ਨਾਭਾ- ਪੰਜਾਬ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਾਲੇ ਬੋਰਡ ਲਗਾਉਣ ਦਾ ਮਾਮਲਾ ਗਰਮਾ ਗਿਆ ਹੈ। ਨਾਭਾ-ਮਲੇਰਕੋਟਲਾ ਸੜਕ ਤੋਂ ਟੋਡਰਵਾਲ ਨੂੰ ਜਾਂਦੀ ਸੜਕ ‘ਤੇ ਲੱਗੇ ਸਰਕਾਰੀ ਬੋਰਡ ਦੇ ਹੇਠਾਂ ਮਨਰੇਗਾ ਮਜ਼ਦੂਰ ਆਗੂ ਕੁਲਵਿੰਦਰ ਕੌਰ ਨੇ ਆਪਣੀ ਫਲੈਕਸ ਲਗਾ ਕੇ ਸਰਕਾਰ ਦੀ ਇਸ ਮੁਹਿੰਮ ਦੀ ਨਿੰਦਾ ਕੀਤੀ ਹੈ। ਮਨਰੇਗਾ ਮਜ਼ਦੂਰ ਆਗੂ ਕੁਲਵਿੰਦਰ ਕੌਰ ਨੇ ਬੋਰਡ ਦੇ ਹੇਠਾਂ ਆਪਣੀ ਫਲੈਕਸ ਲਗਾ ਕੇ ਲਿਖਿਆ ਕਿ ਇਸ ਥਾਂ ਮੁੱਖ ਮੰਤਰੀ ਦੇ ਨਾਮ ਦੀ ਬਜਾਏ ਸੜਕ ਦੇ ਵੇਰਵਿਆਂ ਵਾਲਾ ਬੋਰਡ ਹੋਣਾ ਚਾਹੀਦਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ ਆਪਣਾ ਨਾਮ ਚਮਕਾਉਣ ’ਤੇ ਖਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 400 ਮੀਟਰ ਦੀ ਛੋਟੀ ਸੜਕ ’ਤੇ ਵੀ ਮਹਿੰਗੇ ਬੋਰਡ ਲਾਏ ਜਾ ਰਹੇ ਹਨ, ਜਦਕਿ ਸੜਕਾਂ ਬਣਨ ਤੋਂ ਤੁਰੰਤ ਬਾਅਦ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਬੋਰਡ 6500 ਰੁਪਏ ਦੇ ਖਰਚੇ ਨਾਲ ਇੱਕ ਪਾਸੇ ਨਾਮ ਲਿਖ ਕੇ ਲਗਾਏ ਜਾ ਰਹੇ ਸਨ, ਪਰ ਹੁਣ ਨਵੇਂ ਹੁਕਮਾਂ ਮੁਤਾਬਕ ਇਹ ਬੋਰਡ ਦੋਵੇਂ ਪਾਸੇ (Double-sided) ਕੀਤੇ ਜਾਣਗੇ, ਜਿਸ ਨਾਲ ਸਰਕਾਰੀ ਖ਼ਜ਼ਾਨੇ ’ਤੇ ਬੋਝ ਹੋਰ ਵਧੇਗਾ।
ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਵਿਕਾਸ ਧਵਨ ਨੇ ਸਪੱਸ਼ਟ ਕੀਤਾ ਕਿ ਇਹ ਬੋਰਡ ਸਰਕਾਰੀ ਹੁਕਮਾਂ ਅਨੁਸਾਰ ਹੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਲਈ ਪ੍ਰੋਜੈਕਟ ਦੇ ਵੇਰਵਿਆਂ ਵਾਲੇ ਬੋਰਡ ਲਗਾਉਣ ਦਾ ਕੋਈ ਨਿਯਮ ਨਹੀਂ ਹੈ, ਅਜਿਹਾ ਸਿਰਫ਼ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਿੱਚ ਹੁੰਦਾ ਸੀ। ਉਨ੍ਹਾਂ ਬੋਰਡਾਂ ਨੂੰ ਦੂਹਰਾ ਕੀਤੇ ਜਾਣ ਦੀ ਪੁਸ਼ਟੀ ਵੀ ਕੀਤੀ।

