72.57 F
New York, US
June 19, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲੋਕ ਮਿਲਣੀ ਦੌਰਾਨ ਵਿਧਾਇਕ ਦੇਵ ਮਾਨ ਨੂੰ ਪਿੰਡ ਵਾਸੀਆਂ ਨੇ ਘੇਰਿਆ; ਤਿੱਖੇ ਸਵਾਲਾਂ ਦੀ ਕੀਤੀ ਬੌਛਾਰ

ਨਾਭਾ-  ਨੇੜਲੇ ਪਿੰਡ ਘਨੁੜਕੀ ਵਿਖੇ ਕਰਵਾਏ ਗਏ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਨਾਭਾ ਦੇ ਵਿਧਾਇਕ ਨੂੰ ਲੋਕਾਂ ਦੇ ਸਖ਼ਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਅਤੇ ਆਗੂਆਂ ਵੱਲੋਂ ਵਿਧਾਇਕ ਨੂੰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਸਥਾਨਕ ਸਮੱਸਿਆਵਾਂ ਉੱਪਰ ਤਿੱਖੇ ਸਵਾਲ ਕੀਤੇ ਗਏ। ਕਿਸਾਨ ਆਗੂ ਗਮਦੂਰ ਸਿੰਘ ਨੇ ਬਿਜਲੀ ਬੋਰਡ ਅੱਗੇ ਬੇਰੁਜ਼ਗਾਰ ਨੌਜਵਾਨਾਂ ਉੱਪਰ ਹੋਏ ਲਾਠੀਚਾਰਜ ਦੀ ਪੁਰਜ਼ੋਰ ਨਿੰਦਿਆ ਕੀਤੀ। ਉਨ੍ਹਾਂ ਵਿਧਾਇਕ ਨੂੰ ਸਵਾਲ ਕੀਤਾ ਕਿ ਅੱਜ ਤੁਸੀਂ ਪਿੰਡਾਂ ਵਿੱਚ ਲੋਕ ਮਿਲਣੀ ਕਰ ਰਹੇ ਹੋ, ਪਰ ਜਦੋਂ ਕਿਸਾਨ ਆਪਣੇ ਹੱਕਾਂ ਲਈ ਅਹੁਦੇਦਾਰਾਂ ਨੂੰ ਮਿਲਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਸਤੇ ਵਿੱਚੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੇ ਵੀ ਅੱਗੇ ਹੋ ਕੇ ਆਪਣਾ ਕਸੂਰ ਪੁੱਛਿਆ, ਜਿਨ੍ਹਾਂ ਨੂੰ ਧਰਨੇ ਵੱਲ ਜਾਂਦੇ ਹੋਏ ਰਸਤੇ ਵਿੱਚ ਹੀ ਗ੍ਰਿਫ਼ਤਾਰ ਕਰਕੇ ਇੱਕ ਹਫ਼ਤਾ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਚੋਣ ਟਿਕਟਾਂ ਅਤੇ ਨਸ਼ਿਆਂ ਦੇ ਫੈਲਾਅ ’ਤੇ ਘੇਰਿਆ- ਇਸ ਤੋਂ ਇਲਾਵਾ, ਨਗਰ ਕੌਂਸਲ ਚੋਣਾਂ ਵਿੱਚ ਟਰਾਲੀ ਚੋਰੀ ਦੇ ਕੇਸਾਂ ਵਿੱਚ ਫਸੇ ਪੰਕਜ ਪੱਪੂ ਦੇ ਰਿਸ਼ਤੇਦਾਰ ਨੂੰ ਹੀ ‘ਆਪ’ (ਝਾੜੂ) ਦੀ ਟਿਕਟ ਦੇ ਕੇ ਮੁੜ ਤੋਂ ਪੰਕਜ ਪੱਪੂ ਦੀ ਪਤਨੀ ਨੂੰ ਜਿਤਾਉਣ ਦੇ ਫੈਸਲੇ ’ਤੇ ਵੀ ਸਵਾਲ ਚੁੱਕੇ ਗਏ। ਨਸ਼ਿਆਂ ਦੇ ਗੰਭੀਰ ਮੁੱਦੇ ’ਤੇ ਸਵਾਲ ਕਰਦਿਆਂ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਨਾਭੇ ਦੇ ਸਿਰਫ਼ ਤਿੰਨ ਪਿੰਡਾਂ ਵਿੱਚ ਨਸ਼ਾ ਵਿਕਦਾ ਸੀ, ਪਰ ਅੱਜ ਹਾਲਾਤ ਇਹ ਹਨ ਕਿ ਹਰ ਪਿੰਡ ਦੇ ਦਰਵਾਜ਼ੇ ਅੰਦਰ ਨਸ਼ੇ ਦੀ ਸਪਲਾਈ ਪਹੁੰਚ ਚੁੱਕੀ ਹੈ।

ਨਹਿਰੀ ਪਾਣੀ ਅਤੇ ਟੁੱਟੀਆਂ ਸੜਕਾਂ ਦੀ ਸਮੱਸਿਆ- ਚਮਕੌਰ ਸਿੰਘ ਘਨੁੜਕੀ ਨੇ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਕਈ ਦਹਾਕੇ ਪੁਰਾਣੇ ਤਿੰਨ ਸੂਏ (ਕਨਾਲ) ਲੰਘਦੇ ਹਨ। ਲੰਮੇ ਸੰਘਰਸ਼ ਦੇ ਬਾਵਜੂਦ ਇਨ੍ਹਾਂ ਵਿੱਚੋਂ ਦੋ ਸੂਇਆਂ ਵਿੱਚ ਪਾਣੀ ਹੀ ਨਹੀਂ ਛੱਡਿਆ ਜਾਂਦਾ, ਅਤੇ ਜਿਹੜਾ ਤੀਜਾ ਸੂਆ ਚੱਲਦਾ ਹੈ, ਉਸ ਵਿੱਚੋਂ ਪਿੰਡ ਵਾਸੀਆਂ ਦੇ ਖੇਤਾਂ ਨੂੰ ਪਾਣੀ ਨਹੀਂ ਮਿਲਦਾ। ਇਸ ਦੇ ਨਾਲ ਹੀ ਪਿੰਡਾਂ ਦੀਆਂ ਖ਼ਸਤਾਹਾਲ ਸੜਕਾਂ ਨੂੰ ਲੈ ਕੇ ਵੀ ਸਵਾਲ ਕੀਤੇ ਗਏ।

ਵਿਧਾਇਕ ਦਾ ਪੱਖ- ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ‘ਕਿਸਾਨ-ਮਜ਼ਦੂਰ ਏਕਤਾ’ ਦਾ ਨਾਅਰਾ ਦਿੰਦੇ ਹੋਏ ਲੋਕਾਂ ਦੇ ਸਵਾਲਾਂ ਦਾ ਸਵਾਗਤ ਕੀਤਾ। ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਕਜ ਪੱਪੂ ਦਾ ਕੇਸ ਫਿਲਹਾਲ ਅਦਾਲਤੀ ਪ੍ਰਕਿਰਿਆ ਅਧੀਨ ਹੈ। ਵਿਧਾਇਕ ਨੇ ਸੜਕਾਂ ਅਤੇ ਹੋਰ ਸਥਾਨਕ ਮੁੱਦਿਆਂ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਤਾਂ ਦਿੱਤੇ, ਪਰ ਸਰਕਾਰ ਦੀਆਂ ਮੁੱਖ ਨੀਤੀਆਂ ਜਾਂ ਸੂਬਾ ਪੱਧਰੀ ਸਵਾਲਾਂ ਤੋਂ ਪਾਸਾ ਵੱਟਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਜਾ ਕੇ ਸੂਇਆਂ ਦਾ ਦੌਰਾ ਕੀਤਾ ਅਤੇ ਇੱਕ ਲਿਖਤੀ ਅਰਜ਼ੀ ਲੈ ਕੇ ਲੋਕਾਂ ਨੂੰ ਅਗਲੇ ਦਿਨ ਆਪਣੇ ਦਫ਼ਤਰ ਮਿਲਣ ਦਾ ਸਮਾਂ ਦਿੱਤਾ।

Related posts

ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ, 81 ਸਾਲਾ ਅਦਾਕਾਰ ਨੇ ਗੁੱਟ ’ਤੇ ਲਗਾਇਆ ਹੈ ਬੈਂਂਡੇਜ

On Punjab

Most Powerful Countries: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਲਿਸਟ ‘ਚ ਅੱਵਲ ਅਮਰੀਕਾ, ਭਾਰਤ ਨੂੰ ਟੌਪ 10 ‘ਚ ਵੀ ਨਹੀਂ ਮਿਲੀ ਜਗ੍ਹਾ

On Punjab

ਚੰਨੀ ਨੂੰ ਦੋ ਥਾਵਾਂ ਤੋਂ ਟਿਕਟ ਦੇਣ ‘ਤੇ ਨਵਜੋਤ ਸਿੰਘ ਸਿੱਧੂ ਨੇ ਸਾਧੀ ਚੁੱਪੀ, ਕਿਹਾ- ਮੁੱਖ ਮੰਤਰੀ ਬਾਰੇ ਹਾਈਕਮਾਂਡ ਕਰੇਗੀ ਫ਼ੈਸਲਾ

On Punjab