ਹੈਦਰਗੜ੍ਹ-ਇਥੇ ਹੈਦਰਗੜ੍ਹ ਇਲਾਕੇ ਵਿਚ ਅਵਸਾਨੇਸ਼ਵਰ ਮੰਦਰ ਵਿਚ ਭਗਦੜ ਮਚਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 32 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਸਵੇਰੇ ਬਾਂਦਰਾਂ ਵੱਲੋਂ ਤੋੜੀ ਬਿਜਲੀ ਦੀ ਕਰੰਟ ਵਾਲੀ ਤਾਰ ਦੇ ਟੀਨ ਦੇ ਸ਼ੈੱਡਾਂ ’ਤੇ ਡਿੱਗਣ ਮਗਰੋਂ ਭਗਦੜ ਮਚ ਗਈ। ਸਾਉਣ ਦੇ ਮਹੀਨੇ ਕਰਕੇ ਵੱਡੀ ਗਿਣਤੀ ਸ਼ਰਧਾਲੂ ‘ਜਲਅਭਿਸ਼ੇਕ’ ਲਈ ਮੰਦਰ ਵਿਚ ਇਕੱਠੇ ਹੋਏ ਸਨ।
ਤਾਰ ਡਿੱਗਣ ਨਾਲ ਟੀਨ ਸ਼ੈੱਡ ਵਿੱਚ ਬਿਜਲੀ ਦਾ ਕਰੰਟ ਫੈਲ ਗਿਆ, ਜਿਸ ਨਾਲ ਮੰਦਰ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ ਅਤੇ ਭਗਦੜ ਮਚ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਲੋਨੀਕਤਰਾ ਪੁਲੀਸ ਥਾਣਾ ਖੇਤਰ ਅਧੀਨ ਆਉਂਦੇ ਮੁਬਾਰਕਪੁਰਾ ਪਿੰਡ ਦੇ ਰਹਿਣ ਵਾਲੇ ਪ੍ਰਸ਼ਾਂਤ (22) ਅਤੇ ਇੱਕ ਹੋਰ 30 ਸਾਲਾ ਸ਼ਰਧਾਲੂ ਦੀ ਤ੍ਰਿਵੇਦੀਗੰਜ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕੁੱਲ 10 ਜ਼ਖ਼ਮੀਆਂ ਨੂੰ ਤ੍ਰਿਵੇਦੀਗੰਜ ਸੀਐਚਸੀ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਪੰਜ ਨੂੰ ਗੰਭੀਰ ਹਾਲਤ ਕਾਰਨ ਉੱਚ ਮੈਡੀਕਲ ਕੇਂਦਰਾਂ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਦੌਰਾਨ, 26 ਜ਼ਖਮੀ ਸ਼ਰਧਾਲੂਆਂ ਦਾ ਹੈਦਰਗੜ੍ਹ ਸੀਐਚਸੀ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਕਾਰਨ ਐਡਵਾਂਸ ਕੇਅਰ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਮੰਦਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚ ਗਈ। ਜ਼ਿਲ੍ਹਾ ਅਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਸਥਿਤੀ ਨੂੰ ਸੰਭਾਲਣ ਲਈ ਕੰਮ ਕਰ ਰਹੇ ਹਨ। ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਬਾਰਾਬਾਂਕੀ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਸ਼ਾਂਕ ਤ੍ਰਿਪਾਠੀ ਨੇ ਕਿਹਾ ਕਿ ‘ਜਲਭਿਸ਼ੇਕ’ ਰਸਮ ਦੌਰਾਨ ਬਾਂਦਰਾਂ ਨੇ ਇੱਕ ਬਿਜਲੀ ਦੀ ਤਾਰ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਨ ਮੰਦਰ ਕੰਪਲੈਕਸ ਵਿੱਚ ਤਿੰਨ ਟੀਨ ਸ਼ੈੱਡਾਂ ਵਿੱਚੋਂ ਕਰੰਟ ਆ ਗਿਆ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਘਬਰਾਹਟ ਕਾਰਨ ਭਗਦੜ ਮਚ ਗਈ ਜਿਸ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਦੋ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਹਾਲਾਂਕਿ ਮਗਰੋਂ ਸ਼ਰਧਾਲੂਆਂ ਨੇ ਮੰਦਰ ਵਿੱਚ ਪੂਜਾ ਮੁੜ ਸ਼ੁਰੂ ਕਰ ਦਿੱਤੀ।
ਚੇਤੇ ਰਹੇ ਕਿ ਉੱਤਰਾਖੰਡ ਵਿਚ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿਚ ਐਤਵਾਰ ਨੂੰ ਮੰਦਰ ਦੀਆਂ ਪੌੜੀਆਂ ਵਿਚ ਕਰੰਟ ਆਉਣ ਦੀ ਅਫ਼ਵਾਹ ਕਰਕੇ ਮਚੀ ਭਗਦੜ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 28 ਜਣੇ ਜ਼ਖ਼ਮੀ ਹੋ ਗਏ ਸਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਪ੍ਰਗਟਾਇਆ ਸੀ।