ਕੱਟੜਾ- ਇੱਕ ਮਹੀਨੇ ਤੋਂ ਚੱਲ ਰਹੇ ਵਿਵਾਦ ਤੋਂ ਬਾਅਦ ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਨੂੰ MBBS ਕਲਾਸਾਂ ਚਲਾਉਣ ਲਈ ਦਿੱਤੀ ਗਈ ਇਜਾਜ਼ਤ (Letter of Permission) ਵਾਪਸ ਲੈ ਲਈ ਹੈ। ਇਹ ਫੈਸਲਾ ਹਿੰਦੂ ਸੰਗਠਨਾਂ ਵੱਲੋਂ ਕਾਲਜ ਚਲਾਉਣ ਵਾਲੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਿਰੁੱਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਆਇਆ ਹੈ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ MBBS ਦੀਆਂ 50 ਸੀਟਾਂ ਵਿੱਚੋਂ 42 ਸੀਟਾਂ ਮੁਸਲਿਮ ਉਮੀਦਵਾਰਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਸਨ। ਪ੍ਰਦਰਸ਼ਨਕਾਰੀਆਂ ਨੇ ਦਲੀਲ ਦਿੱਤੀ ਕਿ ਹਿੰਦੂਆਂ ਦੇ ਦਾਨ ਨਾਲ ਚੱਲ ਰਹੇ ਮੈਡੀਕਲ ਕਾਲਜ ਵਿੱਚ ਗੈਰ-ਹਿੰਦੂ ਵਿਦਿਆਰਥੀਆਂ ਨੂੰ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਆਰ ਐੱਸ ਪਠਾਨੀਆ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਇੱਕ ਬਿਆਨ ਵਿੱਚ ਕਿਹਾ, “NMC ਨੇ ਸੰਸਥਾ ਵਿੱਚ 50 MBBS ਸੀਟਾਂ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ ਕਿਉਂਕਿ ਇਹ ਮਿਆਰਾਂ ‘ਤੇ ਖਰੀ ਨਹੀਂ ਉਤਰੀ ਸੀ। ਹਰ ਪ੍ਰਭਾਵਿਤ ਵਿਦਿਆਰਥੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹੋਰ ਕਾਲਜਾਂ ਵਿੱਚ ਸੁਪਰਨਿਊਮੇਰਰੀ ਸੀਟ ‘ਤੇ ਨਿਰਵਿਘਨ ਤਬਦੀਲ ਕੀਤਾ ਜਾਵੇਗਾ।”
ਇੱਥੋਂ ਤੱਕ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਕਾਲਜ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਕਿਤੇ ਹੋਰ ਤਬਦੀਲ ਕੀਤਾ ਜਾਵੇ। ਰਿਆਸੀ ਜ਼ਿਲ੍ਹੇ ਦੇ ਕੱਟੜਾ ਸਥਿਤ ਇਸ ਮੈਡੀਕਲ ਕਾਲਜ ਦਾ ਹਾਲ ਹੀ ਵਿੱਚ NMC ਦੀ ਇੱਕ ਟੀਮ ਵੱਲੋਂ ਨਿਰੀਖਣ ਕੀਤਾ ਗਿਆ ਸੀ, ਜਿਸ ਨੇ ਇਸ ਦੇ ਕੰਮਕਾਜ ਵਿੱਚ ਕਮੀਆਂ ਵੱਲ ਇਸ਼ਾਰਾ ਕੀਤਾ ਸੀ।

