PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁਕੱਦਸ ਇਜਲਾਸ: ਤਿੰਨ ਸ਼ਹਿਰ ਪਵਿੱਤਰ ਐਲਾਨੇ

ਸ਼੍ਰੀ ਆਨੰਦਪੁਰ ਸਾਹਿਬ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਅੱਜ ਇੱਥੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਪੰਜਾਬ ਦੇ ਤਿੰਨੋਂ ਤਖ਼ਤਾਂ ਨਾਲ ਸਬੰਧਤ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਦੇ ਅੰਦਰੂਨੀ ਹਿੱਸੇ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ। ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਕਰਾਰ ਦੇ ਕੇ ਸਦਨ ’ਚ ਆਪਣੀ ਅਕੀਦਤ ਭੇਟ ਕੀਤੀ।

ਚੰਡੀਗੜ੍ਹ ਤੋਂ ਬਾਹਰ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਹੋਏ ਸੈਸ਼ਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਤਖ਼ਤਾਂ ਨਾਲ ਸਬੰਧਤ ਤਿੰਨੋਂ ਸ਼ਹਿਰਾਂ ਨੂੰ ਪਵਿੱਤਰ ਐਲਾਨਣ ਲਈ ਸਦਨ ’ਚ ਮਤਾ ਪੇਸ਼ ਕੀਤਾ ਜਿਸ ਨੂੰ ਸਮੁੱਚੇ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨੇ ਜਾਣ ਦੀਆਂ ਅਟਕਲਾਂ ਦਰਮਿਆਨ ਸਰਕਾਰ ਨੇ ਪਵਿੱਤਰ ਸ਼ਹਿਰ ਬਣਾਏ ਜਾਣ ਦਾ ਫ਼ੈਸਲਾ ਕੀਤਾ ਜਿਸ ਨਾਲ 24ਵਾਂ ਜ਼ਿਲ੍ਹਾ ਹੋਂਦ ’ਚ ਆਉਣ ਦੀ ਸੰਭਾਵਨਾ ਖ਼ਤਮ ਹੋ ਗਈ।

ਕਰੀਬ 63 ਵਰ੍ਹਿਆਂ ਮਗਰੋਂ ਚੰਡੀਗੜ੍ਹ ਦੀ ਹਦੂਦ ਤੋਂ ਬਾਹਰ ਵਿਧਾਨ ਸਭਾ ਦਾ ਇਜਲਾਸ ਹੋਇਆ। ਵਾਟਰ ਪਰੂਫ਼ ਟੈਂਟ ’ਚ ਹੋਏ ਇਜਲਾਸ ਦੌਰਾਨ ਅੱਜ ਵੈਰਾਗ ਅਤੇ ਬਲੀਦਾਨ ਦੀ ਗੂੰਜ ਪਈ। ਸਦਨ ਦੇ ਮਾਹੌਲ ’ਚ ਰੂਹਾਨੀ ਝਲਕ ਦੇਖਣ ਨੂੰ ਮਿਲੀ। ਪਵਿੱਤਰ ਸ਼ਹਿਰ ਐਲਾਨੇ ਜਾਣ ਦਾ ਮਤਾ ਪਾਸ ਹੋਣ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਇੱਥੋਂ ਦੇ ਭਾਈ ਜੈਤਾ ਜੀ ਯਾਦਗਾਰੀ ਪਾਰਕ ’ਚ ਆਰਜ਼ੀ ਵਿਧਾਨ ਸਭਾ ਬਣਾਈ ਗਈ ਸੀ ਜਿੱਥੇ ਅਲੌਕਿਕ ਖੰਡਾ ਵੀ ਮੌਜੂਦ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਕਿਹਾ ਕਿ ਸ਼ਰਧਾਲੂਆਂ ਦੀ ਲੰਮੀ ਸਮੇਂ ਤੋੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਤਿੰਨੋਂ ਤਖ਼ਤਾਂ ਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਨ੍ਹਾਂ ਸ਼ਹਿਰਾਂ ’ਚ ਮਾਸ, ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ। ਪਵਿੱਤਰ ਸ਼ਹਿਰਾਂ ਵਿੱਚ ਸਾਰੀਆਂ ਧਾਰਮਿਕ ਸੰਸਥਾਵਾਂ ’ਤੇ ਆਧਾਰਿਤ ਸਰਬ-ਧਰਮ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਹਰ ਧਰਮ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਬਹੁਪੱਖੀ ਵਿਕਾਸ ਲਈ ਸੂਬਾ ਸਰਕਾਰ ਬਜਟ ਵੀ ਦੇਵੇਗੀ ਅਤੇ ਕੇਂਦਰ ਸਰਕਾਰ ਤੋਂ ਵੀ ਫੰਡ ਲਏ ਜਾਣਗੇ। ਇਨ੍ਹਾਂ ਸ਼ਹਿਰਾਂ ਨੂੰ ਧਾਰਮਿਕ ਸੈਰ-ਸਪਾਟੇ ਵਜੋਂ ਵੀ ਵਿਕਸਤ ਕੀਤਾ ਜਾਵੇਗਾ।

ਵਿਸ਼ੇਸ਼ ਸੈਸ਼ਨ ਦੌਰਾਨ ਰਵਾਇਤੀ ਸਿਆਸੀ ਤਾਅਨੇ-ਮਿਹਣੇ ਤਾਂ ਗਾਇਬ ਰਹੇ ਪਰ ਸਿਆਸੀ ਖੜਾਕ ਕਿਤੇ ਨਾ ਕਿਤੇ ਹੁੰਦਾ ਰਿਹਾ। ਮੁੱਖ ਮੰਤਰੀ ਮਾਨ ਦਾ ਭਾਸ਼ਣ ਸ਼ਰਧਾ ਦੇ ਰੌਂਅ ਵਾਲਾ ਰਿਹਾ ਅਤੇ ਉਨ੍ਹਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੇ ਫ਼ਲਸਫ਼ੇ ਨੂੰ ਆਪਣੇ ਤਰੀਕੇ ਨਾਲ ਲੜੀ ’ਚ ਪਰੋ ਕੇ ਪੇਸ਼ ਕੀਤਾ। ਸਦਨ ’ਚ ਹਿੰਦੂ ਭਾਈਚਾਰੇ ਨਾਲ ਸਬੰਧਤ ਵਿਧਾਇਕਾਂ ਨੇ ਸਿਰਾਂ ’ਤੇ ਰੁਮਾਲ ਰੱਖ ਕੇ ਗੁਰੂ ਜੀ ਨੂੰ ਸ਼ਰਧਾ ਭੇਟ ਕੀਤੀ। ਸਦਨ ’ਚ ਦੂਸਰੇ ਸੂਬਿਆਂ ਦੇ ਮੁੱਖ ਮੰਤਰੀਆਂ ’ਚੋਂ ਕੋਈ ਵੀ ਨਜ਼ਰ ਨਹੀਂ ਆਇਆ; ਹਾਲਾਂਕਿ ਵਜ਼ੀਰਾਂ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਪ ਜਾ ਕੇ ਸਮਾਗਮਾਂ ਲਈ ਸੱਦੇ ਦਿੱਤੇ ਸਨ। ਮੁੱਖ ਮੰਤਰੀ ਖੁਦ ਰਾਸ਼ਟਰਪਤੀ ਨੂੰ ਸੱਦਾ ਦੇ ਕੇ ਆਏ ਸਨ। ਸਦਨ ਦੇ ਬਾਹਰ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਹਾਰ ਚੋਣਾਂ ’ਚ ਰੁੱਝੇ ਹੋਣ ਕਰਕੇ ਉਨ੍ਹਾਂ ਤੋਂ ਸਮਾਂ ਨਹੀਂ ਮਿਲਿਆ ਤੇ ਬਾਕੀ ਸੂਬਿਆਂ ’ਚੋਂ ਕਾਫ਼ੀ ਵਜ਼ੀਰ ਆਏ ਹਨ।

ਪੂਰੇ ਅੰਮਿ੍ਰਤਸਰ ਸ਼ਹਿਰ ਨੂੰ ਪਵਿੱਤਰ ਨਾ ਐਲਾਨਣ ’ਤੇ ਇਤਰਾਜ਼- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮਤਾ ਪੇਸ਼ ਹੋਣ ਮਗਰੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਪਵਿੱਤਰ ਸ਼ਹਿਰ ਦਾ ਐਲਾਨ ਗਲਿਆਰੇ ਤੱਕ ਹੀ ਸੀਮਤ ਕਿਉਂ ਹੈ ਅਤੇ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਿਉਂ ਨਹੀਂ ਐਲਾਨਿਆ। ਸਦਨ ਦੇ ਬਾਹਰ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਸੈਸ਼ਨ ’ਚ ਬੋਲਣ ਦਾ ਮੌਕਾ ਨਹੀਂ ਦਿੱਤਾ ਕਿਉਂਕਿ ਸਰਕਾਰ ਸੱਚ ਅਤੇ ਆਲੋਚਨਾ ਸੁਣਨ ਤੋਂ ਡਰਦੀ ਹੈ।

ਕੇਜਰੀਵਾਲ ਸਦਨ ’ਚ ਮੌਜੂਦ ਰਹੇ- ਸਦਨ ਦੀ ਗਵਰਨਰ ਗੈਲਰੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੁਨੀਤਾ ਕੇਜਰੀਵਾਲ, ਗਾਇਕ ਸਤਿੰਦਰ ਸਰਤਾਜ ਬਤੌਰ ਮਹਿਮਾਨ ਮੌਜੂਦ ਸਨ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਤ ਹੇਅਰ, ਰਾਜ ਕੁਮਾਰ ਚੱਬੇਵਾਲ, ਸੰਤ ਬਲਬੀਰ ਸਿੰਘ ਸੀਚੇਵਾਲ, ਵਿਕਰਮਜੀਤ ਸਿੰਘ ਸਾਹਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਸਮੇਤ ਹੋਰ ਕਈ ਮਹਾਪੁਰਸ਼ ਵੀ ਵਿਧਾਨ ਸਭਾ ’ਚ ਹਾਜ਼ਰ ਸਨ।

Related posts

ਕੈਨੇਡਾ: ਕਿਊਬਿਕ ਸਿਟੀ ‘ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲਾ ਇਕ ਵਿਅਕਤੀ ਗ੍ਰਿਫਤਾਰ, 2 ਦੀ ਮੌਤ, 5 ਜ਼ਖ਼ਮੀ

On Punjab

ਨਾਗਰਿਕਾਂ ਨੂੰ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਆਪਣੀ ਜ਼ਿੰਮੇਵਾਰੀ ਸਮਝਣੀ ਜ਼ਰੂਰੀ: ਸੁਪਰੀਮ ਕੋਰਟ

On Punjab

Sonia Gandhi: ਕੇਂਦਰੀ ਮੰਤਰੀ ਨੇ ਕਿਹਾ – 2004 ‘ਚ ਸੋਨੀਆ ਗਾਂਧੀ ਨੂੰ ਬਣਨਾ ਚਾਹੀਦਾ ਸੀ ਪੀਐੱਮ, ਜਾਣੋ – ਕੀ ਦਿੱਤਾ ਤਰਕ

On Punjab