ਚੰਬਾ: ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਉਪਮੰਡਲ ਵਿੱਚ 22 ਜਨਵਰੀ ਨੂੰ ਭਰਮਾਣੀ ਮਾਤਾ ਮੰਦਰ ਮਾਰਗ ਤੋਂ ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਪੀਯੂਸ਼ ਕੁਮਾਰ (13) ਪੁੱਤਰ ਵਿਕਰਮਜੀਤ ਅਤੇ ਵਿਕਸਿਤ ਰਾਣਾ (19) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ 22 ਜਨਵਰੀ ਨੂੰ ਮੰਦਰ ਦੇ ਦਰਸ਼ਨਾਂ ਅਤੇ ਵੀਡੀਓ ਸ਼ੂਟਿੰਗ (ਰੀਲ ਬਣਾਉਣ) ਲਈ ਘਰੋਂ ਨਿਕਲੇ ਸਨ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤੇ। ਲਗਾਤਾਰ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਪੁਲਿਸ, NDRF, SDRF ਅਤੇ ਸਥਾਨਕ ਲੋਕਾਂ ਨੇ ਸਾਂਝੇ ਤੌਰ ‘ਤੇ ਖੋਜ ਮੁਹਿੰਮ ਚਲਾਈ ਅਤੇ ਆਖਰਕਾਰ ਦੋਵਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ।
ਸਾਹਮਣੇ ਆਇਆ ਹੈਰਾਨ ਕਰਨ ਵਾਲਾ ਦ੍ਰਿਸ਼- ਬਰਫ਼ ਨਾਲ ਢਕੀਆਂ ਪਹਾੜੀਆਂ ਅਤੇ ਮੌਤ ਦੀ ਠੰਢ ਦੇ ਵਿਚਕਾਰ ਜੇਕਰ ਕਿਸੇ ਨੇ ਵਫ਼ਾਦਾਰੀ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕੀਤੀ, ਤਾਂ ਉਹ ਇੱਕ ਬੇਜ਼ੁਬਾਨ ਪਾਲਤੂ ਕੁੱਤਾ ਸੀ। ਜਦੋਂ ਬਚਾਅ ਟੀਮ ਮੌਕੇ ‘ਤੇ ਪਹੁੰਚੀ ਤਾਂ ਉੱਥੇ ਦਾ ਦ੍ਰਿਸ਼ ਦੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਚਾਰ ਫੁੱਟ ਮੋਟੀ ਬਰਫ਼ ਦੀ ਚਾਦਰ ਵਿੱਚ ਦਬੇ 13 ਸਾਲਾ ਪੀਯੂਸ਼ ਦੀ ਲਾਸ਼ ਦੇ ਕੋਲ ਉਸ ਦਾ ਪਾਲਤੂ ਕੁੱਤਾ ਤਿੰਨ ਦਿਨਾਂ ਤੋਂ ਡਟਿਆ ਹੋਇਆ ਸੀ। ਉਹ ਨਾ ਭੁੱਖਾ-ਪਿਆਸਾ ਪਿੱਛੇ ਹਟਿਆ ਅਤੇ ਨਾ ਹੀ ਉਸ ਨੇ ਆਪਣੇ ਮਾਲਕ ਨੂੰ ਇਕੱਲਾ ਛੱਡਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਥਾਨ ‘ਤੇ ਨੌਜਵਾਨ ਰਾਤ ਨੂੰ ਰੁਕੇ ਸਨ, ਉੱਥੇ ਭਾਰੀ ਬਰਫ਼ਬਾਰੀ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਲਾਸ਼ ਕੋਲ ਪਹਿਰਾ ਦੇ ਰਿਹਾ ਸੀ ਕੁੱਤਾ- ਜਦੋਂ ਹੈਲੀਕਾਪਟਰਾਂ ਦੀ ਮਦਦ ਨਾਲ NDRF ਦੇ ਜਵਾਨ ਉਸ ਦੁਰਗਮ ਸਥਾਨ ‘ਤੇ ਉਤਰੇ, ਤਾਂ ਉਨ੍ਹਾਂ ਦੇਖਿਆ ਕਿ ਕੁੱਤਾ ਲਾਸ਼ ਦੇ ਬਿਲਕੁਲ ਕੋਲ ਪਹਿਰਾ ਦੇ ਰਿਹਾ ਸੀ, ਮਾਨੋ ਆਪਣੇ ਮਾਲਕ ਦੀ ਆਖਰੀ ਸਾਹ ਤੱਕ ਦੀ ਜ਼ਿੰਮੇਵਾਰੀ ਉਸ ਨੇ ਹੀ ਚੁੱਕੀ ਹੋਵੇ। ਟੀਮ ਜਦੋਂ ਲਾਸ਼ ਦੇ ਕੋਲ ਪਹੁੰਚੀ, ਤਾਂ ਕੁੱਤੇ ਨੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ। ਰਾਹਤ ਕਰਮੀਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਕਈ ਕੋਸ਼ਿਸ਼ਾਂ ਤੋਂ ਬਾਅਦ ਕੁੱਤੇ ਨੂੰ ਕਾਬੂ ਕਰਕੇ ਕੁਝ ਦੂਰੀ ‘ਤੇ ਲਿਜਾਇਆ ਗਿਆ ਅਤੇ ਫਿਰ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ। ਕਈ ਤਜਰਬੇਕਾਰ ਜਵਾਨ ਵੀ ਇਹ ਪਲ ਦੇਖ ਕੇ ਭਾਵੁਕ ਹੋ ਗਏ। ਇਸ ਹਾਦਸੇ ਨੇ ਇੱਕ ਵਾਰ ਫਿਰ ਯਾਦ ਦਿਵਾਇਆ ਹੈ ਕਿ ਪਹਾੜਾਂ ਵਿੱਚ ਕੁਦਰਤ ਦੇ ਸਾਹਮਣੇ ਇਨਸਾਨ ਕਿੰਨਾ ਬੇਵੱਸ ਹੈ ਅਤੇ ਇਹ ਵੀ ਕਿ ਵਫ਼ਾਦਾਰੀ ਦੀ ਸਭ ਤੋਂ ਉੱਚੀ ਮਿਸਾਲ ਕਦੇ-ਕਦੇ ਇੱਕ ਬੇਜ਼ੁਬਾਨ ਦੇ ਜਾਂਦਾ ਹੈ।

