ਲੰਡਨ- ਯੂਰਪੀ ਦੇਸ਼ਾਂ ਦੇ ਕਈ ਹਵਾਈ ਅੱਡਿਆਂ ’ਤੇ ਅੱਜ ਸਾਈਬਰ ਹਮਲਾ ਕੀਤਾ ਗਿਆ ਜਿਸ ਕਾਰਨ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀ ਪ੍ਰਭਾਵਿਤ ਹੋਈ। ਇਸ ਕਾਰਨ ਲੰਡਨ ਦੇ ਹੀਥਰੋ ਸਮੇਤ ਕਈ ਪ੍ਰਮੁੱਖ ਯੂਰਪੀਅਨ ਹਵਾਈ ਅੱਡਿਆਂ ’ਤੇ ਕੰਮਕਾਜ ਵਿੱਚ ਵਿਘਨ ਪਿਆ ਜਿਸ ਕਾਰਨ ਅੱਜ ਸ਼ਨਿਚਰਵਾਰ ਨੂੰ ਕਈ ਉਡਾਣਾਂ ਵਿੱਚ ਦੇਰੀ ਹੋਈ ਤੇ ਕਈਆਂ ਨੂੰ ਰੱਦ ਕਰਨਾ ਪਿਆ।
ਸਾਈਬਰ ਹਮਲੇ ਤੋਂ ਬਾਅਦ ਯਾਤਰੀਆਂ ਨੂੰ ਸਿਰਫ ਮੈਨੁਅਲ ਚੈਕ ਇਨ ਦੀ ਸਹੂਲਤ ਦਿੱਤੀ ਗਈ। ਇਸ ਕਾਰਨ ਵੱਡੀ ਗਿਣਤੀ ਉਡਾਣਾਂ ਪ੍ਰਭਾਵਿਤ ਹੋਈਆਂ ਇਹ ਪਤਾ ਲੱਗਿਆ ਹੈ ਕਿ ਬਰੱਸਲਜ਼ ਵਿੱਚ ਸੌ ਤੋਂ ਜ਼ਿਆਦਾ ਤੇ ਬਰਲਿਨ ਵਿਚ 60 ਦੇ ਕਰੀਬ ਉਡਾਣਾਂ ਪ੍ਰਭਾਵਿਤ ਹੋਈਆਂ। ਦੂਜੇ ਪਾਸੇ ਹੀਥਰੋ ਵਿਚ ਵੀ ਆਨਲਾਈਨ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਦੀ ਲੰਬੀਆਂ ਕਤਾਰਾਂ ਲੱਗ ਗਈਆਂ। ਇਹ ਜਾਣਕਾਰੀ ਮਿਲੀ ਹੈ ਕਿ ਲੰਡਨ ਦੇ ਹੀਥਰੋਂ ਵਿਚ 140 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਪੋਲੈਂਡ ਦੇ ਹਵਾਈ ਅੱਡੇ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਸਾਈਬਰ ਹਮਲੇ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੂਜੇ ਪਾਸੇ ਯੂਰਪ ਦੇ ਹੋਰ ਹਵਾਈ ਅੱਡਿਆਂ ’ਤੇ ਸਾਈਬਰ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਵ ਪੱਧਰ ਦੇ ਕਈ ਹਵਾਈ ਅੱਡਿਆਂ ’ਤੇ ਕਈ ਏਅਰਲਾਈਨਾਂ ਲਈ ਕੋਲਿਨਜ਼ ਏਅਰੋਸਪੇਸ ਸਾਫਟਵੇਅਰ ਚੈੱਕ-ਇਨ ਅਤੇ ਬੋਰਡਿੰਗ ਪ੍ਰਦਾਨ ਕਰਦਾ ਹੈ ਜਿਸ ਵਿਚ ਤਕਨੀਕੀ ਸਮੱਸਿਆ ਆਈ ਜਿਸ ਨਾਲ ਯਾਤਰੀਆਂ ਨੂੰ ਰਵਾਨਾ ਹੋਣ ਵਿੱਚ ਦੇਰੀ ਹੋਈ। ਇਸ ਸਾਈਬਰ ਹਮਲੇ ਕਾਰਨ ਬਰੱਸਲਜ਼ ਹਵਾਈ ਅੱਡਾ ਅਤੇ ਬਰਲਿਨ ਹਵਾਈ ਅੱਡਾ ਵੀ ਪ੍ਰਭਾਵਿਤ ਹੋਏ।