ਰੂਪਨਗਰ- ਪੰਜਾਬ ਦੇ ਰੂਪਨਗਰ ਨੇੜੇ ਊਨਾ ਜਾਣ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ ’ਤੇ ਪਥਰਾਅ ਕੀਤਾ ਗਿਆ ਜਿਸ ਤੋਂ ਬਾਅਦ ਰੇਲਵੇ ਸੁਰੱਖਿਆ ਬਲ (RPF) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਇੱਕ ਯਾਤਰੀ ਨੇ ਐਕਸ ’ਤੇ ਪੋਸਟ ਪਾ ਕੇ ਇਸ ਸਬੰਧੀ ਸ਼ਿਕਾਇਤ ਕੀਤੀ ਅਤੇ RPF ਅੰਬਾਲਾ ਦੇ ਡਿਵੀਜ਼ਨਲ ਰੇਲਵੇ ਮੈਨੇਜਰ (DRM) ਅਤੇ ਉੱਤਰੀ ਰੇਲਵੇ ਨੂੰ ਟੈਗ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹਾਰਦਿਕ ਸ਼ਰਮਾ ਖਰੜ ਤੋਂ ਰੇਲਗੱਡੀ ਵਿੱਚ ਚੜ੍ਹਿਆ ਸੀ ਅਤੇ ਜਦੋਂ ਰਾਤ ਨੂੰ ਰੇਲ ਗੱਡੀ ਰੂਪਨਗਰ ਪਹੁੰਚੀ, ਤਾਂ ਕੁਝ ਲੋਕਾਂ ਨੇ ਪੱਥਰ ਸੁੱਟੇ ਜਿਸ ਨਾਲ ਕੋਚ D9 ਵਿੱਚ ਸੀਟ ਨੰਬਰ 48 ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਪੋਸਟ ਵਿੱਚ ਸ਼ਰਮਾ ਨੇ ਦਾਅਵਾ ਕੀਤਾ ਕਿ ਉਹ ਸੀਟ ਨੰਬਰ 48 ’ਤੇ ਬੈਠਾ ਸੀ ਪਰ ਖੁਸ਼ਕਿਸਮਤੀ ਨਾਲ ਘਟਨਾ ਵਾਪਰਨ ਤੋਂ ਕੁਝ ਮਿੰਟ ਪਹਿਲਾਂ ਉਸ ਨੇ ਸੀਟ ਬਦਲ ਲਈ। ਹਾਲਾਂਕਿ ਇਸ ਕਾਰਨ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ।
ਐਕਸ ਪੋਸਟ ਦਾ ਨੋਟਿਸ ਲੈਂਦਿਆਂ ਰੇਲਵੇ ਅਧਿਕਾਰੀਆਂ ਨੇ ਯਾਤਰੀ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਲੋਕਾਂ ਨੁੂੰ ਭਰੋਸਾ ਦਿੱਤਾ ਕਿ ਇਸ ਮੁੱਦੇ ਨੁੂੰ ਸਬੰਧਿਤ ਅਫ਼ਸਰਾਂ ਕੋਲ ਚੁੱਕਿਆ ਜਾਵੇਗਾ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੁੂੰ ਰੋਕਿਆ ਜਾ ਸਕੇ।