ਫੀਫਾ ਵੱਲੋਂ ਕਰਵਾਏ ਜਾਂਦੇ ਵਿਸ਼ਵ-ਵਿਆਪੀ ਫੁੱਟਬਾਲ ਟੂਰਨਾਮੈਂਟਾਂ ’ਚ ਵਿਸ਼ਵ ਫੁੱਟਬਾਲ ਕੱਪ ਤੋਂ ਬਾਅਦ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਯੂਰੋ ਫੁੱਟਬਾਲ ਕੱਪ ਤੇ ਕੋਪਾ ਅਮਰੀਕਾ ਫੱੁਟਬਾਲ ਕੱਪ ਦੇ ਦੋਵੇਂ ਅਡੀਸ਼ਨਾਂ ਦਾ ਕੋਰੋਨਾ ਮਹਾਮਾਰੀ ਕਰਕੇ ਇੱਕੋ ਸਮੇਂ ਜੂਨ ’ਚ ਆਗ਼ਾਜ਼ ਕੀਤਾ ਗਿਆ। 11 ਜੁਲਾਈ ਨੂੰ ਖੇਡੇ ਗਏ ਯੂਰੋ ਫੁੱਟਬਾਲ ਕੱਪ ਦੇ ਫਾਈਨਲ ’ਚ ਮੇਜ਼ਬਾਨ ਇੰਗਲੈਂਡ ਦੇ ਹੋਮ ਖਿਡਾਰੀਆਂ ਨੂੰ ਰੋਮ ਭਾਵ ਇਟਲੀ ਦੀ ਟੀਮ ਹੱਥੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਯੂਰੋ ਫੁੱਟਬਾਲ ਕੱਪ ’ਚ ਮੇਜ਼ਬਾਨ ਇੰਗਲੈਂਡ ਤੇ ਇਟਲੀ ਦੀ ਮਹਿਮਾਨ ਟੀਮ ’ਚ ਖੇਡੇ ਗਏ ਫਾਈਨਲ ’ਚ ਚੈਂਪੀਅਨ ਨਾਮਜ਼ਦ ਹੋਈ ਰੋਮ ਦੀ ਟੀਮ ਨੇ ਹੋਮ ਟੀਮ ’ਤੇ ਸ਼ਾਨਦਾਰ ਜਿੱਤ ਦਰਜ ਕਰ ਕੇ ਦੂਜੀ ਵਾਰ ਯੂਰੋ ਫੁੱਟਬਾਲ ਕੱਪ ਜਿੱਤਣ ਦਾ ਿਸ਼ਮਾ ਕੀਤਾ ਹੈ।
ਇਟਲੀ ਦੀ ਸੌਕਰ ਟੀਮ ਨੇ 58 ਸਾਲ ਬਾਅਦ ਯੂਰੋ ਫੁੱਟਬਾਲ ਕੱਪ ਦੀ ਜਿੱਤ ਦਾ ਸੁਆਦ ਚੱਖਿਆ ਹੈ। ਯੂਰੋ ਫੁੱਟਬਾਲ ਕੱਪ ਦੇ ਇਤਿਹਾਸ ’ਚ ਕਿਸੇ ਟੀਮ ਵੱਲੋਂ ਦੂਜੀ ਵਾਰ ਖਿਤਾਬ ਹਾਸਲ ਕਰਨ ’ਚ ਇਹ ਰਿਕਾਰਡ ਅੰਤਰ ਹੈ। ਇਸ ਤੋਂ ਪਹਿਲਾਂ ਇਟਲੀ ਨੇ 1968 ’ਚ ਆਪਣੀ ਮੇਜ਼ਬਾਨੀ ’ਚ ਯੂਗੋਸਲਾਵੀਆ ਨੂੰ ਖਿਤਾਬੀ ਮੈਚ ’ਚ 2-0 ਨਾਲ ਹਰਾ ਕੇ ਯੂਰੋ ਫੁੱਟਬਾਲ ਕੱਪ ਦਾ ਪਲੇਠਾ ਟਾਈਟਲ ਜਿੱਤਿਆ ਸੀ।
11 ਜੁਲਾਈ ਨੂੰ ਇੰਗਲੈਂਡ ਦੇ ਬੈਂਬਲੇ ਫੁੱਟਬਾਲ ਸਟੇਡੀਅਮ ਦੀ ਪਿੱਚ ’ਤੇ ਖੇਡੇ ਫਾਈਨਲ ਮੈਚ ਦੀ ਸ਼ੁਰੂਆਤ ’ਚ ਮੇਜ਼ਬਾਨ ਟੀਮ ਦੀ ਹਮਲਾਵਰ ਖੇਡ ਦਾ ਮੁਜ਼ਾਹਰਾ ਕਰਦਿਆਂ ਦੂਜੇ ਮਿੰਟ ’ਚ ਅਟੈਕਿੰਗ ਮਿੱਡਫੀਲਡਰ ਲਿਓਕ ਸ਼ਾਹ ਵੱਲੋਂ ਕੀਤੇ ਸ਼ਾਨਦਾਰ ਮੈਦਾਨੀ ਗੋਲ ਨਾਲ ਲੀਡ ਹਾਸਲ ਕੀਤੀ। ਫੁੱਟਬਾਲਰ ਲਿਓਕ ਸ਼ਾਹ ਵੱਲੋਂ ਯੂਰੋ ਕੱਪ ਦੇ ਫਾਈਨਲ ’ਚ ਦਾਗਿਆ ਇਹ ਸਭ ਤੋਂ ਸਪੀਡੀ ਗੋਲ ਹੈ ਜਦਕਿ ਯੂਰੋ ਕੱਪ ਮੁਕਾਬਲਿਆਂ ’ਚ ਇਹ 5ਵਾਂ ਤੇਜ਼ ਗੋਲ ਹੈ। 55 ਸਾਲ ਬਾਅਦ ਕਿਸੇ ਆਲਮੀ ਫੱੁਟਬਾਲ ਟੂਰਨਾਮੈਂਟ ਦਾ ਫਾਈਨਲ ਖੇਡਣ ਨਿੱਤਰੀ ਇੰਗਲੈਂਡ ਦੀ ਟੀਮ ਵੱਲੋਂ ਇਸ ਲੀਡ ਨੂੰ ਫਸਟ ਹਾਫ ਤਕ ਬਰਕਰਾਰ ਰੱਖਿਆ ਗਿਆ ਪਰ ਦੂਜੇ ਹਾਫ ’ਚ ਜੇਤੂ ਤੇਵਰ ਨਾਲ ਮੈਦਾਨ ’ਚ ਨਿੱਤਰੇ ਇਟਲੀ ਦੇ ਤਜਰਬੇਕਾਰ ਖਿਡਾਰੀ ਬੋਨੁਚੀ ਵੱਲੋਂ 67ਵੇਂ ਮਿੰਟ ’ਚ ਸ਼ਾਰਟ ਕਾਰਨਰ ਤੋਂ ਮਿਲੀ ਫੁੱਟਬਾਲ ਨੂੰ ਗੋਲ ਦਾ ਰਸਤਾ ਵਿਖਾ ਕੇ ਸਕੋਰ 1-1 ਨਾਲ ਲੇਬਲ ਕਰ ਦਿੱਤਾ ਗਿਆ।

 

 

ਇਟਲੀ ਦਾ ਬੋਨੁਚੀ 34 ਸਾਲ 71 ਦਿਨਾਂ ’ਚ ਯੂਰੋ ਫੁੱਟਬਾਲ ਕੱਪ ਦੇ ਫਾਈਨਲ ’ਚ ਗੋਲ ਦਾਗਣ ਸਦਕਾ ਉਮਰਦਰਾਜ ਸਕੋਰਰ ਨਾਮਜ਼ਦ ਹੋਇਆ ਹੈ। ਯੂਰੋ ਕੱਪ ਦਾ ਫਾਈਨਲ ਮੈਚ ਨਿਯਮਤ ਸਮੇਂ 1-1 ਗੋਲ ਦੀ ਬਰਾਬਰੀ ’ਤੇ ਸਮਾਪਤ ਹੋਇਆ। ਫੀਫਾ ਦੇ ਪ੍ਰਬੰਧਕਾਂ ਵੱਲੋਂ ਨਿਯਮਾਂ ਅਨੁਸਾਰ ਜੇਤੂ ਟੀਮ ਦਾ ਨਿਤਾਰਾ ਕਰਨ ਲਈ ਵਾਧੂ ਸਮੇਂ ਮੈਚ ਖਿਡਾਇਆ ਗਿਆ ਪਰ ਦੋਵੇਂ ਟੀਮਾਂ ਸਕੋਰ ਕਰਨ ’ਚ ਨਾਕਾਮ ਸਿੱਧ ਹੋਈਆਂ। ਇਸ ਤੋਂ ਬਾਅਦ ਜੇਤੂ ਟੀਮ ਦਾ ਫ਼ੈਸਲਾ ਕਰਨ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ ’ਚ ਇਟਲੀ ਦੇ ਖਿਡਾਰੀਆਂ ਨੇ 3-2 ਗੋਲ ਅੰਤਰ ਨਾਲ ਜਿੱਤ ਦਾ ਤਾਜ ਆਪਣੇ ਮੱਥੇ ’ਤੇ ਸਜਾਉਣ ’ਚ ਸਫਲਤਾ ਹਾਸਲ ਕੀਤੀ। ਇਸ ਤੋਂ 45 ਪਹਿਲਾਂ ਯੂਰੋ ਫੁੱਟਬਾਲ ਕੱਪ ਯੂਗੋਸਲਾਵੀਆ-1976 ’ਚ ਚੈਂਪੀਅਨ ਟੀਮ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ, ਜਿਸ ’ਚ ਚੈਕਸਲੋਵਾਕੀਆ ਨੇ ਜਰਮਨੀ ਨਾਲ ਨਿਯਮਤ ਸਮੇਂ ’ਚ 2-2 ਬਰਾਬਰੀ ਕਰਨ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ 5-3 ਗੋਲ ਅੰਤਰ ਨਾਲ ਜਿੱਤ ਦਾ ਝੰਡਾ ਲਹਿਰਾਇਆ ਸੀ।

ਕੁੱਲ ਮਿਲਾ ਕੇ ਯੂਰੋ ਕੱਪ ਦੇ ਫਾਈਨਲ ’ਚ ਦੌਰਾਨ ਮੈਦਾਨ ’ਚ ਹਰ ਪਾਸੇ ਚੈਂਪੀਅਨ ਨਾਮਜ਼ਦ ਹੋਈ ਇਟਲੀ ਦੀ ਟੀਮ ਦਾ ਪੱਲੜਾ ਭਾਰੂ ਰਿਹਾ। ਖਿਤਾਬੀ ਮੈਚ ਦੇ ਅਹਿਮ ਪੱਖ ’ਤੇ ਨਜ਼ਰ ਕੀਤਿਆਂ ਪਤਾ ਲੱਗਦਾ ਹੈ ਕਿ ਇਟਲੀ ਚੈਂਪੀਅਨ ਟੀਮ ਕੋਲ ਬਾਲ ਪੋਜੈਸ਼ਨ 65 ਫ਼ੀਸਦੀ ਰਿਹਾ ਜਦਕਿ ਇੰਗਲੈਂਡ ਦੇ ਖਿਡਾਰੀ ਪੂਰੇ ਮੈਚ ਦੌਰਾਨ ਕੇਵਲ 35 ਫ਼ੀਸਦੀ ਹੀ ਬਾਲ ਕੰਟਰੋਲ ਕਰਨ ਲਈ ਤਰਲੇ ਲੈਂਦੇ ਰਹੇ।

 

 

ਮੈਦਾਨ ’ਚ ਖੇਡਦੇ ਸਮੇਂ ਫੇਅਰ ਪਲੇਅ ਪੱਖੋਂ ਇਟਲੀ ਦੇ ਲੜਾਕੂ ਖਿਡਾਰੀਆਂ ਵੱਲੋਂ ਕੀਤੇ 21 ਫਾਊਲਾਂ ਸਦਕਾ ਪਹਿਲਾਂ ਵਾਲਾ ਵਿਹਾਰ ਹੀ ਮੈਦਾਨ ’ਚ ਝਲਕਦਾ ਰਿਹਾ ਜਦਕਿ ਮੇਜ਼ਬਾਨ ਟੀਮ ਦੇ ਖਿਡਾਰੀਆਂ ਵੱਲੋਂ ਜ਼ਾਬਤੇ ’ਚ ਰਹਿੰਦਿਆਂ ਸਹਿਜ ਅਵਸਥਾ ’ਚ ਖੇਡਦਿਆਂ ਕੇਵਲ 13 ਫਾਊਲ ਹੀ ਰੈਫਰੀਆਂ ਵੱਲੋਂ ਨੋਟ ਕੀਤੇ ਗਏ। ਇਟਲੀ ਦੇ ਖਿਡਾਰੀਆਂ ਨੇ ਪੂਰੇ ਮੈਚ ਦੌਰਾਨ 19 ਸ਼ਾਰਟ ਵਿਰੋਧੀ ਗੋਲ ਸੇਧੇ ਗਏ, ਜਿਸ ਤੋਂ ਖਿਡਾਰੀਆਂ ਦੇ ਹਮਲਿਆਂ ਦੀ ਤਿੱਖੀ ਧਾਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ‘ਕਰੋ ਜਾਂ ਮਰੋ’ ਦੀ ਸਥਿਤੀ ਦਾ ਟਾਕਰਾ ਕਰਨ ਲਈ ਮੈਦਾਨ ’ਚ ਨਿੱਤਰੇ ਸਨ ਜਦਕਿ ਦੋ ਮਿੰਟ ’ਚ ਲੀਡ ਹਾਸਲ ਕਰਨ ਵਾਲੀ ਇੰਗਲੈਂਡ ਦੀ ਟੀਮ ਦੀ ਸੁਸਤ ਜਾਂ ਰੱਖਿਅਕ ਖੇਡ ਦਾ ਇਕ ਪੱਖ ਇਹ ਰਿਹਾ ਕਿ ਟੀਮ ਵੱਲੋਂ ਪੂਰੇ ਮੈਚ ਦੌਰਾਨ ਕੇਵਲ ਦੋ ਸ਼ਾਟ ਹੀ ਵਿਰੋਧੀ ਟੀਮ ਦੇ ਗੋਲ ਵੱਲ ਲਏ ਗਏ।

 

 

11 ਜੂਨ ਤੋਂ 11 ਜੁਲਾਈ ਤਕ 11 ਦੇਸ਼ਾਂ ਦੀ ਮੇਜ਼ਬਾਨੀ ’ਚ ਖੇਡੇ ਯੂਰੋ ਫੁੱਟਬਾਲ ਕੱਪ-2020 ਜਿੱਤਣ ਲਈ 24 ਸੌਕਰਾਂ ਵਲੋਂ ਜ਼ੋਰ-ਅਜ਼ਮਾਈ ਕੀਤੀ ਗਈ। ਪੂਲ-ਏ ’ਚ ਯੂਰੋ ਚੈਂਪੀਅਨ ਨਾਮਜ਼ਦ ਹੋਈ ਇਟਲੀ ਦੀ ਟੀਮ ਤੋਂ ਇਲਾਵਾ ਵੇਲਸ, ਸਵਿਟਜ਼ਰਲੈਂਡ ਤੇ ਤੁਰਕੀ ਦੀਆਂ ਖਿਡਾਰਨਾਂ ’ਚ ਅਗਲੇ ਦੌਰ ’ਚ ਜਾਣ ਲਈ ਜ਼ੋਰ-ਅਜ਼ਮਾਈ ਹੋਈ ਪਰ ਤੁਰਕੀ ਦੀ ਟੀਮ ਪਹਿਲੇ ਰਾਊਂਡ ’ਚੋਂ ਬਾਹਰ ਹੋ ਗਈ ਜਦਕਿ ਤਿੰਨ ਟੀਮਾਂ ਅਗਲੇ ਰਾਊਂਡ ’ਚ ਪਹੁੰਚਣ ’ਚ ਸਫਲ ਹੋਈਆਂ। ਪੂਲ-ਬੀ ’ਚ ਬੈਲਜੀਅਮ, ਡੈਨਮਾਰਕ, ਫਿਨਲੈਂਡ ਤੇ ਰੂਸ ਦੀਆਂ ਟੀਮਾਂ ਨੇ ਦੂਜੇ ਗੇੜ ’ਚ ਜਾਣ ਲਈ ਸੰਘਰਸ਼ ਕੀਤਾ ਪਰ ਰੂਸ ਤੇ ਫਿਨਲੈਂਡ ਦੀਆਂ ਟੀਮਾਂ ਅਗਲੇ ਦੌਰ ’ਚੋਂ ਬਾਹਰ ਹੋ ਗਈਆਂ ਜਦਕਿ ਦੂਜੀਆਂ ਦੋ ਟੀਮਾਂ ਨੇ ਦੂਜੇ ਦੌਰ ਲਈ ਪੇਸ਼ਕਦਮੀ ਜਾਰੀ ਰੱਖੀ। ਪੂਲ-ਸੀ ’ਚ ਆਸਟਰੀਆ, ਨੀਦਰਲੈਂਡ, ਯੂਕਰੇਨ ਤੇ ਨੌਰਥ ਮੈਸੇਡੋਨੀਆ ਫੁੱਟਬਾਲਰਾਂ ’ਚ ਰੋਚਕ ਮੁਕਾਬਲਾ ਵੇਖਣ ਨੂੰ ਮਿਲਿਆ। ਇਨ੍ਹਾਂ ਚਾਰ ਟੀਮਾਂ ’ਚੋਂ ਨੌਰਥ ਮੈਸੇਡੋਨੀਆ ਦੀ ਟੀਮ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਪੂਲ-ਡੀ ’ਚ ਮੇਜ਼ਬਾਨ ਇੰਗਲੈਂਡ, ਕਰੋਸ਼ੀਆ, ਚੈਕ ਰਿਪਬਲਿਕ ਤੇ ਸਕਾਟਲੈਂਡ ਦੀਆਂ ਟੀਮਾਂ ਇਕ ਦੂਜੀ ਟੀਮ ਨੂੰ ਪਛਾੜਨ ਲਈ ਪੂਰਾ ਟਿੱਲ ਲਾ ਕੇ ਖੇਡੀਆਂ ਪਰ ਸਕਾਟਲੈਂਡ ਦੀ ਟੀਮ ਨੇ ਛੇਤੀ ਹੀ ਵਤਨ ਵਾਪਸੀ ਕੀਤੀ। ਪੂਲ-ਈ ’ਚ ਸਵੀਡਨ, ਸਪੇਨ, ਸਲੋਵਾਕੀਆ ਤੇ ਪੋਲੈਂਡ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜਲਵੇ ਵਿਖੇਰਨ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ ਪਰ ਸਲੋਵਾਕੀਆ ਤੇ ਪੋਲੈਂਡ ਦੀਆਂ ਟੀਮਾਂ ਪੂਲ ਮੁਕਾਬਲੇ ’ਚ ਹੀ ਦਮ ਤੋੜ ਗਈਆਂ। ਪੂਲ-ਐੱਫ ’ਚ ਪੁਰਤਗਾਲ, ਜਰਮਨੀ, ਫਰਾਂਸ ਤੇ ਹੰਗਰੀ ਦੀਆਂ ਟੀਮਾਂ ਵੱਲੋਂ ਖਿਤਾਬੀ ਦੌੜ ਵਿਚ ਬਣੇ ਰਹਿਣ ਲਈ ਇਕ ਦੂਜੀ ਟੀਮ ਨੂੰ ਹਰਾਉਣ ਲਈ ਪੈਰ ਰੱਖਿਆ ਪਰ ਹੰਗਰੀ ਦੀ ਟੀਮ ਨੂੰ ਪੂਲ ਮੈਚਾਂ ’ਚ ਹਾਰ ਕਾਰਨ ਵਤਨ ਵਾਪਸੀ ਦਾ ਟਿਕਟ ਹਾਸਲ ਹੋਇਆ।

 

 

ਪੂਲ ਮੈਚਾਂ ਤੋਂ ਬਾਅਦ ਦੂਜੇ ਰਾਊਂਡ ’ਚ ਪਹੁੰਚੀਆਂ 16 ਟੀਮਾਂ ’ਚ ਇਟਲੀ ਦੀ ਟੀਮ ਤੋਂ ਇਲਾਵਾ ਵੇਲਸ, ਸਵਿਟਜ਼ਰਲੈਂਡ, ਆਸਟਰੀਆ, ਨੀਦਰਲੈਂਡ, ਯੂਕਰੇਨ, ਪੁਰਤਗਾਲ, ਜਰਮਨੀ, ਫਰਾਂਸ, ਬੈਲਜੀਅਮ, ਡੈਨਮਾਰਕ, ਇੰਗਲੈਂਡ, ਕਰੋਸੀਆ, ਚੈਕ ਰਿਪਬਲਿਕ, ਸਵੀਡਨ ਅਤੇ ਸਪੇਨ ਦੀਆਂ ਟੀਮਾਂ ਦਰਮਿਆਨ 8 ਮੈਚ ਖੇਡੇ ਗਏ। ਦੂਜੇ ਦੌਰ ’ਚ ਬੈਲਜੀਅਮ, ਇਟਲੀ, ਸਵਿਟਜ਼ਰਲੈਂਡ, ਸਪੇਨ, ਚੈਕ ਰਿਪਬਲਿਕ, ਡੈਨਮਾਰਕ, ਯੂਕਰੇਨ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਪੁਰਤਗਾਲ, ਆਸਟਰੀਆ, ਮੌਜੂਦਾ ਵਿਸ਼ਵ ਚੈਂਪੀਅਨ ਫਰਾਂਸ, ਸਵੀਡਨ, ਜਰਮਨੀ, ਵੇਲਸ, ਨੀਦਰਲੈਂਡ ਅਤੇ ਕਰੋਸ਼ੀਆ ਦੀਆਂ ਟੀਮਾਂ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਵਿਖਾਉਂਦਿਆਂ ਕੁਆਟਰਫਾਈਨਲ ਖੇਡਣ ਦਾ ਰਾਹ ਪੱਧਰਾ ਕੀਤਾ।

 

 

ਪਹਿਲੇ ਕੁਆਟਰਫਾਈਨਲ ’ਚ ਇਟਲੀ ਦੇ ਖਿਡਾਰੀਆਂ ਨੇ ਬੈਲਜੀਅਮ ਦੀ ਟੀਮ ਦੀ ਚੰਗੀ ਸਾਰ ਲੈਂਦਿਆਂ 2-1 ਗੋਲ ਨਾਲ ਸੈਮੀਫਾਈਨਲ ਖੇਡਣ ਲਈ ਜ਼ਮੀਨ ਤਿਆਰ ਕੀਤੀ ਜਦਕਿ ਦੂਜੇ ਕੁਆਟਰਫਾਈਨਲ ’ਚ ਸਪੇਨ ਨੇ ਪੈਨਲਟੀ ਸ਼ੂਟਆਊਟ ’ਚ ਸਵਿਟਜ਼ਰਲੈਂਡ ਨੂੰ 3-1 ਗੋਲ ਨਾਲ ਹਰਾ ਕੇ ਸੈਮੀ ਫਾਈਨਲ ਖੇਡਣ ਲਈ ਸਥਾਨ ਪੱਕਾ ਕੀਤਾ। ਤੀਜੇ ਕੁਆਟਰਫਾਈਨਲ ਮੈਚ ’ਚ ਮੇਜ਼ਬਾਨ ਇੰਗਲੈਂਡ ਦੇ ਖਿਡਾਰੀਆਂ ਨੇ ਯੂਕਰੇਨ ਦੀ ਚੰਗੀ ਤਰ੍ਹਾਂ ਕੰਡ ਲਾਹ ਕੇ 4-0 ਗੋਲ ਅੰਤਰ ਨਾਲ ਧਮਾਕੇਦਾਰ ਜਿੱਤ ਨਾਲ ਸੈਮੀ ਫਾਈਨਲ ਖੇਡਣ ਲਈ ਮੰਜ਼ਿਲ ਤਿਆਰ ਕੀਤੀ ਜਦਕਿ ਚੌਥੇ ਕੁਆਟਰਫਾਈਨਲ ਡੈਨਮਾਰਕ ਦੀ ਟੀਮ ਨੇ ਚੈਕ ਰਿਪਬਲਿਕ ’ਤੇ 2-1 ਗੋਲ ਦੀ ਜਿੱਤ ਨਾਲ ਯੂਰੋ ਚੈਂਪੀਅਨ ਬਣਨ ਦੀ ਦੌੜ ਜਾਰੀ ਰੱਖੀ।

 

 

ਸੈਮੀਫਾਈਨਲ ਖੇਡਣ ਦੇ ਦਰ ’ਤੇ ਦਸਤਕ ਦੇਣ ਵਾਲੀਆਂ ਚਾਰ ਟੀਮਾਂ ਸਪੇਨ ਤੇ ਇਟਲੀ ਦੀਆਂ ਟੀਮਾਂ ਦਰਮਿਆਨ ਖਿਤਾਬੀ ਮੈਚ ਖੇਡਣ ਦਾ ਪਰਮਿਟ ਹਾਸਲ ਕਰਨ ਲਈ ਫਸਵਾਂ ਤੇ ਗਹਿਗੱਚ ਮੁਕਾਬਲਾ ਵੇਖਣ ਨੂੰ ਮਿਲਿਆ। ਨਿਯਮਤ ਸਮੇਂ ’ਚ ਮੈਚ 1-1 ਗੋਲ ਦੀ ਬਰਾਬਰੀ ’ਤੇ ਖ਼ਤਮ ਹੋਇਆ ਜਦਕਿ ਪੈਨਲਟੀ ਸ਼ੂਟਆਊਟ ’ਚ ਇਟਲੀ ਦੇ ਖਿਡਾਰੀਆਂ ਨੇ ਸਪੇਨ ’ਤੇ 4-2 ਗੋਲ ਦੇ ਅੰਤਰ ਨਾਲ ਜਿੱਤ ਦਰਜ ਕਰ ਕੇ ਖਿਤਾਬੀ ਮੈਚ ਖੇਡਣ ਦੀ ਰਾਹਦਾਰੀ ਹਾਸਲ ਕੀਤੀ। ਦੂਜੇ ਸੈਮੀਫਾਈਨਲ ’ਚ ਇੰਗਲੈਂਡ ਦੇ ਗੋਰੇ ਖਿਡਾਰੀਆਂ ਨੇ ਡੈਨਮਾਰਕ ਦੀ ਟੀਮ ਨੂੰ ਸਪੱਸ਼ਟ 2-1 ਗੋਲਾਂ ਨਾਲ ਹਰਾ ਕੇ ਫਾਈਨਲ ਦੀ ਟਿਕਟ ਹਾਸਲ ਕੀਤੀ।

 

 

ਯੂਰੋ ਫੁੱਟਬਾਲ ਕੱਪ-2020 ’ਚ ਚੋਟੀ ਦੀਆਂ 24 ਫੱੁਟਬਾਲ ਟੀਮਾਂ ਦਰਮਿਆਨ ਕੁੱਲ 51 ਮੈਚ ਖੇਡੇ ਗਏ। ਪੂਲਜ਼ ਮੈਚਾਂ ਤੋਂ ਲੈ ਕੇ ਫਾਈਨਲ ਤਕ ਖੇਡੇ ਗਏ 51 ਮੈਚਾਂ ’ਚ 24 ਟੀਮਾਂ ਦੇ ਖਿਡਾਰੀਆਂ ਵੱਲੋਂ ਇਕ ਦੂਜੀ ਟੀਮ ’ਤੇ 142 ਗੋਲਾਂ ਦੀ ਵੱਡੀ ਸਕੋਰਲਾਈਨ ਖੜ੍ਹੀ ਕੀਤੀ ਗਈ। 2016 ਦੀ ਯੂਰੋ ਫੁੱਟਬਾਲ ਕੱਪ ਚੈਂਪੀਅਨ ਟੀਮ ਪੁਰਤਗਾਲ ਦਾ ਖੇਡ ਸਫ਼ਰ ਭਾਵੇਂ ਕੁਆਟਰਫਾਈਨਲ ’ਚ ਖ਼ਤਮ ਹੋ ਗਿਆ ਪਰ ਟੂਰਨਾਮੈਂਟ ’ਚ ਕਪਤਾਨ ਰੋਨਾਲਡੋ ਨੂੰ ਚੈਕ ਰਿਪਬਲਿਕ ਦੇ ਫਾਰਵਰਡ ਐੱਸ. ਪੈਟਰਿਕ ਨਾਲ 5-5 ਗੋਲ ਦਾਗਣ ਸਦਕਾ ‘ਟਾਪ ਸਕੋਰਰ’ ਦਾ ਪਾਏਦਾਨ ਨਸੀਬ ਹੋਇਆ ਪਰ ਦੁਨੀਆ ਦਾ ਖੱਬੀਖਾਨ ਸਟਰਾਈਕਰ ਰੋਨਾਲਡੋ ‘ਗੋਲਡਨ ਬੂਟ’ ਦਾ ਹੱਕਦਾਰ ਬਣਿਆ। ਸਪੇਨ ਦੇ 18 ਸਾਲਾ ਖਿਡਾਰੀ ਪੇਡਰੀ ਨੂੰ ‘ਯੰਗ ਪਲੇਅਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕੀਤਾ ਗਿਆ। ਚੈਂਪੀਅਨ ਨਾਮਜ਼ਦ ਹੋਈ ਇਟਾਲੀਅਨ ਟੀਮ ਦੇ 22 ਸਾਲਾ ਗੋਲਕੀਪਰ ਜਿਯਾਨਲੁਗੀ ਡੋਨਾਰੂਮਾ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਮਾਣ ਨਸੀਬ ਹੋਇਆ। ਮੇਜ਼ਬਾਨ ਇੰਗਲੈਂਡ ਦੇ ਗੋਲਕੀਪਰ ਜਾਰਡਨ ਪਿਕਫੋਰਡ ਨੂੰ ‘ਬੈਸਟ ਗੋਲਕੀਪਰ ਆਫ ਦਿ ਟੂਰਨਾਮੈਂਟ’ ਨਾਮਜ਼ਦ ਕਰ ਕੇ ‘ਗੋਲਡਨ ਗਲੱਵਸ’ ਦਾ ਮਾਣ ਨਸੀਬ ਹੋਇਆ। ਇਟਲੀ ਦੀ ਚੈਂਪੀਅਨ ਟੀਮ ਨੂੰ 300 ਕਰੋੜ ਤੇ ਇੰਗਲੈਂਡ ਦੀ ਉਪ-ਜੇਤੂ ਟੀਮ ਨੂੰ 263 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਗਏ।

 

 

ਯੂਰੋ ਫੱੁਟਬਾਲ ਕੱਪ ਦਾ ਇਤਿਹਾਸ

 

 

ਫੀਫਾ ਵੱਲੋਂ ਯੂਰੋ ਫੁੱਟਬਾਲ ਕੱਪ ਦੀ ਰੂਪ-ਰੇਖਾ 63 ਸਾਲ ਪਹਿਲਾਂ 1958 ’ਚ ਤਿਆਰ ਕੀਤੀ ਗਈ ਸੀ। ਇਸ ਤੋਂ ਬਾਅਦ ਯੂਰੋ ਫੱੁਟਬਾਲ ਕੱਪ ਦਾ ਪਲੇਠਾ ਅਡੀਸ਼ਨ ਫਰਾਂਸ-1960 ’ਚ ਕਰਵਾਇਆ ਗਿਆ। ਵਿਸ਼ਵ ਫੁੱਟਬਾਲ ਕੱਪ ਤੋਂ ਬਾਅਦ ਯੂਰੋ ਫੱੁਟਬਾਲ ਕੱਪ ਸੌਕਰ ਗੇਮ ਦਾ ਦੂਜਾ ਆਲਮੀ ਟੂਰਨਾਮੈਂਟ ਹੈ, ਜਿਸ ’ਚ ਯੂਰਪੀਅਨ ਦੇਸ਼ਾਂ ਦੀਆਂ 24 ਟੀਮਾਂ ਕੁਆਲੀਫਾਈ ਰਾਊਂਡ ਖੇਡਣ ਤੋਂ ਬਾਅਦ ਯੂਰੋ ਕੱਪ ਖੇਡਣ ਦੇ ਪੈਮਾਨੇ ’ਤੇ ਖਰੀਆਂ ਉਤਰਦੀਆਂ ਹਨ। ਸੋਵੀਅਤ ਯੂਨੀਅਨ ਦੀ ਫੁੱਟਬਾਲ ਟੀਮ ਦੁਨੀਆ ਦੀ ਨਿਵੇਕਲੀ ਟੀਮ ਹੈ, ਜਿਸ ਨੇ ਯੂਗੋਸਲਾਵੀਆ ਦੇ ਖਿਡਾਰੀਆਂ ਨੂੰ ਪਹਿਲੇ ਯੂਰੋ ਫੁੱਟਬਾਲ ਟੂਰਨਾਮੈਂਟ ’ਚ 2-1 ਗੋਲਾਂ ਨਾਲ ਹਰਾ ਕੇ ਪਹਿਲੀ ਜਿੱਤ ਦਾ ਬਿਗਲ ਵਜਾਉਣ ਦਾ ਕਮਾਲ ਕੀਤਾ ਹੋਇਆ ਹੈ। ਯੂਰੋ ਕੱਪ ਦੇ ਪਲੇਠੇ ਟੂਰਨਾਮੈਂਟ ’ਚ ਚੈਕੋਸਲੋਵਾਕੀਆ ਨੇ ਮੇਜ਼ਬਾਨ ਫਰਾਂਸ ਦੀ ਟੀਮ ਨੂੰ ਪੁਜ਼ੀਸ਼ਨਲ ਮੈਚ ’ਚ ਹਰਾਉਣ ਸਦਕਾ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਯੂਰੋ ਫੱੁਟਬਾਲ ਕੱਪ ਜਿੱਤਣ ’ਚ ਮੋਹਰੀ ਦੇਸ਼ਾਂ ’ਚ ਜਰਮਨੀ ਤੇ ਸਪੇਨ ਦੀਆਂ ਟੀਮਾਂ ਸ਼ੁਮਾਰ ਹਨ, ਜਿਨ੍ਹਾਂ ਵੱਲੋਂ 3-3 ਵਾਰ ਯੂਰੋ ਕੱਪ ਦੀ ਟਰਾਫੀ ’ਤੇ ਕਬਜ਼ਾ ਜਮਾਇਆ ਗਿਆ ਹੈ। ਯੂਰੋ ਫੁੱਟਬਾਲ ਕੱਪ-2020 ਇਸ ਟੂਰਨਾਮੈਂਟ ਦਾ 16ਵਾਂ ਫੁੱਟਬਾਲ ਟੂਰਨਾਮੈਂਟ ਹੈ, ਜਿਸ ’ਚ ਇਟਲੀ ਦੀ ਟੀਮ ਨੇ ਚੈਂਪੀਅਨ ਬਣਨ ਦਾ ਜੱਸ ਖੱਟਿਆ ਹੈ।