ਲੁਧਿਆਣਾ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਪਾਰਟੀ ਉਨ੍ਹਾਂ ਆਮ ਲੋਕਾਂ ਨੂੰ ਚੋਣ ਟਿਕਟਾਂ ਦੇਣ ਲਈ ਵਚਨਬੱਧ ਹੈ ਜੋ ਆਪਣੇ ਕੰਮ ਰਾਹੀਂ ਜਨਤਾ ਦਾ ਵਿਸ਼ਵਾਸ ਅਤੇ ਸਮਰਥਨ ਹਾਸਲ ਕਰਦੇ ਹਨ। ਲੁਧਿਆਣਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ‘ਆਪ’ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਹੈ ਕਿਉਂਕਿ ਇਹ ਪੈਸੇ, ਪ੍ਰਭਾਵ ਜਾਂ ਪਰਿਵਾਰਕ ਪਿਛੋਕੜ ਦੇ ਆਧਾਰ ‘ਤੇ ਟਿਕਟਾਂ ਨਹੀਂ ਵੰਡਦੀ।
ਕੇਜਰੀਵਾਲ ਨੇ ਕਿਹਾ, “ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਨੂੰ ਟਿਕਟਾਂ ਦਿੰਦੀ ਹੈ। ਤੁਸੀਂ ਸਿਰਫ਼ ਆਪਣੇ ਕੰਮ ਦੇ ਆਧਾਰ ‘ਤੇ ਹੀ ਟਿਕਟ ਪ੍ਰਾਪਤ ਕਰ ਸਕਦੇ ਹੋ। ਕੇਜਰੀਵਾਲ ਉਸੇ ਨੂੰ ਟਿਕਟ ਦੇਵੇਗਾ ਜਿਸ ਨੂੰ ਜਨਤਾ ਪਸੰਦ ਕਰਦੀ ਹੈ।” ‘ਆਪ’ ਦੇ ਬੁਨਿਆਦੀ ਸਿਧਾਂਤਾਂ ਨੂੰ ਦੁਹਰਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪਾਰਟੀ ਆਮ ਪਿਛੋਕੜ ਵਾਲੇ ਇਮਾਨਦਾਰ ਅਤੇ ਸਮਰੱਥ ਵਿਅਕਤੀਆਂ ਨੂੰ ਰਾਜਨੀਤੀ ਵਿੱਚ ਲਿਆਉਣ ਲਈ ਬਣਾਈ ਗਈ ਸੀ ਤਾਂ ਜੋ ਜਵਾਬਦੇਹੀ ਅਤੇ ਲੋਕ-ਪੱਖੀ ਸ਼ਾਸਨ ਨੂੰ ਯਕੀਨੀ ਬਣਾਇਆ ਜਾ ਸਕੇ।

