ਚੰਡੀਗੜ੍ਹ- ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਐੱਸ.ਏ.ਐੱਸ. ਨਗਰ (ਮੁਹਾਲੀ) ਜ਼ਿਲ੍ਹੇ ਦੇ ਕੁਰਾਲੀ ਵਿਖੇ ਦੋ ਗ਼ੈਰ-ਕਾਨੂੰਨੀ ਕਲੋਨੀਆਂ ‘ਡ੍ਰੀਮ ਮੈਡੋਜ਼-1’ ਅਤੇ ‘ਡ੍ਰੀਮ ਮੈਡੋਜ਼-2’, ਦੇ ਕਥਿਤ ਵਿਕਾਸ ਅਤੇ ਉਨ੍ਹਾਂ ਨੂੰ ਨਿਯਮਤ (Regularise) ਕਰਨ ਨਾਲ ਜੁੜੇ ਮਾਮਲੇ ਵਿੱਚ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਈ.ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ 20 ਨਵੰਬਰ ਨੂੰ ਮੁਹਾਲੀ ਅਤੇ ਚੰਡੀਗੜ੍ਹ ਸਥਿਤ ਮੁਲਜ਼ਮਾਂ ਨਾਲ ਸਬੰਧਤ ਵੱਖ-ਵੱਖ ਟਿਕਾਣਿਆਂ ’ਤੇ ਇਹ ਛਾਪੇਮਾਰੀ ਕੀਤੀ ਗਈ।
ਵਿਜੀਲੈਂਸ ਬਿਊਰੋ ਦੀਆਂ ਦੋ ਐੱਫ.ਆਈ.ਆਰਜ਼ ’ਤੇ ਆਧਾਰਿਤ ਹੈ ਜਾਂਚ- ਈ.ਡੀ. ਅਨੁਸਾਰ, ਉਸ ਦੀ ਇਹ ਜਾਂਚ ਵਿਜੀਲੈਂਸ ਬਿਊਰੋ, ਮੁਹਾਲੀ ਵੱਲੋਂ ਦਰਜ ਕੀਤੀਆਂ ਗਈਆਂ ਦੋ ਐੱਫ.ਆਈ.ਆਰਜ਼ (FIRs) ’ਤੇ ਆਧਾਰਿਤ ਹੈ। ਇਨ੍ਹਾਂ ਐੱਫ.ਆਈ.ਆਰਜ਼ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਡਬਲਿਊ.ਡਬਲਿਊ.ਆਈ.ਸੀ.ਐੱਸ. ਅਸਟੇਟਸ ਪ੍ਰਾਈਵੇਟ ਲਿਮਟਿਡ’ (WWICS Estates Pvt Ltd) ਅਤੇ ਇਸ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਨੇ ਸਰਕਾਰੀ ਅਧਿਕਾਰੀਆਂ ਅਤੇ ਕੁਝ ਨਿੱਜੀ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਦੋਵਾਂ ਕਲੋਨੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵਿਕਸਿਤ ਕੀਤਾ ਅਤੇ ਰੈਗੂਲਰ ਕਰਵਾਇਆ।
1.23 ਕਰੋੜ ਦਾ ਸੋਨਾ ਤੇ ਬੈਂਕ ਖਾਤੇ ਕੀਤੇ ਜ਼ਬਤ- ਛਾਪੇਮਾਰੀ ਦੌਰਾਨ ਈ.ਡੀ. ਨੇ ਅਹਿਮ ਦਸਤਾਵੇਜ਼, ਡਿਜੀਟਲ ਉਪਕਰਨ ਅਤੇ ਹੋਰ ਇਤਰਾਜ਼ਯੋਗ ਰਿਕਾਰਡ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਏਜੰਸੀ ਨੇ ਲਗਭਗ 1.23 ਕਰੋੜ ਰੁਪਏ ਦੀ ਕੀਮਤ ਵਾਲੀ 1 ਕਿੱਲੋ ਸੋਨੇ ਦੀ ਇੱਟ (Gold bar) ਬਰਾਮਦ ਕੀਤੀ ਹੈ ਅਤੇ ਮੁਲਜ਼ਮਾਂ ਦੀਆਂ ਫਿਕਸਡ ਡਿਪਾਜ਼ਿਟ (FD) ਤੇ ਬੈਂਕ ਖਾਤਿਆਂ ਵਿੱਚ ਪਈ ਲਗਭਗ 3.16 ਕਰੋੜ ਰੁਪਏ ਦੀ ਰਾਸ਼ੀ ਨੂੰ ਫਰੀਜ਼ ਕਰ ਦਿੱਤਾ ਹੈ। ਅਪਰਾਧ ਰਾਹੀਂ ਕਮਾਈ ਗਈ ਜਾਇਦਾਦ (Proceeds of crime) ਦੇ ਅਸਲ ਦਾਇਰੇ ਦਾ ਪਤਾ ਲਗਾਉਣ ਲਈ ਜ਼ਬਤ ਕੀਤੀ ਗਈ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਪੜਤਾਲ ਜਾਰੀ ਹੈ।

