱਟ ਆਪਣੇ ਕੰਮਰਕੱਸੇ ਵਿੱਚੋ ਉਹ ਕਾਗਜ ਦਾ ਟੁਕੜਾ ਕੱਢਇਆ ਅਤੇ ਪਾੜ ਦਿੱਤਾ ਨਾਲ ਹੀ ਕਿਹਾ ਕੇ ਤੁਸੀਂ ਬਾਕੀ ਸਿੰਘਾਂ ਦੀ ਰੱਖ ਲਈ ਨਾਲ ਹੀ ਕਿਹਾ ਧੰਨ ਸਿੱਖੀ, ਧੰਨ ਖਾਲਸਾ।

ਇਸ ਪਾਵਿੱਤਰ ਦਿਹਾੜੇ ਉਪਰ ਦਰਸ਼ਨਾਂ ਲਈ ਆਈਆਂ ਸੰਗਤਾਂ ਦੀਆਂ ਭਾਵਨਾਵਾਂ ਦਾ ਸਿਆਸੀ ਪਾਰਟੀਆਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਕਿਉਂਕਿ ਇਹਨਾਂ ਆਸਥਾਨਾਂ ਉਪਰ ਚੱਲਦੇ ਸਮਾਗਮਾਂ ਨੂੰ ਸਤਿਕਾਰ ਨਾਲ ਪੰਥ ਖਾਲਸੇ ਵੱਲੋਂ ਜੋੜ ਮੇਲਾ ਕਿਹਾ ਜਾਂਦਾ ਹੈ। ਭਾਵ ਸ਼ਹੀਦਾ ਨਾਲ ਜੋੜ, ਸ਼ਹੀਦਾ ਨਾਲ ਮੇਲ, ਅਸੀ ਏਥੇ ਇਹ ਸਮਝਣਾ ਹੋਵੇਗਾ ਕਿ ਇਹ ਸਿਆਸੀ ਪਾਰਟੀਆਂ ਸ਼ਹੀਦਾਂ ਨਾਲ ਜੋੜ ਮੇਲਾ ਕਰਾਉਂਦੀਆਂ ਹਨ ਜਾਂ ਫਿਰ ਆਪਣੇ ਨਾਲ? ਗੁਰੂ ਘਰ ਅੰਦਰ ਚੱਲਦੇ ਸਮਾਗਮ ਕੀਰਤਨ ਦਰਬਾਰ, ਢਾਡੀ ਦਰਬਾਰ, ਗੁਰੂ ਘਰ ਨਾਲ ਜੋੜਦੇ ਹਨ, ਉਹਨਾਂ ਦੀ ਆਉਂਦੀ ਰਸਭਿੰਨੀ ਅਵਾਜ਼ ਨੂੰ ਸਿਆਸੀਆਂ ਦੀਆਂ ਟੁਰਲੀਆਂ ਦੀ ਅਵਾਜ਼ ਨੱਪ ਲੈਂਦੀ ਹੈ। ਕਿਉਂਕਿ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਰੈਲੀ ਦੇ ਸਪੀਕਰਾਂ ਦੀ ਅਵਾਜ਼ ਇਹਨੀ ਛੱਡ ਦਿੰਦੀਆਂ ਹਨ ਕਿ ਆਮ ਸੰਗਤ ਨੂੰ ਇੱਕ ਦੂਜੇ ਦੀ ਗੱਲ ਸੁਣਨੀ ਵੀ ਔਖੀ ਹੋ ਜਾਂਦੀ ਹੈ। ਇੱਕ ਬੰਨੇ ਜਿੱਥੇ ਸੰਗਤ ਸ਼ਹੀਦਾ ਨੂੰ ਪ੍ਰਣਾਮ ਕਰਨ ਆਉਂਦੀ ਹੈ ਉਹਥੇ ਹੀ ਸਿਆਸੀ ਪਾਰਟੀਆਂ ਇਸ ਜੋੜ ਮੇਲੇ ਦੀ ਵਧਾਈ ਦਿੰਦੀਆਂ ਨਹੀਂ ਥੱਕਦੀਆਂ, ਸ਼ਹੀਦੀ ਸਭਾਵਾਂ, ਜੋੜ ਮੇਲਿਆਂ ਦੀ ਵਧਾਈ ਕਹਾਦੀ, ਇਹ ਫੋਕਾਂ ਡਰਾਮਾ ਹੁੰਦਾ ਹੈ। ਸਭ ਤੋਂ ਘਟੀਆ ਗੱਲ ਇਹ ਸੁਣਨ ਨੂੰ ਆਉਂਦੀ ਹੈ ਕਿ ਆਪੋ ਆਪਣੀ ਰੈਲੀ ਵਿੱਚ ਇਸਤਮਾਲ ਕੀਤੇ ਜਾਣ ਵਾਲੇ ਸ਼ਬਦ ਇਹਨੇ ਹੌਲੇ ਦਰਜੇ ਦੇ ਹੁੰਦੇ ਹਨ, ਕਿ ਸੁਣਨ ਵਾਲੇ ਵੀ ਨੀਵੀਂ ਪਾ ਲੈਂਦੇ ਹਨ। ਸ਼ਹੀਦਾਂ ਦੇ ਅਸਥਾਂਨ ਜਿੱਥੋਂ ਸਦਭਾਵਨਾਂ ਦੀ ਅਵਾਜ਼ ਹਮੇਸ਼ਾ ਗੂੰਜਦੀ ਹੈ, ਉਸ ਅਸਥਾਨ ਤੇ ਖੱੜ ਕਿ ਸਿਆਸੀ ਉੱਚੀ ਉੱਚੀ ਟਾਹਰਾਂ ਨਾਲ ਇੱਕ ਦੂਜੇ ਨਾਲ ਮਿਹਣਿਓ ਮਿਹਣੀ ਹੁੰਦੇ ਹੋਏ ਧਾਰਮਿਕ ਸਮਾਗਮਾਂ ਨੂੰ ਤਾਰਪੀਡੋ ਕਰ ਦਿੰਦੇ ਹਨ।

ਹਰ ਕੋਈ ਆਪਣੀ ਪਾਰਟੀ ਉਸਦੇ ਕੰਮ ਕਾਝ ਨੂੰ ਦੁੱਧ ਧੋਤਾ ਅਤੇ ਦੂਸਰੇ ਦੀ ਪਾਰਟੀ ਨੂੰ ਛੱਟਿਆਉਂਣ ਵਿੱਚ ਕੋਈ ਕਸਰ ਵੀ ਬਾਕੀ ਨਹੀਂ ਛੱਡਦੇ, ਜਿੱਥੇ ਸੰਗਤਾਂ ਦੇ ਮਨ ਅੰਦਰ ਅਥਾਹ ਨਿਮਰਤਾ ਭਰੀ ਹੁੰਦੀ ਹੈ, ਉਹਥੇ ਹੀ ਇਹਨਾਂ ਸਿਆਸੀ ਪਾਰਟੀਆਂ ਦੀ ਧੌਣ ਵਿੱਚ ਹੰਕਾਰ ਦਾ ਕੀਲਾ ਗੱਡਿਆ ਹੁੰਦਾ ਹੈ, ਕਿ ਸਾਡੀ ਰੈਲੀ ਵਿੱਚ ਹੀ ਇਕੱਠ ਜਿਆਦਾ ਹੋਵੇਗਾ। ਇਸ ਹੰਕਾਰ ਰੂਪੀ ਘੋੜੇ ਤੇ ਚੱੜ ਕਿ ਸਿਆਸੀ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਾਵਿੱਤਰ ਧਰਤੀ ਤੇ ਆਉਂਣਗੇ। ਇਹਨਾਂ ਦੇ ਹੰਕਾਰ ਦਾ ਅੰਦਾਜਾ ਤਾਂ ਅਗਲੇ ਦਿਨਾਂ ਵਾਲੇ ਅਖਬਾਰਾਂ ਦੀਆਂ ਸੁਰਖੀਆਂ ਤੋਂ ਹੀ ਲੱਗ ਜਾਂਦਾ ਹੈ ਜਦੋਂ ਇਹਨਾਂ ਝੂਠ ਦੀਆਂ ਸਾਰੀਆਂ ਹੱਧਾਂ ਈ ਟਪਾਈਆਂ ਹੁੰਦੀਆਂ ਹਨ। ਜਿਵੇਂ ਕਿ ਸਾਰੀਆਂ ਪਾਰਟੀਆਂ ਦੀਆਂ ਖਬਰਾਂ ਦਾ ਸਿਰਲੇਖ ਹੋਵੇਗਾ ਕਿ ਸਾਡੀ ਰੈਲੀ ਦਾ ਠਾਠਾ ਮਾਰਦਾ ਇਕੱਠ, ਇਹਥੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਇਕੱਠ ਭਾਵੇ ਰੈਲੀਆਂ ਵਿੱਚ ਹੀ ਹੋਇਆ ਹੈ ਉਹ ਇਹਨਾਂ ਸਿਆਸੀਆਂ ਦੇ ਮੂੰਹ ਨੂੰ ਨਹੀਂ, ਉਹ ਤੇ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਦੀ ਲਸਾਨੀ ਕੁਰਬਾਨੀ ਨੂੰ ਯਾਦ ਕਰਨ ਲਈ ਹੋਇਆ ਹੈ। ਜਿਸਦਾ ਇਹਨਾਂ ਸਿਆਸੀਆਂ ਨੇ ਆਪਣੀ ਹੋੜ ਲਈ ਫਾਇਦਾ ਚੁਕਿਆ ਹੈ। ਆਖਰ ਸ਼ਹੀਦਾਂ ਦੀ ਪਾਵਿੱਤਰ ਬਾਰਗਾਹ ਤੇ ਸਿਆਸੀ ਤਮਾਸ਼ਾਂ ਕਿਉਂ ? ਇਸਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਸ਼ਹੀਦੀ ਜੋੜ ਮੇਲਿਆਂ ਤੇ ਇਸ ਸਿਆਸੀ ਰੋਲ ਘਚੋਲੇ ਦਾ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਹੈ। ਜੇਕਰ ਇਹਨਾਂ ਸਿਆਸੀਆਂ ਦਾ ਡੰਮਰੂ ਇਹਨੇ ਵੱਡੇ ਪਾਵਿੱਤਰ ਅਸਥਾਨ ਉਪਰ ਵੱਜਦਾ ਹੈ ਤਾਂ ਸ਼ਹੀਦਾ ਨਾਲ ਬੇਇਨਸਾਫੀ ਹੋਵੇਗੀ।

ਜਿਵੇਂ ਕੁੱਝ ਦਿਨ ਪਹਿਲਾ ਸਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲੇ ਉਪਰ ਇਹ ਕਾਂਨਫ਼ੰਰਸਾਂ ਰੱਦ ਹੋਈਆਂ ਸਨ। ਇਸ ਵਾਰ ਵੀ ਸੁਣਨ ਵਿੱਚ ਆ ਰਿਹਾ ਕਿ ਪੰਜਾਬ ਦੀ ਸਤਾਧਾਰੀ ਪਾਰਟੀ ੳਤੇ ਉਸਦੇ ਵਿਰੋਧੀ ਧਿਰ ਆਪਣੀਆਂ ਕਾਂਨਫ਼ੰਰਸਾਂ ਰੱਦ ਕਰ ਰਹੀਆਂ ਹਨ। ਬਾਕੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਰੱਦ ਕਰਨ। ਇਹਨਾਂ ਕਾਂਨਫ਼ੰਰਸਾਂ ਨੂੰ ਰੱਦ ਕਰਵਾਉਂਣ ਵਾਸਤੇ ਪਿਛਲੀ ਵਾਰ ਵਾਂਗਰਾਂ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਮੋਰਚਾ ਲਾਉਂਣ ਜਾ ਰਹੀ ਹੈ। ਸਾਰੀਆਂ ਸੰਪਰਦਾਵਾਂ, ਟਕਸਾਲਾਂ, ਜੱਥੇਬੰਦੀਆਂ, ਸਭਾ ਸੋਸੈਟੀਆਂ, ਬਿਨਾ ਭਿੰਨ ਭੇਦ ਇਹਨਾ ਗੁਰਸਿੱਖ ਵੀਰਾਂ ਦਾ ਸਾਥ ਦੇਣਾ ਚਾਹੀਦਾ ਹੈ। ਸਤਿਕਾਰ ਕਮੇਟੀ ਪੰਜਾਬ ਨੇ ਜਗ੍ਹਾ, ਜਗ੍ਹਾ ਮੀਟਿੰਗਾਂ ਕਰਕੇ ਸੰਗਤਾਂ ਨੂੰ ਇਸ ਸਿਆਸੀ ਡਰਾਮੇ ਤੋਂ ਜਾਣੂ ਕਰਵਾਇਆ ਹੈ, ਅਤੇ ਸਖਤੀ ਨਾਲ ੳਾਪਣਾ ਸਟੈਂਡ ਸਪੱਸ਼ਟ ਕੀਤਾ ਹੈ ਕਿ ਕੋਈ ਕਾਂਨਫ਼ਰੈਸ ਹੋਈ ਉਸਦਾ ਵਿਰੋਧ ਕੀਤਾ ਜਾਵੇਗਾ। ਇਹ ਕਾਰਜ ਕਿਸੇ ਇੱਕ ਧਿਰ ਦਾ ਨਹੀਂ ਸਗੋਂ ਸਰਬ ਸਾਝਾਂ ਕਾਰਜ ਹੈ, ਭਾਵੇਂ ਸੰਗਤ ਸਿਆਸੀ ਤੌਰ ਤੇ ਕਿਸੇ ਵੀ ਪਾਰਟੀ ਨਾਲ ਜੁੜੀ ਹੋਵੇ ਪਰ ਇਸ ਕਾਰਜ ਵਿੱਚ ਆਪੋ ਆਪਣੀ ਪਾਰਟੀ ਨੂੰ ਕਾਂਨਫ਼ੰਰਸਾਂ ਰੱਦ ਕਰਾਉਂਣ ਲਈ ਪੱਤਰ ਲਿਖੋ। ਸ਼ੋਸ਼ਲ ਮੀਡੀਆਂ ਤੇ ਸੰਜੀਦਾ ਢੰਡ ਨਾਲ ਇਸਦਾ ਵਿਰੋਧ ਜਿਤਾਉ। ਜੇਕਰ ਕਾਂਨਫ਼ਰੰਸਾ ਬੰਦ ਹੋ ਜਾਂਦੀਆਂ ਹਨ ਤਾਂ ਤੁਹਾਡੀ ਸ਼ਹੀਦਾ ਪ੍ਰਤੀ ਇਹ ਹੀ ਸੱਚੀ ਅਤੇ ਸੁੱਚੀ ਸ਼੍ਰਧਾਜਲੀ ਹੋਵੇਗੀ। ਇਸ ਸਮੁੱਚੇ ਮਸਲੇ ਉਪਰ ਸਰਬਉੱਚ ਸ਼੍ਰੀ ਅਕਾਲ ਤੱਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਆਪਣਾ ਪਿਛਲੀ ਵਾਰ ਵਾਂਗਰਾਂ ਸੱਖ਼ਤ ਸਟੈਂਡ ਰੱਖਣਾ ਚਾਹੀਦਾ ਹੈ। ਬਿਨਾ ਦੇਰੀ ਇਸ ਉਪਰ ਵਿਚਾਰ ਕਰ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਭੁਲ ਚੁੱਕ ਦੀ ਖਿਮਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਨਿਸ਼ਾਨ ਸਿੰਘ ਮੂਸੇ

+91 98767 30001

Related posts

ਪੰਜਾਬ ‘ਚ ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ ਭਖਿਆ, NCSC ਚੇਅਰਮੈਨ ਵਿਜੈ ਸਾਂਪਲਾ ਨੇ ਅਧਿਕਾਰੀਆਂ ਤੋਂ ਮੰਗਿਆ ਜਵਾਬ

On Punjab

Patna : ਵਿਦਿਆਰਥੀ ਹੱਥੋਂ ਤਿਰੰਗਾ ਖੋਹ ਕੇ ਏਡੀਐੱਮ ਨੇ ਡਾਂਗਾਂ ਨਾਲ ਕੁੱਟਿਆ, ਪ੍ਰਦਰਸ਼ਨ ‘ਚ ਦਿਖਿਆ ਪੁਲਿਸ ਦਾ ਸ਼ਰਮਨਾਕ ਚਿਹਰਾ

On Punjab

ਝੰਡੇ ‘ਚ ਪਹਿਲਾ ਅਸ਼ੋਕ ਚੱਕਰ ਨਹੀਂ ਸੀ, 8 ਕਮਲ ਸਨ; ਜਾਣੋ- ਭਾਰਤ ਦੇ ਰਾਸ਼ਟਰੀ ਝੰਡੇ ਦਾ ਇਤਿਹਾਸ

On Punjab