ਮੁੰਬਈ- ਪੁਲੀਸ ਨੇ ਪੱਛਮੀ ਉਪਨਗਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਅਦਾਕਾਰ ਕਮਾਲ ਰਾਸ਼ਿਦ ਖਾਨ, ਜਿਸ ਨੂੰ ‘ਕੇਆਰਕੇ’ ਵਜੋਂ ਜਾਣਿਆ ਜਾਂਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਖਾਨ ਨੂੰ ਸ਼ੁੱਕਰਵਾਰ ਦੇਰ ਰਾਤ ਪੁੱਛਗਿੱਛ ਲਈ ਓਸ਼ੀਵਾਰਾ ਪੁਲੀਸ ਥਾਣੇ ਲਿਆਂਦਾ ਗਿਆ ਸੀ। ਅਦਾਕਾਰ ਨੇ ਆਪਣੇ ਬਿਆਨ ਵਿੱਚ ਲਾਇਸੈਂਸੀ ਹਥਿਆਰ ਤੋਂ ਦੋ ਗੋਲੀਆਂ ਚਲਾਉਣ ਦੀ ਗੱਲ ਕਬੂਲ ਕੀਤੀ ਹੈ। ਪੁਲੀਸ ਮੁਤਾਬਕ 18 ਜਨਵਰੀ ਨੂੰ ਅੰਧੇਰੀ ਦੇ ਓਸ਼ੀਵਾਰਾ ਖੇਤਰ ਵਿੱਚ ਨਾਲੰਦਾ ਸੁਸਾਇਟੀ ਵਿੱਚ ਦੋ ਗੋਲੀਆਂ ਚਲਾਈਆਂ ਗਈਆਂ ਸਨ। ਇੱਕ ਗੋਲੀ ਦੂਜੀ ਮੰਜ਼ਿਲ ’ਤੇ ਲੱਗੀ ਜਦੋਂ ਕਿ ਦੂਜੀ ਚੌਥੀ ਮੰਜ਼ਿਲ ’ਤੇ ਲੱਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫਲੈਟਾਂ ਵਿੱਚ ਇਹ ਗੋਲੀਆਂ ਲੱਗੀਆਂ ਹਨ, ਉਨ੍ਹਾਂ ਵਿੱਚੋਂ ਇੱਕ ਲੇਖਕ-ਨਿਰਦੇਸ਼ਕ ਦਾ ਹੈ, ਜਦੋਂ ਕਿ ਦੂਜਾ ਫਲੈਟ ਇੱਕ ਮਾਡਲ ਦਾ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੋਈ ਖਾਸ ਸਫਲਤਾ ਨਹੀਂ ਮਿਲੀ ਕਿਉਂਕਿ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ ਵਿੱਚ ਕੁਝ ਵੀ ਨਹੀਂ ਮਿਲਿਆ। ਹਾਲਾਂਕਿ, ਇੱਕ ਫੋਰੈਂਸਿਕ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਗੋਲੀਆਂ ਖਾਨ ਦੇ ਬੰਗਲੇ ਤੋਂ ਚਲਾਈਆਂ ਗਈਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦਾ ਅਸਲ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਦਾਕਾਰ ਖਿਲਾਫ਼ ਆਈਪੀਸੀ ਅਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

