66.42 F
New York, US
May 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲਾਹੌਰ ਦੇ ਗੁਰਦਵਾਰਾ ਸਾਹਿਬ ‘ਚ 80 ਸਾਲਾਂ ਬਾਅਦ ਅਰਦਾਸ

ਚੰਡੀਗੜ੍ਹ:  ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ ਵਿਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਵਿਚ 80 ਸਾਲਾਂ ਬਾਅਦ ਕੱਲ੍ਹ ਇਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਕਰਵਾਇਆ ਅਤੇ ਅਰਦਾਸ ਕੀਤੀ ਗਈ। ਇਸ ਧਾਰਮਕ ਅਤੇ ਗੌਰਵਮਈ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ।

ਇਹ ਜਾਣਕਾਰੀ ਦਿੰਦਿਆਂ ਡਾ. ਤਰੁਣਜੀਤ ਸਿੰਘ ਬੁਤਾਲੀਆ, ਜਿਨ੍ਹਾਂ ਨੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ, ਨੇ ਦਸਿਆ ਕਿ ਸਥਾਨਕ ਰਾਗੀ ਜਥੇ ਵਿਚ ਸ਼ਾਮਲ ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ ਅਤੇ ਦਲੀਪ ਸਿੰਘ ਵਲੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਉਨ੍ਹਾਂ ਅੱਗੇ ਦਸਿਆ ਕਿ ਸਾਲ 1947 ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਕਮੀ ਕਾਰਨ ਇਹ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਸੀ ਪਰ ਇਸ ਦੀ ਦੇਖਭਾਲ ਕਾਲਜ ਪ੍ਰਸ਼ਾਸਨ ਵਲੋਂ ਨਿਰੰਤਰ ਕੀਤੀ ਜਾਂਦੀ ਰਹੀ।

ਇਹ ਵਿਸ਼ੇਸ਼ ਸ਼ਬਦ ਕੀਰਤਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਬੰਧ ਵਿਚ ਆਯੋਜਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਨੀਂਹ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਪ੍ਰਮੁੱਖ ਪ੍ਰਵਾਰਾਂ ਨੂੰ ਉੱਚ ਸਿਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੱਖੀ ਗਈ ਸੀ। ਰਿਕਾਰਡ ਅਨੁਸਾਰ ਐਚਿਸਨ ਦੇ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਤੱਤਕਾਲੀਨ ਮੇਯੋ ਸਕੂਲ ਆਫ਼ ਆਰਟਸ (ਮੌਜੂਦਾ ਨੈਸ਼ਨਲ ਕਾਲਜ ਆਫ਼ ਆਰਟਸ) ਦੇ ਪ੍ਰਸਿੱਧ ਸਿੱਖ ਵਾਸਤੂਕਾਰ ਸਰਦਾਰ ਰਾਮ ਸਿੰਘ ਵਲੋਂ ਤਿਆਰ ਕੀਤਾ ਗਿਆ ਸੀ।

ਡਾ. ਬੁਤਾਲੀਆ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਨੀਂਹ 1910 ਵਿਚ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਵਲੋਂ ਰੱਖੀ ਗਈ ਸੀ। ਉਹ ਖ਼ੁਦ 1904 ਤੋਂ 1908 ਤਕ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ। ਇਸ ਤੋਂ ਅਗਲੇ ਦੋ ਸਾਲਾਂ ਵਿਚ ਗੁਰਦੁਆਰਾ ਭਵਨ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਇਸ ਨੂੰ ਇਕ ਸਰਗਰਮ ਧਾਰਮਕ ਸਥਾਨ ਵਜੋਂ ਸਮਰਪਿਤ ਕੀਤਾ ਗਿਆ ਜਿਥੇ ਸਿੱਖ ਵਿਦਿਆਰਥੀ ਰੋਜ਼ਾਨਾ ਸ਼ਾਮ ਨੂੰ ਸ਼ਬਦ ਕੀਰਤਨ ਅਤੇ ਅਰਦਾਸ ਵਿਚ ਹਿੱਸਾ ਲੈਂਦੇ ਸਨ।

Related posts

ਬਗਦਾਦ ‘ਚ ISIS ਦਾ ਹਮਲਾ, 6 ਸੁਰੱਖਿਆ ਬਲਾਂ ਸਮੇਤ 8 ਲੋਕਾਂ ਦੀ ਮੌਤ

On Punjab

ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

On Punjab

ਅਕਸ਼ੈ ਕੁਮਾਰ ਨੇ ਆਪਣੇ ਮਾਪਿਆਂ ਦੀ ਯਾਦ ਵਿੱਚ ਬੂਟੇ ਲਾਏ

On Punjab